International

ਪ੍ਰੋਸੂਸ ਮੀਟ ਦੀ ਫੈਕਟਰੀ,ਵੇਸਕੋਵਾਤੋ,ਕਰੇਮੋਨਾ ਵਾਲੇ ਕੰਮ ਤੋਂ ਕੱਢੇ ਵਰਕਰਾਂ ਵੱਲੋਂ “ਮਜ਼ਦੂਰ ਦਿਵਸ” ‘ਤੇ ਕੀਤਾ ਗਿਆ ਰੋਸ ਪ੍ਰਦਰਸ਼ਨ

ਕਰੇਮੋਨਾ ਇਟਲੀ(ਗੁਰਸ਼ਰਨ ਸਿੰਘ ਸੋਨੀ) ਉੱਤਰੀ ਇਟਲੀ ਦੇ ਕਰਮੋਨਾ ਜ਼ਿਲ੍ਹੇ ਦੇ ਕਸਬਾ
ਵੇਸਕੋਵਾਤੋ ਵਿਖੇ ਸਥਿਤ ਪ੍ਰੋਸੂਸ ਮੀਟ ਦੀ ਫੈਕਟਰੀ ਵਿੱਚੋਂ ਕੱਢੇ ਗਏ ਪੰਜਾਬੀ ਵਰਕਰਾਂ
ਜੋ ਕਿ ਪਿਛਲੇ ਸੱਤ ਮਹੀਨੇ ਤੋਂ ਫੈਕਟਰੀ ਵਿਖੇ ਧਰਨੇ ਤੇ ਬੈਠੇ ਹੋਏ ਸਨ। ਉਹਨਾਂ ਵੱਲੋਂ
ਬੀਤੀ 1 ਮਈ ਨੂੰ ਕੌਮਾਂਤਰੀ ਮਜ਼ਦੂਰ ਦਿਵਸ ਦੇ ਮੌਕੇ ਤੇ ਕਰੇਮੋਨਾ ਸ਼ਹਿਰ ਦੇ ਕੋਨਫੀਨ
ਇੰਦੂਸਤਰੀਆ ਅਤੇ ਬਾਅਦ ਵਿੱਚ ਪਿਆਸਾ ਰੋਮਾਂ ਵਿਖੇ ਸ਼ਾਂਤਮਈ ਤਰੀਕੇ ਨਾਲ 10 ਵਜੇ ਤੋਂ
12 ਵਜੇ ਤੱਕ ਯੂ.ਐਸ.ਬੀ ਸੰਸਥਾ ਦੇ ਝੰਡੇ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ
ਇਹਨਾਂ ਵੀਰਾਂ ਦੇ ਹੱਕ ਵਿੱਚ ਇਟਾਲੀਅਨ ਭਾਈਚਾਰੇ ਨੇ ਵੀ ਸ਼ਮੂਲੀਅਤ ਕੀਤੀ ਅਤੇ ਸਰਕਾਰੀ
ਅਦਾਰੇ ਦੇਗੋਸ ਦੇ ਕਰਮਚਾਰੀ ਵੀ ਮੌਜੂਦ ਸਨ। ਇਸ ਮੌਕੇ ਬੀਤੇ ਦਿਨੀ ਇਟਲੀ ਦੇ ਫਿਰੈਂਸੇ
ਸ਼ਹਿਰ ਵਿੱਚ ਇੱਕ ਬਿਲਡਿੰਗ ਦਾ ਨਿਰਮਾਣ ਕਰਦੇ ਸਮੇਂ ਮਾਰੇ ਗਏ ਤਿੰਨ ਮਜ਼ਦੂਰਾਂ ਨੂੰ
ਵੀ ਸ਼ਰਧਾਂਜਲੀ ਦਿੱਤੀ ਗਈ। ਵਰਕਰਾਂ ਵੱਲੋਂ ਇੱਕ ਨਾਟਕੀ ਝਾਕੀ ਦੇ ਤੌਰ ਤੇ ਕਰਮਚਾਰੀਆਂ
ਨੂੰ ਮਰੇ ਹੋਏ ਵੀ ਦਿਖਾਇਆ ਗਿਆ ਅਤੇ ਸ਼ਰਧਾਂਜਲੀ ਰੂਪੀ ਫੁੱਲ ਵੀ ਭੇਂਟ ਕੀਤੇ ਗਏ।
ਇਹਨਾਂ ਵਰਕਰਾਂ ਵੱਲੋਂ ਇਟਾਲੀਅਨ ਇੰਡੀਅਨ ਪ੍ਰੈਸ ਕਲੱਬ ਨੂੰ ਜਾਣਕਾਰੀ ਦਿੰਦਿਆਂ ਦੱਸਿਆ
ਗਿਆ ਕਿ ਇਹਨਾਂ ਦੀ ਸੰਸਥਾ ਹਮੇਸ਼ਾ “ਸਿਸਤੇਮਾ ਦੀ ਅਪਾਲਤੀ” ਦਾ ਵਿਰੋਧ ਕਰਦੀ ਆ ਰਹੀ
ਹੈ। ਜਿਸ ਵਿੱਚ ਕਿ ਕੋਪਰਤੀਵਾ ਬਣਾ ਕੇ ਮਜ਼ਦੂਰਾਂ ਨੂੰ ਘੱਟ ਮਿਹਨਤਾਨਾ ਦਿੱਤਾ ਜਾਂਦਾ
ਹੈ ਅਤੇ ਉਹਨਾਂ ਦੀ ਸੁਰੱਖਿਆ ਵਿੱਚ ਵੀ ਕਮੀਆਂ ਰਹਿੰਦੀਆਂ ਹਨ। ਜਿਸ ਕਾਰਨ ਬਹੁਤ ਸਾਰੇ
ਮਜ਼ਦੂਰ ਆਪਣੀ ਜਾਨ ਗਵਾਅ ਬੈਠਦੇ ਹਨ ਜਾਂ ਉਹਨਾਂ ਦੇ ਸਰੀਰਕ ਅੰਗਾਂ ਦਾ ਨੁਕਸਾਨ ਹੁੰਦਾ
ਹੈ। ਇਸੇ ਤਰ੍ਹਾਂ ਹੀ ਪ੍ਰੋਸੂਸ ਫੈਕਟਰੀ ਵਿੱਚ ਪਿਛਲੇ 20 ਸਾਲਾਂ ਤੋਂ ਕੰਮ ਕਰਦੇ ਆ
ਰਹੇ ਵਰਕਰਾਂ ਦੇ ਲੱਕ ਅਤੇ ਮੋਢਿਆਂ ਵਿੱਚ ਵੀ ਸਮੱਸਿਆਵਾਂ ਆਈਆਂ ਹਨ। ਉਹਨਾਂ ਨੇ ਆਪਣੀ
ਜਿੰਦਗੀ ਆਪਣੀ ਸਿਹਤ ਇਸ ਕੰਮ ਨੂੰ ਦਿੱਤੀ ਹੈ,ਲੇਕਿਨ ਹੁਣ ਫੈਕਟਰੀ ਆਪਣੇ ਆਪ ਨੂੰ
ਦਿਵਾਲੀਆ ਦਿਖਾ ਕੇ ਇਹਨਾਂ ਸਾਰੇ ਬੰਦਿਆਂ ਨੂੰ ਕੰਮ ਤੋਂ ਕੱਢ ਕੇ ਇਹਨਾਂ ਦੇ ਹੱਕਾਂ
‘ਤੇ ਡਾਕਾ ਮਾਰਨਾ ਚਾਹੁੰਦੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਉਹ ਪਿਛਲੇ
ਸੱਤ ਮਹੀਨਿਆਂ ਤੋਂ ਧਰਨੇ ਤੇ ਬੈਠ ਕੇ ਵਿਰੋਧ ਕਰ ਰਹੇ ਸਨ ਹੁਣ ਵੀ ਉਹ ਲਗਾਤਾਰ ਇਸ ਗੱਲ
ਦਾ ਵਿਰੋਧ ਕਰਦੇ ਹਨ ਅਤੇ ਆਖਰੀ ਜਿੱਤ ਤੱਕ ਭਵਿੱਖ ਵਿੱਚ ਵੀ ਵਿਰੋਧ ਕਰਦੇ ਰਹਿਣਗੇ।
ਜਦੋਂ ਤੱਕ ਕੇ ਫੈਕਟਰੀ ਮਾਲਕਾਂ ਨੂੰ ਇਹ ਗੱਲ ਸਮਝ ਵਿੱਚ ਨਹੀਂ ਆ ਜਾਂਦੀ।

Show More

Related Articles

Leave a Reply

Your email address will not be published. Required fields are marked *

Close