Punjab

ਕੀ ਕਰਤਾਰਪੁਰ ਸਾਹਿਬ ਲਾਂਘੇ ’ਤੇ ਪਵੇਗਾ ਪੁਲਵਾਮਾ ਅੱਤਵਾਦੀ ਹਮਲੇ ਦਾ ਕੋਈ ਅਸਰ?

ਵੀਰਵਾਰ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਅੱਤਵਾਦੀ ਹਮਲੇ ਤੋਂ ਬਾਅਦ ਹੁਣ ਕੁਝ ਅਜਿਹੇ ਸ਼ੰਕੇ ਪ੍ਰਗਟਾਏ ਜਾਣ ਲੱਗੇ ਹਨ ਕਿ ਕਿਤੇ ਹੁਣ ਕਰਤਾਰਪੁਰ ਸਾਹਿਬ ਲਾਂਘੇ ਨਾਲ ਸਬੰਧਤ ਪ੍ਰੋਜੇਕਟ ਉੱਤੇ ਤਾਂ ਇਸ ਦਾ ਕੋਈ ਮਾੜਾ ਅਸਰ ਨਹੀਂ ਪਵੇਗਾ। ਚਿਰਾਂ ਤੋਂ ਉਡੀਕੇ ਜਾ ਰਹੇ ਇਸ ਲਾਂਘੇ ਦੀਆਂ ਵਾਧਾਂ–ਘਾਟਾਂ ਬਾਰੇ ਆਉਂਦੀ 14 ਮਾਰਚ ਨੂੰ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਦੀ ਮੀਟਿੰਗ ਹੋਣੀ ਤੈਅ ਹੈ। ਦੋਵੇਂ ਧਿਰਾਂ ਦੇ ਤਾਲਮੇਲ ਤੋਂ ਬਗ਼ੈਰ ਇਹ ਪ੍ਰੋਜੈਕਟ ਸੰਭਵ ਨਹੀਂ ਹੈ। ਪੁਲਵਾਮਾ ਦਹਿਸ਼ਤਗਰਦ ਹਮਲੇ ਪਿੱਛੋਂ ਇਸ ਪ੍ਰੋਜੈਕਟ ਉੱਤੇ ਸੁਆਲ ਉੱਠਣੇ ਸੁਭਾਵਕ ਹਨ।ਭਾਰਤ ਨੇ ਪਾਕਿਸਤਾਨ ਤੋਂ ‘ਮੋਸਟ ਫ਼ੇਵਰਡ ਨੇਸ਼ਨ’ ਦਾ ਦਰਜਾ ਤਾਂ ਕੱਲ੍ਹ ਹੀ ਵਾਪਸ ਲੈ ਲਿਆ ਸੀ। ਪਰ ਸਿਆਸੀ ਆਗੂਆਂ ਨੂੰ ਤਾਂ ਇਹੋ ਆਸ ਹੈ ਕਿ ਪੁਲਵਾਮਾ ਹਮਲੇ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਪਰਛਾਵਾਂ ਕਰਤਾਰਪੁਰ ਸਾਹਿਬ ਲਾਂਘਾ ਪ੍ਰੋਜੈਕਟ ਉੱਤੇ ਨਹੀਂ ਪਵੇਗਾ।
ਕੇਂਦਰੀ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ, ਜੋ ਪਾਰਟੀ ਦੇ ਕਿਸੇ ਸਮਾਰੋਹ ਲਈ ਅੰਮ੍ਰਿਤਸਰ ਆਏ ਹੋਏ ਸਨ, ਨੇ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਸਭ ਕੁਝ ਆਮ ਵਰਗਾ ਤਾਂ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਲੈਣਾ ਸਰਕਾਰ ਦੇ ਅਧਿਕਾਰ–ਖੇਤਰ ਵਿੱਚ ਹੈ ਕਿ ਹੁਣ ਇਸ ਮਾਮਲੇ ਵਿੰਚ ਕਿਹੜੇ ਕਦਮ ਚੁੱਕੇ ਹਨ ਤੇ ਹੁਣ ਵਾਜਬ ਕਦਮ ਚੁੱਕਣ ਦੇ ਸੰਕਲਪ ਨੂੰ ਲੈ ਕੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ।
ਸ੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤ ਵਿਰੁੱਧ ਦਹਿਸ਼ਤਗਰਦ ਸਾਜ਼ਿਸ਼ਾਂ ਰਚਣ ਦੀ ਪਾਕਿਸਤਾਨ ਦੀ ਬੁਨਿਆਦੀ ਆਦਤ ਵਿੱਚ ਕੋਹੀ ਫ਼ਰਕ ਨਹੀਂ ਪਿਆ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪਾਕਿਸਤਾਨ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀਆਂ ਗੱਲਾਂ ਕਰ ਰਿਹਾ ਹੈ ਪਰ ਦੂਜੇ ਪਾਸੇ ਉਹ ਆਪਣੀ ਧਰਤੀ ਉੱਤੇ ਭਾਰਤ ਵਿਰੁੱਧ ਹਿੰਸਕ ਕਾਰਵਾਈਆਂ ਦੀਆਂ ਸਾਜ਼ਿਸ਼ਾਂ ਰਚਣ ਵਾਲੇ ਦਹਿਸ਼ਤਗਰਦ ਸਮੂਹਾਂ ਦੀ ਹਮਾਇਤ ਵੀ ਕਰ ਰਿਹਾ ਹੈ। ਇੰਝ ਬਹੁਤਾ ਲੰਮਾ ਸਮਾਂ ਤਾਂ ਚੱਲ ਨਹੀਂ ਸਕਦਾ। ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਸਰਕਾਰ ਕਰਤਾਰਪੁਰ ਸਾਹਿਬ ਲਾਂਘੇ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ।
ਇਸ ਤੋਂ ਪਹਿਲਾਂ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕੇਂਦਰ ਸਰਕਾਰ ਨੂੰ ਬੇਨਤੀ ਕਰ ਚੁੱਕੇ ਹਨ ਕਿ ਹੁਣ ਪਾਕਿਸਤਾਨ ਨੂੰ ਸਬਕ ਸਿਖਾਉਣਾ ਜ਼ਰੂਰੀ ਹੋ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close