Sports

ICC World Cup 2019 ਲਈ ਭਾਰਤੀ ਕ੍ਰਿਕੇਟ ਟੀਮ ਦੀ ਚੋਣ 15 ਨੂੰ

ਸਾਲ 2019 ਦੇ ਆਈਸੀਸੀ ਵਿਸ਼ਵ ਕੱਪ (ICC World Cup 2019) ਲਈ ਭਾਰਤੀ ਕ੍ਰਿਕੇਟ ਟੀਮ ਦੀ ਚੋਣ ਆਉਂਦੀ 15 ਅਪ੍ਰੈਲ ਨੂੰ ਹੋਣੀ ਹੈ। ਇਸ ਦੌਰਾਨ ਭਾਰਤੀ ਚੋਣ ਕਮੇਟੀ ਦੀ ਨਜ਼ਰ ਇੰਡੀਅਨ ਪ੍ਰੀਮੀਅਰ ਲੀਗ ਦੇ ਮੌਜੂਦਾ ਸੀਜ਼ਨ ਵਿੱਚ ਖਿਡਾਰੀਆਂ ਦੇ ਪ੍ਰਦਰਸ਼ਨ ਉੱਤੇ ਵੀ ਹੋਵੇਗੀ। ਭਾਰਤ ਨੇ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਮੈਚ ਆਉਂਦੀ 5 ਜੂਨ ਨੂੰ ਦੱਖਣੀ ਅਫ਼ਰੀਕਾ ਵਿਰੁੱਧ ਖੇਡਣਾ ਹੈ।
ਭਾਰਤੀ ਚੋਣ ਕਮੇਟੀ ਲਈ ਸਭ ਤੋਂ ਵੱਡੀ ਸਿਰ–ਦਰਦੀ ਇਹ ਹੋਵੇਗੀ ਕਿ ਬੈਟਿੰਗ ਆਰਡਰ ਵਿੱਚ ਨੰਬਰ–4 ਉੱਤੇ ਬੱਲੇਬਾਜ਼ੀ ਲਈ ਕਿਸ ਨੂੰ ਟੀਮ ਵਿੱਚ ਚੁਣਿਆ ਜਾਵੇ। ਇਸ ਤੋਂ ਇਲਾਵਾ ਟੀਮ ਨਾਲ ਕਿੰਨੇ ਸਪਿੰਨਰ ਤੇ ਆੱਲ–ਰਾਊਂਡਰ ਜਾਣਗੇ, ਇਸ ਬਾਰੇ ਵੀ ਕਾਫ਼ੀ ਵਿਚਾਰ–ਵਟਾਂਦਰਾ ਕਰਨਾ ਹੋਵੇਗਾ। ਟੀਮ ਇੰਡੀਆ ਦੇ ਉੱਪ–ਕਪਤਾਨ ਰੋਹਿਤ ਸ਼ਰਮਾ ਪਹਿਲਾਂ ਆਖ ਚੁੱਕੇ ਹਨ ਕਿ ਟੀਮ ਦੀ ਚੋਣ ਇੰਗਲੈਂਡ ਦੇ ਹਾਲਾਤ ਨੂੰ ਵੇਖਦਿਆਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਟੀਮ ਚੁਣਨ ਨੂੰ ਲੈ ਕੇ ਕਪਤਾਨ ਵਿਰਾਟ ਕੋਹਲੀ ਤੇ ਰਵੀ ਸ਼ਾਸਤਰੀ ਦੀ ਰਾਇ ਵੀ ਅਹਿਮ ਹੋਵੇਗੀ।
ਰੋਹਿਤ ਨੇ ਕਿਹਾ ਸੀ ਕਿ ਅਸੀਂ ਟੀਮ ਨੂੰ ਲੈ ਕੇ ਕਾਫ਼ੀ ਸੈਟਲ ਹਾਂ। ਬੱਸ ਹਾਲੇ ਕੁਝ ਫ਼ੈਸਲੇ ਲੈਣੇ ਬਾਕੀ ਹਨ। ਇੰਗਲੈਂਡ ਦੀ ਸਥਿਤੀ ਵੇਖਦਿਆਂ ਹੀ ਟੀਮ ਚੁਣੀ ਜਾਵੇਗੀ। ‘ਪਿਛਲੀ ਵਾਰ ਜਦੋਂ ਅਸੀਂ ਇੰਗਲੈਂਡ ਵਿੱਚ ਸਾਂ, ਤਾਂ ਕੰਡੀਸ਼ਨ ਬਹੁਤ ਡ੍ਰਾਈ ਸੀ। ਹੁਣ ਉੱਥੇ ਕਿਹੋ ਜਿਹੀ ਕੰਡੀਸ਼ਨ ਹੋਵੇਗੀ, ਇਸ ਬਾਰੇ ਮੈਂ ਕੁਝ ਨਹੀਂ ਆਖ ਸਕਦਾ।’
ਭਾਰਤੀ ਕ੍ਰਿਕੇਟਰਾਂ ਤੋਂ ਇਲਾਵਾ ਸਾਰੇ ਕ੍ਰਿਕੇਟਰ ਇਨ੍ਹੀਂ ਦਿਨੀਂ ਆਈਪੀਐੱਲ ਵਿੱਚ ਰੁੱਝੇ ਹੋਏ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਆਈਪੀਐੱਲ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਕੀ ਭਾਰਤੀ ਟੀਮ ਵਿੱਚ ਕੁਝ ਹੈਰਾਨਕੁੰਨ ਨਾਂਅ ਸ਼ਾਮਲ ਕੀਤੇ ਜਾਣਗੇ ਜਾਂ ਨਹੀਂ?

Show More

Related Articles

Leave a Reply

Your email address will not be published. Required fields are marked *

Close