Punjab

ਨਿਹੰਗ ਸਿੰਘਾਂ ਵੱਲੋਂ ਕੱਢੇ ਮਹੱਲੇ ਨਾਲ ਹੋਲਾ ਮਹੱਲਾ ਸਮਾਪਤ

ਇੱਥੇ ਅੱਜ ਹੋਲੇ ਮਹੱਲੇ ਮੌਕੇ ਇਤਿਹਾਸਕ ਚਰਨ ਗੰਗਾ ਸਟੇਡੀਅਮ ਵਿੱਚ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਵੱਲੋਂ ਕੱਢੇ ਗਏ ਮਹੱਲੇ ਵਿੱਚ ਜੰਗਜੂਆਂ ਨੇ ਆਪਣੇ ਕਰਤਬਾਂ ਨਾਲ ਸਭ ਦਾ ਮਨ ਮੋਹ ਲਿਆ। ਇਹ ਮਹੱਲਾ ਅੱਜ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ।
ਇੱਕ ਅਨੁਮਾਨ ਮੁਤਾਬਕ ਹੁਣ ਤੱਕ 20 ਲੱਖ ਤੋਂ ਵੱਧ ਸੰਗਤ ਨੇ ਇੱਥੇ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਗੁਰ ਘਰਾਂ ਵਿੱਚ ਹਾਜ਼ਰੀ ਲਗਵਾਈ। ਬੀਤੇ ਛੇ ਦਿਨਾਂ ਤੋਂ ਖਾਲਸਾ ਨਗਰੀ ਸ੍ਰੀ ਆਨੰਦਪੁਰ ਸਾਹਿਬ ਨੀਲੇ ਤੇ ਕੇਸਰੀ ਬਾਣਿਆਂ ਵਿੱਚ ਪੁੱਜੀ ਸੰਗਤ ਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਝ ਹੇਠ ਖਾਲਸਈ ਰੰਗ ਵਿੱਚ ਰੰਗੀ ਰਹੀ।
ਮੰਗਲਵਾਰ ਸਵੇਰੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਣੇ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਅਖੰਡ ਪਾਠ ਦੇ ਭੋਗ ਪਾਏ ਗਏ। ਮਗਰੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਫਸੀਲ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਨਿਹੰਗ ਮੁਖੀ, ਬਾਬਾ ਹਰਨਾਮ ਸਿੰਘ ਖਾਲਸਾ ਦਮਦਮੀ ਟਕਸਾਲ ਵਾਲੇ ਆਦਿ ਨੇ ਸੰਬੋਧਨ ਕੀਤਾ। ਅੱਜ ਨਿਹੰਗ ਸਿੰਘਾਂ ਵੱਲੋਂ ਸੈਂਕੜੇ ਹਾਥੀਆਂ, ਘੋੜਿਆਂ, ਊਠਾਂ ’ਤੇ ਸਵਾਰ ਹੋ ਕੇ ਅਤੇ ਦਲ ਪੰਥ ਦੇ ਨਿਸ਼ਾਨ ਲੈ ਕੇ ਮਹੱਲਾ ਕੱਢਿਆ ਗਿਆ। ਦਹਾਕਿਆਂ ਬਾਅਦ ਜ਼ਿਲ੍ਹਾ ਰੂਪਨਗਰ ਦੀ ਡੀਸੀ ਡਾ.ਪ੍ਰੀਤੀ ਯਾਦਵ ਅਤੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਵਿੱਚ ਲੱਖਾਂ ਦੀ ਗਿਣਤੀ ਵਿੱਚ ਪਹੁੰਚੀ ਸੰਗਤ ਨੇ ਖੁੱਲ੍ਹ ਕੇ ਰੰਗ ਸੁੱਟਿਆ ਅਤੇ ਗੁਲਾਲ਼ ਦੀ ਵਰਤੋਂ ਕੀਤੀ। ਸੰਗਤ ਲਈ ਇਸ ਵਾਰ ਵਿਰਾਸਤ-ਏ-ਖਾਲਸਾ ਅਤੇ ਪੰਜ ਪਿਆਰਾ ਪਾਰਕ ਖਾਸ ਖਿੱਚ ਦਾ ਕੇਂਦਰ ਰਹੇ। ਇੱਥੇ ਹੀ ਬੱਸ ਨਹੀਂ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਤਹਿਤ ਹਾਟ ਏਅਰ ਬੈਲੂਨ, ਵਾਟਰ ਬੋਟਿੰਗ ਆਦਿ ਸ਼ਰਧਾਲੂਆਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਸੀ।

Show More

Related Articles

Leave a Reply

Your email address will not be published. Required fields are marked *

Close