International

ਅਮਰੀਕਾ ‘ਚ ਕੋਰੋਨਾ ਦੇ ਮਰੀਜ਼ ਨੂੰ ਭੇਜਿਆ 11 ਲੱਖ ਡਾਲਰ ਦਾ ਬਿੱਲ

ਅਮਰੀਕਾ ‘ਚ ਕੋਰੋਨਾ ਵਾਇਰਸ ਨੂੰ ਮਾਤ ਦੇਣ ਵਾਲੇ ਇਕ ਬਜ਼ੁਰਗ ਨੂੰ ਹਸਪਤਾਲ ਨੇ 11 ਲੱਖ ਡਾਲਰ ਦਾ ਬਿੱਲ ਭੇਜ ਕੇ ਜ਼ੋਰ ਦਾ ਝਟਕਾ ਦਿੱਤਾ ਹੈ। ਹਾਲਾਂਕਿ, ਬਜ਼ੁਰਗ ਕੋਲ ਸਿਹਤ ਬੀਮਾ ਹੈ, ਇਸ ਲਈ ਉਸ ਨੂੰ ਇਸ ਰਕਮ ਦਾ ਭੁਗਤਾਨ ਨਹੀਂ ਕਰਨਾ ਪਵੇਗਾ। ਸਿਆਟਲ ਦੇ ਇਸਾਕਵਾਹ ਵਿਚ 70 ਸਾਲਾਂ ਦੇ ਮਾਈਕਲ ਫਲੋਰ ਨੂੰ ਸਵੀਡਿਸ਼ ਮੈਡੀਕਲ ਸੈਂਟਰ ਵਿਚ ਭਰਤੀ ਕਰਵਾਇਆ ਗਿਆ ਸੀ। ਉਹ 62 ਦਿਨ ਹਸਪਤਾਲ ਵਿਚ ਰਹੇ। ਇਲਾਜ ਦੌਰਾਨ ਡਾਕਟਰਾਂ ਨੇ ਉਨ੍ਹਾਂ ਦੇ ਬਚਣ ਦੀ ਉਮੀਦ ਛੱਡ ਦਿੱਤੀ ਸੀ। ਹਸਪਤਾਲ ਨੇ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਨਾਲ ਉਨ੍ਹਾਂ ਦੀ ਆਖਰੀ ਗੱਲ ਵੀ ਕਰਵਾ ਦਿੱਤੀ ਸੀ ਪ੍ਰੰਤੂ ਉਸ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ। ਸਿਆਟਲ ਟਾਈਮਜ਼ ਮੁਤਾਬਿਕ ਹਸਪਤਾਲ ਨੇ ਫਲੋਰ ਨੂੰ 11 ਲੱਖ ਡਾਲਰ (ਕਰੀਬ 8.14 ਕਰੋੜ ਰੁਪਏ) ਦਾ ਬਿੱਲ ਭੇਜਿਆ ਹੈ। ਅਖ਼ਬਾਰ ਨੂੰ ਫਲੋਰ ਨੇ ਕਿਹਾ ਕਿ ਉਸ ਨੇ ਜਦੋਂ ਹਸਪਤਾਲ ਤੋਂ ਮਿਲਿਆ ਲਿਫ਼ਾਫ਼ਾ ਖੋਲ੍ਹਿਆ ਤਾਂ ਉਸ ਦਾ ਸਾਹ ਰੁੱਕ ਗਿਆ।
ਫਲੋਰ ਕੋਰੋਨਾ ਦੇ ਇਲਾਜ ਲਈ ਹਸਪਤਾਲ ਵਿਚ ਸਭ ਤੋਂ ਜ਼ਿਆਦਾ ਸਮੇਂ ਤਕ ਰਹਿਣ ਵਾਲੇ ਮਰੀਜ਼ ਹਨ। ਹਾਲਾਂਕਿ, ਹੋ ਸਕਦਾ ਹੈ ਕਿ ਉਸ ਨੂੰ ਹਸਪਤਾਲ ਦਾ ਬਿੱਲ ਨਾ ਭਰਨਾ ਪਵੇ ਕਿਉਂਕਿ ਉਸ ਕੋਲ ਸਿਹਤ ਬੀਮਾ ਹੈ। ਅਮਰੀਕੀ ਸੰਸਦ ਨੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਨਾਲ ਜੁੜੇ ਨਿਯਮਾਂ ਵਿਚ ਬਦਲਾਅ ਕੀਤਾ ਸੀ। ਇਸ ਨਾਲ ਉਸ ਦੇ ਇਲਾਜ ‘ਤੇ ਹੋਏ ਖ਼ਰਚ ਦਾ ਭੁਗਤਾਨ ਸਰਕਾਰ ਕਰੇਗੀ ਪ੍ਰੰਤੂ ਉਸ ਨੂੰ ਬਿੱਲ ਦੀ ਰਕਮ ਦੇ ਇਕ ਫ਼ੀਸਦੀ ਦਾ ਭੁਗਤਾਨ ਕਰਨਾ ਪਵੇਗਾ। ਫਲੋਰ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਮਾਤ ਦੇਣ ਲਈ ਉਹ ਖ਼ੁਦ ਹੈਰਾਨ ਸਨ ਪ੍ਰੰਤੂ ਜਦੋਂ ਹਸਪਤਾਲ ਦਾ ਬਿੱਲ ਉਸ ਦੇ ਸਾਹਮਣੇ ਆਇਆ ਤਾਂ ਉਹ ਸੋਚਣ ਲੱਗੇ ਕਿ ਉਹ ਜ਼ਿੰਦਾ ਕਿਉਂ ਬੱਚ ਗਏ।

Show More

Related Articles

Leave a Reply

Your email address will not be published. Required fields are marked *

Close