Canada

ਵਿਜ਼ਟਰ ਵੀਜ਼ਾ ਦੀਆਂ ਸ਼ਰਤਾਂ ਵਿਚ ਢਿੱਲ ਦੇਣੀ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਨੂੰ ਪਈ ਮਹਿੰਗੀ

ਵਿਜ਼ਟਰ ਵੀਜ਼ਾ ਦੀਆਂ ਸ਼ਰਤਾਂ ਵਿਚ ਢਿੱਲ ਦੇਣੀ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਨੂੰ ਸੰਭਾਵਤ ਤੌਰ ’ਤੇ ਮਹਿੰਗੀ ਪਈ ਅਤੇ ਹੁਣ ਇਸ ਦੇ ਅਣਕਿਆਸੇ ਸਿੱਟੇ ਸਾਹਮਣੇ ਆ ਰਹੇ ਹਨ। ‘ਟੋਰਾਂਟੋ ਸਟਾਰ’ ਵੱਲੋਂ ਸਰਕਾਰੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਪ੍ਰਕਾਸ਼ਤ ਰਿਪੋਰਟ ਕਹਿੰਦੀ ਹੈ ਕਿ ਸਪੈਸ਼ਲ ਪ੍ਰੋਗਰਾਮ ਦੌਰਾਨ ਵਿਜ਼ਟਰ ਵੀਜ਼ਾ ਹਾਸਲ ਕਰਨ ਵਾਲੇ 152,400 ਜਣਿਆਂ ਵਿਚੋਂ 19,400 ਨੇ ਕੈਨੇਡਾ ਵਿਚ ਪਨਾਹ ਦਾ ਦਾਅਵਾ ਪੇਸ਼ ਕਰ ਦਿਤਾ। ਸਿਰਫ ਇਥੇ ਹੀ ਬੱਸ ਨਹੀਂ ਸੁਪਰ ਵੀਜ਼ਾ ’ਤੇ ਆਏ ਕੁਝ ਵਿਦੇਸ਼ੀ ਨਾਗਰਿਕ ਵੀ ਪੱਕੇ ਤੌਰ ’ਤੇ ਇਥੇ ਰਹਿਣਾ ਚਾਹੁੰਦੇ ਹਨ।

ਪਨਾਹ ਦੇ ਦਾਅਵਿਆਂ ਵਿਚ ਹੋਇਆ ਮੋਟਾ ਵਾਧਾ
ਇੰਮੀਗ੍ਰੇਸ਼ਨ ਮਾਹਰਾਂ ਮੁਤਾਬਕ ਇਹ ਅੰਕੜਾ ਬਹੁਤ ਜ਼ਿਆਦਾ ਬਣਦਾ ਹੈ ਕਿਉਂਕਿ 2019 ਤੱਕ 57 ਲੱਖ ਟੈਂਪਰੇਰੀ ਰੈਜ਼ੀਡੈਂਟ ਵੀਜ਼ੇ ਜਾਰੀ ਕੀਤੇ ਗਏ ਜਿਨ੍ਹਾਂ ਵਿਚੋਂ 58,378 ਨੇ ਮੁਲਕ ਵਿਚ ਪਨਾਹ ਮੰਗੀ। ਇਸ ਅੰਕੜੇ ਵਿਚ ਇੰਟਰਨੈਸ਼ਨਲ ਸਟੂਡੈਂਟ, ਵਿਦੇਸ਼ੀ ਕਾਮੇ ਅਤੇ ਅਮਰੀਕਾ ਦੇ ਰਸਤੇ ਦਾਖਲ ਹੋਏ ਗੈਰਕਾਨੂੰਨੀ ਪ੍ਰਵਾਸੀ ਵੀ ਸ਼ਾਮਲ ਸਨ ਜਿਸ ਦੇ ਮੱਦੇਨਜ਼ਰ ਵਿਜ਼ਟਰ ਵੀਜ਼ਾ ’ਤੇ ਆਏ ਲੋਕਾਂ ਵੱਲੋਂ ਪਨਾਹ ਮੰਗਣ ਦਾ ਅੰਕੜਾ ਜ਼ਿਆਦਾ ਨਹੀਂ ਬਣਦਾ। ਕੈਨੇਡਾ ਵਿਚ 2023 ਦੌਰਾਨ ਇਕ ਲੱਖ 38 ਹਜ਼ਾਰ ਅਸਾਇਲਮ ਕਲੇਮ ਦਾਖਲ ਕੀਤੇ ਗਏ ਜਿਨ੍ਹਾਂ ਵਿਜ਼ਟਰ ਵੀਜ਼ਾ ਵਾਲੇ ਤਕਰੀਬਨ 14 ਫੀ ਸਦੀ ਬਣਦੇ ਹਨ। ਇਹ ਅੰਕੜਾ ਹੋਰ ਵਧਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿਉਂਕਿ ਵੀਜ਼ਾ ਐਕਸਪਾਇਰ ਹੋਣ ਦੀ ਸੂਰਤ ਵਿਚ ਹੋਰ ਜ਼ਿਆਦਾ ਵਿਦੇਸ਼ੀ ਨਾਗਰਿਕ ਰਫਿਊਜੀ ਕਲੇਮ ਦਾਇਰ ਕਰਨਗੇ। ਕੈਲਗਰੀ ਦੇ ਇੰਮੀਗ੍ਰੇਸ਼ਨ ਵਕੀਲ ਰਾਜ ਸ਼ਰਮਾ ਨੇ ਦੱਸਿਆ ਕਿ ਵਿਜ਼ਟਰ ਵੀਜ਼ਾ ਦਾ ਸਪੈਸ਼ਲ ਪ੍ਰੋਗਰਾਮ ਦਸੰਬਰ ਵਿਚ ਖਤਮ ਹੋ ਗਿਆ ਅਤੇ ਇਸ ਤਹਿਤ ਛੇ ਮਹੀਨੇ ਦਾ ਵੀਜ਼ਾ ਦਿਤਾ ਜਾਂਦਾ ਸੀ। ਆਉਣ ਵਾਲੇ ਦਿਨਾਂ ਵਿਚ ਹਜ਼ਾਰਾਂ ਵਿਦੇਸ਼ੀਆਂ ਦੇ ਵੀਜ਼ੇ ਖਤਮ ਹੋਣਗੇ ਅਤੇ ਅਸਾਇਲਮ ਦੇ ਦਾਅਵਿਆਂ ਵਿਚ ਮੋਟਾ ਵਾਧਾ ਹੋ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Close