International

ਮਾਮਲਾ ਯੁਕਰੇਨ ਨਾਲ ਜੰਗ ਵਿੱਚ ਰੂਸ ਦੇ ਸਮਰਥਨ ਦਾ-  ਅਮਰੀਕਾ ਨੇ ਚੀਨ ਤੇ ਹਾਂਗਕਾਂਗ ਦੀਆਂ ਇਕ ਦਰਜ਼ਨ ਕੰਪਨੀਆਂ ਉਪਰ ਲਾਈਆਂ ਪਾਬੰਦੀਆਂ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਅਮਰੀਕਾ ਨੇ ਯੁਕਰੇਨ ਨਾਲ ਜੰਗ ਵਿੱਚ ਰੂਸ ਦਾ ਸਮਰਥਨ ਕਰਨ ਕਾਰਨ ਚੀਨ ਤੇ  ਹਾਂਗਕਾਂਗ ਦੀਆਂ ਇਕ ਦਰਜ਼ਨ ਕੰਪਨੀਆਂ ਉਪਰ ਪਾਬੰਦੀਆਂ ਲਾ ਦਿੱਤੀਆਂ ਹਨ। ਇਹ ਪਾਬੰਦੀਆਂ ਬੀਤੇ ਦਿਨ ਅਮਰੀਕਾ ਵੱਲੋਂ ਐਲਾਨੀਆਂ ਤਕਰੀਬਨ 300 ਨਵੀਆਂ ਪਾਬੰਦੀਆਂ ਦਾ ਹਿੱਸਾ ਹਨ। ਇਸ ਤੋਂ ਪਹਿਲਾਂ ਖਜ਼ਾਨਾ ਸਕੱਤਰ  ਜੈਨਟ ਯੈਲਨ ਤੇ ਵਿਦੇਸ਼ ਮੰਤਰੀ ਐਨਟਨੀ ਬਲਿੰਕਨ ਸਮੇਤ ਅਮਰੀਕਾ ਦੇ ਚੋਟੀ ਦੇ ਹੋਰ ਅਧਿਕਾਰੀਆਂ ਨੇ ਵਾਰ ਵਾਰ ਚਿਤਾਵਨੀਆਂ ਦਿੱਤੀਆਂ ਸਨ ਕਿ ਚੀਨੀ ਅਧਿਕਾਰੀ ਰੂਸ ਨੂੰ ਉਹ ਸਾਜ ਸਮਾਨ ਭੇਜਣ ਦੀ ਵਿਵਸਥਾ ਖਤਮ ਕਰਨ ਜਿਸ ਸਮਾਨ ਦੀ ਵਰਤੋਂ ਯੁਕਰੇਨ ਵਿਰੁੱਧ ਜੰਗ ਵਿੱਚ ਰੂਸ ਆਪਣੀ ਫੌਜ ਨੂੰ ਮਜ਼ਬੂਤ ਬਣਾਉਣ ਲਈ ਕਰ ਰਿਹਾ ਹੈ ਪਰੰਤੂ ਇਨਾਂ ਚਿਤਾਵਨੀਆਂ ਦੀ ਚੀਨੀ ਅਧਿਕਾਰੀਆਂ ਨੇ ਕੋਈ ਪਰਵਾਹ ਨਹੀਂ ਕੀਤੀ।  ਖਜ਼ਾਨਾ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਖਜ਼ਾਨਾ ਵਿਭਾਗ ਤੇ ਵਿਦੇਸ਼ ਵਿਭਾਗ ਨੇ ਦਰਜ਼ਨ ਕੰਪਨੀਆਂ ਜਿਨਾਂ ਨੇ ਰੂਸ ਨੂੰ ਅਤਿ ਲੋੜੀਂਦੀ ਤਕਨੀਕ ਤੇ ਸਾਜ ਸਮਾਨ ਵਿਦੇਸ਼ ਵਿਚੋਂ ਮੰਗਵਾਉਣ ਦੇ ਸਮਰਥ ਬਣਾਇਆ ਹੈ, ਸਮੇਤ 300 ਰਣਨੀਤਿਕ ਟੀਚਿਆਂ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਪਾਬੰਦੀਆਂ ਰੂਸ ਦੇ ਨਾਲ  ਨਾਲ ਅਜ਼ਰਬਾਈਜਾਨ, ਬੈਲਜੀਅਮ, ਸਲੋਵਾਕੀਆ, ਤੁਰਕੀ ਤੇ ਸੰਯੁਕਤ ਅਰਬ ਅਮੀਰਾਤ ਨੂੰ ਵੀ ਪ੍ਰਭਾਵਿਤ ਕਰਨਗੀਆਂ। ਬਿਆਨ ਵਿਚ ਹੋਰ ਕਿਹਾ ਗਿਆ ਹੈ ਕਿ ਇਨਾਂ ਪਾਬੰਦੀਆਂ ਦਾ ਮੰਤਵ ਪਾਬੰਦੀਆਂ ਤੋਂ ਬਚਣ ਲਈ ਬਹਾਨੇਬਾਜੀ ਕਰਨ ਵਾਲੀਆਂ ਤੇ ਰੂਸ ਦੀ ਫੌਜੀ ਸਨਅਤ ਅਤੇ ਉਸ ਦੇ ਰਸਾਇਣਕ ਤੇ ਜੀਵ ਹਥਿਆਰ ਪ੍ਰੋਗਰਾਮ ਦਾ ਸਮਰਥਨ ਕਰਨ ਵਾਲੀਆਂ ਕੰਪਨੀਆਂ ਨੂੰ ਨੱਥ ਪਾਉਣਾ ਹੈ। ਬਿਆਨ ਵਿਚ ਕਿਹਾ ਹੈ ਕਿ ਰੂਸ ਨੂੰ ਬਰੂਦ ਮੁਹੱਈਆ ਕਰਵਾਉਣ ਵਾਲਿਆਂ ਵਿਰੁੱਧ ਵੀ ਕਾਰਵਾਈ ਹੋਵੇਗੀ। ਬਾਈਡਨ ਪ੍ਰਸ਼ਾਸਨ  ਵਾਰ ਵਾਰ ਚੀਨ ਵੱਲੋਂ ਰੂਸ ਦੀ ਫੌਜੀ ਸਨਅਤ ਦੀ ਪਿੱਠ ਠੋਕਣ ਦੀ ਦੁਹਾਈ ਪਾਉਂਦਾ ਆ ਰਿਹਾ ਹੈ। ਅਮਰੀਕਾ ਦਾ  ਮੰਨਣਾ ਹੈ ਕਿ ਚੀਨ ਦੇ ਸਮਰਥਨ ਕਾਰਨ ਹੀ ਮਾਸਕੋ ਯੁਕਰੇਨ ਵਿਰੁੱਧ ਜੰਗ ਜਾਰੀ ਰਖ ਰਿਹਾ ਹੈ। ਇਸ ਤੋਂ ਵਧ ਕੇ ਰੂਸ ਆਪਣੀ ਡਿਫੈਂਸ ਸਮਰੱਥਾ ਵੀ ਮਜਬੂਤ ਬਣਾ ਰਿਹਾ ਹੈ। ਇਸ ਦੇ ਮੱਦੇਨਜਰ ਅਮਰੀਕਾ ਨੇ ਆਪਣੇ ਭਾਈਵਾਲਾਂ ਨੂੰ  ਕੂਟਨੀਤਿਕ ਢੰਗ ਤਰੀਕਿਆਂ ਰਾਹੀਂ ਚੀਨ ਉਪਰ ਦਬਾਅ ਬਣਾਉਣ ਲਈ ਕਿਹਾ ਹੈ। ਅਮਰੀਕਾ ਨੇ ਆਪਣੇ ਜੋਟੀਦਾਰਾਂ ਨੂੰ ਕਿਹਾ ਹੈ ਕਿ ਜੇਕਰ ਫਿਰ ਵੀ ਚੀਨ ਨਹੀਂ ਮੰਨਦਾ ਤਾਂ ਉਸ ਵਿਰੁੱਧ ਦੰਡਾਤਮਿਕ ਕਦਮ ਚੁੱਕੇ ਜਾਣ।

Show More

Related Articles

Leave a Reply

Your email address will not be published. Required fields are marked *

Close