Canada

ਕੈਨੇਡਾ: ਡੱਗ ਫੋਰਡ ਨੇ ਆਪਣੇ ਪਹਿਲੇ ਹੀ ਬਜਟ ਵਿੱਚ ਚਿਲਡਰਨ, ਕਮਿਊਨਿਟੀ ਐਂਡ ਸੋਸ਼ਲ ਸਰਵਿਿਸਜ਼ ਮੰਤਰਾਲੇ ਤੋਂ ਇੱਕ ਬਿਲੀਅਨ ਡਾਲਰ ਖੋਹਿਆ

ਕੁਈਨਜ਼ ਪਾਰਕ, ਡੱਗ ਫੋਰਡ ਨੇ ਆਪਣੇ ਪਹਿਲੇ ਹੀ ਬਜਟ ਵਿੱਚ ਚਿਲਡਰਨ, ਕਮਿਊਨਿਟੀ ਐਂਡ ਸੋਸ਼ਲ ਸਰਵਿਸਿਜ਼ ਮੰਤਰਾਲੇ ਤੋਂ ਇੱਕ ਬਿਲੀਅਨ ਡਾਲਰ ਖੋਹ ਲਿਆ। ਐਨਡੀਪੀ ਐਮਪੀਪੀ ਲੀਜ਼ਾ ਗ੍ਰੈਟਜ਼ਕੀ (ਵਿੰਡਸਰ ਵੈਸਟ) ਤੇ ਮੌਨਿਕਾ ਟੇਲਰ (ਹੈਮਿਲਟਨ ਮਾਊਨਟੇਨ) ਦਾ ਕਹਿਣਾ ਹੈ ਕਿ ਅਪਾਹਜ ਵਿਅਕਤੀਆਂ ਤੇ ਆਟੀਜ਼ਮ ਤੋਂ ਪ੍ਰਭਾਵਿਤ ਬੱਚਿਆਂ ਦੇ ਮਾਪਿਆਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਇਸ ਦਾ ਕੀ ਮਤਲਬ ਹੈ।
ਓਨਟਾਰੀਓ ਆਟੀਜ਼ਮ ਪ੍ਰੋਗਰਾਮ ਆਟੀਜ਼ਮ ਤੋਂ ਪ੍ਰਭਾਵਿਤ ਬੱਚਿਆਂ ਲਈ ਮਦਦ ਮੁਹੱਈਆ ਕਰਵਾਉਂਦਾ ਹੈ, ਸਪੈਸ਼ਲ ਸਰਵਿਸਿਜ਼ ਐਟ ਹੋਮ ਪ੍ਰੋਗਰਾਮ ਤਹਿਤ ਅਜਿਹੇ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਬੱਚੇ ਆਟੀਜ਼ਮ ਸਮੇਤ ਕਿਸੇ ਹੋਰ ਤਰ੍ਹਾਂ ਦੀ ਅਪਾਹਜਤਾ ਦਾ ਸਿ਼ਕਾਰ ਹਨ। ਅਜਿਹੇ ਬੱਚਿਆਂ ਦਾ ਘਰਾਂ ਵਿੱਚ ਹੀ ਧਿਆਨ ਰੱਖਿਆ ਜਾਂਦਾ ਹੈ। ਇਸ ਤੋਂ ਇਲਾਵਾ ਪਾਸਪੋਰਟ ਪ੍ਰੋਗਰਾਮ ਤੇ ਦ ਓਨਟਾਰੀਓ ਡਿਸਐਬਿਲਿਟੀ ਸਪੋਰਟ ਪ੍ਰੋਗਰਾਮ ਅਪਾਹਜ ਬਾਲਗਾਂ ਦੀ ਮਦਦ ਲਈ ਬਣਿਆ ਹੈ। ਫੋਰਡ ਦੇ ਬਜਟ ਵਿੱਚ ਇਹ ਸਪਸ਼ਟ ਨਹੀਂ ਹੈ ਕਿ ਇੱਕ ਬਿਲੀਅਨ ਡਾਲਰ ਦੀ ਕਟੌਤੀ ਨਾਲ ਇਨ੍ਹਾਂ ਪ੍ਰੋਗਰਾਮਾਂ ਉੱਤੇ ਕਿਹੋ ਜਿਹਾ ਅਸਰ ਪਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਸਪੈਸ਼ਲ ਸਰਵਿਸਿਜ਼ ਐਟ ਹੋਮ ਦੀ ਸੂਚੀ ਉੱਤੇ ਮਦਦ ਰੋਕ ਲਈ ਗਈ ਹੈ।
ਟੇਲਰ ਨੇ ਆਖਿਆ ਕਿ ਸਪੈਸ਼ਲ ਸਰਵਿਸਿਜ਼ ਐਟ ਹੋਮ ਤਹਿਤ ਮਾਪੇ ਅਪਾਹਜਤਾ ਦਾ ਸਾਹਮਣਾ ਕਰ ਰਹੇ ਆਪਣੇ ਬੱਚਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਸਕਦੇ ਹਨ। ਪਰ ਫੋਰਡ ਸਰਕਾਰ ਦੇ ਕਾਰਜਕਾਲ ਵਿੱਚ ਇਨ੍ਹਾਂ ਮਾਪਿਆਂ ਨੂੰ ਅਜੇ ਹੋਰ ਕੀ ਕੁੱਝ ਵੇਖਣਾ ਪਵੇਗਾ ਇਸ ਬਾਰੇ ਕੁੱਝ ਨਹੀਂ ਆਖਿਆ ਜਾ ਸਕਦਾ। ਇੱਥੋਂ ਤੱਕ ਕਿ ਆਟੀਜ਼ਮ ਪ੍ਰੋਗਰਾਮ ਵਿੱਚ ਵੀ ਕਟੌਤੀ ਕੀਤੀ ਗਈ ਹੈ ਤੇ ਅਜਿਹੇ ਪਰਿਵਾਰਾਂ ਨੂੰ ਇਸ ਨਾਲ ਵੱਡਾ ਝਟਕਾ ਲੱਗਿਆ ਹੈ। ਅਜਿਹੇ ਪਰਿਵਾਰਾਂ ਨੂੰ ਦੱਸਣਾ ਕਿ ਹੁਣ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮਦਦ ਨਹੀਂ ਮਿਲੇਗੀ ਤੇ ਜੋ ਕੁੱਝ ਹੈ ਉਹ ਉਨ੍ਹਾਂ ਨੂੰ ਆਪਣੇ ਆਪ ਹੀ ਕਰਨਾ ਹੋਵੇਗਾ ਇਹ ਬਹੁਤ ਹੀ ਬੇਕਿਰਕਾ ਹੈ। ਫੋਰਡ ਦੇ ਕਾਰਜਕਾਲ ਵਿੱਚ ਬਦ ਤੋਂ ਬਦਤਰ ਹੋ ਰਹੀਆਂ ਸਮੱਸਿਆਵਾਂ ਦੀ ਸ਼ੁਰੂਆਤ ਅਸਲ ਵਿੱਚ ਕੈਥਲੀਨ ਵਿੰਨ ਦੇ ਸਮੇਂ ਤੋਂ ਹੋਈ। ਜਨਵਰੀ 2018 ਵਿੱਚ ਐਸਐਸਏਐਚ ਫੰਡਿੰਗ ਖਤਮ ਕਰ ਦਿੱਤੀ ਗਈ ਤੇ ਇਸ ਸਬੰਧੀ ਲਿਸਟ ਰੋਕ ਦਿੱਤੀ ਗਈ। ਹੁਣ ਇੱਕ ਬਿਲੀਅਨ ਡਾਲਰ ਦੀ ਕਟੌਤੀ ਨਾਲ ਪਰਿਵਾਰਾਂ ਨੂੰ ਇਸ ਗੱਲ ਦਾ ਡਰ ਹੈ ਕਿ ਜਿਸ ਮਦਦ ਦੀ ਉਹ ਉਡੀਕ ਕਰ ਰਹੇ ਹਨ ਉਹ ਉਨ੍ਹਾਂ ਨੂੰ ਹੁਣ ਕਦੇ ਵੀ ਨਹੀਂ ਮਿਲੇਗੀ। ਇਸ ਤੋਂ ਪਹਿਲਾਂ ਫੋਰਡ ਤੇ ਮੰਤਰੀ ਲੀਜ਼ਾ ਮੈਕਲਿਓਡ ਵੱਲੋਂ ਓਨਟਾਰੀਓ ਦੇ ਆਟੀਜ਼ਮ ਪ੍ਰੋਗਰਾਮ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਇਸ ਨਾਲ ਕਿਸੇ ਬੱਚੇ ਦੀ ਕਿਹੋ ਜਿਹੀ ਵੀ ਲੋੜ ਹੋਵੇ ਉਸ ਨੂੰ ਮਿਲਣ ਵਾਲੀ ਆਰਥਿਕ ਸਹਾਇਤਾ ਉਮਰ ਨਾਲ ਜੋੜ ਦਿੱਤੀ ਗਈ ਹੈ।
ਗ੍ਰੈਟਜ਼ਕੀ ਨੇ ਆਖਿਆ ਕਿ ਲੋਕ ਹਨ੍ਹੇਰੇ ਵਿੱਚ ਹਨ ਕਿ ਉਨ੍ਹਾਂ ਨਾਲ ਹੁਣ ਕੀ ਬਣੇਗਾ। ਉਨ੍ਹਾਂ ਨੂੰ ਇਹ ਵੀ ਸਮਝ ਨਹੀਂ ਆ ਰਹੀ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮਦਦ ਮਿਲੇਗੀ ਵੀ ਜਾਂ ਨਹੀਂ, ਜੇ ਮਿਲੇਗੀ ਤਾਂ ਕਿਹੋ ਜਿਹੀ।

Show More

Related Articles

Leave a Reply

Your email address will not be published. Required fields are marked *

Close