Punjab

ਸਿੱਧੂ ਬਰਖ਼ਾਸਤ ਹੋਵੇ ਤੇ ਉਸ ਵਿਰੁੱਧ ਦੇਸ਼–ਧਰੋਹ ਦਾ ਕੇਸ ਦਰਜ ਹੋਵੇ: ਕਾਂਗਰਸ ਜਨਰਲ ਸਕੱਤਰ

ਪੰਜਾਬ ਦੇ ਕੈਬਿਨੇਟ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਭਾਵੇਂ ਆਖ ਦਿੱਤਾ ਹੈ ਕਿ ਉਨ੍ਹਾਂ ਦੇ ਉਸ ਬਿਆਨ ਨੂੰ ਤੋੜ–ਮਰੋੜ ਕੇ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ‘ਇੱਕ ਜਣੇ ਦੀ ਗ਼ਲਤੀ ਕਾਰਨ ਪੂਰੇ ਦੇਸ਼ (ਪਾਕਿਸਤਾਨ) ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ; ਫਿਰ ਵੀ ਉਨ੍ਹਾਂ ਦੀ ਆਪਣੀ ਹੀ ਪਾਰਟੀ ਕਾਂਗਰਸ ਦੇ ਇੱਕ ਉੱਚ–ਪੱਧਰੀ ਆਗੂ ਨੇ ਆਖ ਦਿੱਤਾ ਹੈ ਕਿ ਸ੍ਰੀ ਸਿੱਧੂ ਨੂੰ ਮੰਤਰੀ ਵਜੋਂ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਵਿਰੁੱਧ ਦੇਸ਼–ਧਰੋਹ ਦਾ ਕੇਸ ਦਰਜ ਹੋਣਾ ਚਾਹੀਦਾ ਹੈ।’ ਅੱਜ ਹੀ ਲੁਧਿਆਣਾ ’ਚ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੁਲਵਾਮਾ ਦਹਿਸ਼ਤਗਰਦ ਹਮਲਾ ਬੁਜ਼ਦਿਲਾਨਾ ਕਾਰਵਾਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਬਿਆਨਾਂ ਨੂੰ ਤੋੜ–ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਟੀਵੀ ਚੈਨਲਾਂ ਨੇ ਜਾਣਬੁੱਝ ਕੇ ਉਨ੍ਹਾਂ ਦੇ ਬਿਆਨ ਦਾ ਅੱਧਾ ਹਿੱਸਾ ਹੀ ਚਲਾਇਆ ਹੈ, ਤਾਂ ਜੋ ਉਸ ਨੂੰ ਆਪਣੇ ਹਿਸਾਬ ਨਾਲ ਵਰਤਿਆ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤਾਂ ਕਰਤਾਰਪੁਰ ਸਾਹਿਬ ਲਾਂਘੇ ਦੇ ਭਵਿੱਖ ਬਾਰੇ ਵੀ ਖ਼ਦਸ਼ਾ ਜ਼ਾਹਿਰ ਕੀਤਾ ਹੈ। ਸ੍ਰੀ ਸਿੱਧੂ ਦਾ ਇਹ ਬਿਆਨ ਆ ਜਾਣ ਦੇ ਬਾਵਜੂਦ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਵਨ ਦੀਵਾਨ ਨੇ ਕਿਹਾ ਹੈ ਕਿ ਸੂਬੇ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬਰਤਰਫ਼ ਕਰ ਦੇਣਾ ਚਾਹੀਦਾ ਹੈ ਤੇ ਉਨ੍ਹਾਂ ਵਿਰੁੱਧ ਦੇਸ਼–ਧਰੋਹ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ। ਸ੍ਰੀ ਪਵਨ ਦੀਵਾਨ ਨੇ ਦੋਸ਼ ਲਾਇਆ ਹੈ ਕਿ ਸ੍ਰੀ ਸਿੱਧੂ ਇਸ ਵੇਲੇ ਪਾਕਿਸਤਾਨ ਦਾ ਬੁਲਾਰਾ ਬਣਨ ਦਾ ਜਤਨ ਕਰ ਰਹੇ ਹਨ। ਸ੍ਰੀ ਦੀਵਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਸ੍ਰੀ ਸਿੱਧੂ ਨੂੰ ਤੁਰੰਤ ਬਰਤਰਫ਼ ਕਰਨ ਕਿਉਂਕਿ ਉਨ੍ਹਾਂ ਨੇ ਨਾ ਤਾਂ ਦੇਸ਼ ਨਾਲ ਵਿਸ਼ਵਾਸਘਾਤ ਕੀਤਾ ਹੈ, ਸਗੋਂ ਦੇਸ਼ ਭਰ ਦੇ ਲੋਕਾਂ ਦੇ ਜਜ਼ਬਾਤ ਨੂੰ ਵੀ ਠੇਸ ਪਹੁੰਚਾਈ ਹੈ।
ਸ੍ਰੀ ਪਵਨ ਦੀਵਾਨ ਨੇ ਕਾਂਗਰਸ ਦੇ ਕੁੱਲ–ਹਿੰਦ ਪ੍ਰਧਾਨ ਰਾਹੁਲ ਗਾਂਧੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸ੍ਰੀ ਸਿੱਧੂ ਨੂੰ ਪਾਰਟੀ ’ਚੋਂ ਕੱਢ ਦੇਣ। ‘ਅਜਿਹੇ ਵਿਸ਼ਵਾਸਘਾਤੀਆਂ ਲਈ ਕਾਂਗਰਸ ਪਾਰਟੀ ਵਿੱਚ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਦੇ ਮਹਾਤਮਾ ਗਾਂਧੀ, ਇੰਦਰਾ ਗਾਂਧੀ, ਰਾਜੀਵ ਗਾਂਧੀ ਤੇ ਬੇਅੰਤ ਸਿੰਘ ਜਿਹੇ ਆਗੂਆਂ ਦਾ ਕੁਰਬਾਨੀਆਂ ਦੇਣ ਦਾ ਇਤਿਹਾਸ ਰਿਹਾ ਹੈ।’
ਸ੍ਰੀ ਪਵਨ ਦੀਵਾਨ ਦਾ ਕਹਿਣਾ ਹੈ ਕਿ ਅਜਿਹੇ ਬਿਆਨਾਂ ਨਾਲ ਆਮ ਲੋਕ ਕਾਂਗਰਸ ਪਾਰਟੀ ਤੋਂ ਦੂਰ ਹੋਣ ਲੱਗ ਪੈਣਗੇ। ਉਨ੍ਹਾਂ ਸ੍ਰੀ ਸਿੱਧੂ ਨੂੰ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੀ ਜ਼ੈੱਡ–ਪਲੱਸ ਸੁਰੱਖਿਆ ਤੇ ਬੁਲੇਟ–ਪਰੂਫ਼ ਕਾਰ ਛੱਡ ਦੇਣੀ ਚਾਹੀਦੀ ਹੈ ਤੇ ਸਰਹੱਦ ਉੱਤੇ ਜਾ ਕੇ ਪਾਕਿਸਤਾਨ ਨਾਲ ਅਮਨ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਸ੍ਰੀ ਦੀਵਾਨ ਦਾ ਕਹਿਣਾ ਹੈ ਕਿ ਪਾਕਿਸਤਾਨ ਸਾਡੇ ਦੇਸ਼ ਦੇ ਫ਼ੌਜੀ ਜਵਾਨਾਂ ਦਾ ਲਹੂ ਚੂਸ ਰਿਹਾ ਹੈ। ‘ਅਸੀਂ ਗੋਲੀ ਦਾ ਜਵਾਬ ਗੋਲੀ ਨਾਲ ਚਾਹੁੰਦੇ ਹਾਂ। ਸਾਨੂੰ ਗ਼ੱਦਾਰਾਂ ਨੂੰ ਬੁਲੇਟ–ਪਰੂਫ਼ ਵਾਹਨ ਨਹੀਂ ਦੇਣੇ ਚਾਹੀਦੇ।’

Show More

Related Articles

Leave a Reply

Your email address will not be published. Required fields are marked *

Close