Canada

ਹਰਦੀਪ ਸਿੰਘ ਨਿੱਝਰ ਕਤਲ ਕੇਸ ਵਿੱਚ ਤਿੰਨ ਕਥਿਤ ਦੋਸ਼ੀ ਗ੍ਰਿਫਤਾਰ

ਇਨਾ ਦੀ ਪਛਾਣ ਪਛਾਣ ਕਮਲਪ੍ਰੀਤ ਸਿੰਘ (22), ਕਰਨਪ੍ਰੀਤ ਸਿੰਘ (28) ਅਤੇ ਕਰਨ ਬਰਾੜ (22) ਵਜੋਂ ਹੋਈ

ਸਰੀ ( ਸੰਦੀਪ ਸਿੰਘ ਧੰਜੂ)- ਕੈਨੇਡੀਅਨ ਨਾਗਰਿਕ ਅਤੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਕਤਲ ਕੇਸ ਦੀ ਜਾਂਚ ਕਰ ਰਹੀ ਪੁਲਿਸ ਨੇ ਤਿੰਨ ਸ਼ੱਕੀ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਹੈ। ਸਰੀ ਦੀ ਇਕ ਅਦਾਲਤ ਵਿਚ ਪੁਲਿਸ ਵਲੋਂ ਦਾਇਰ ਕੀਤੇ ਗਏ ਦਸਤਾਵੇਜ਼ਾਂ ਮੁਤਾਬਿਕ ਫੜੇ ਗਏ ਸ਼ੱਕੀ ਕਾਤਲਾਂ ਦੇ ਨਾਮ ਕਮਲਪ੍ਰੀਤ ਸਿੰਘ, ਕਰਨਪ੍ਰੀਤ ਸਿੰਘ ਅਤੇ ਕਰਨ ਬਰਾੜ ਦੱਸੇ ਗਏ ਹਨ। ਇਹ ਤਿੰਨੇ ਭਾਰਤੀ ਨਾਗਰਿਕ ਕੈਨੇਡਾ ਵਿਚ 2021 ਤੋਂ ਵਿਜਟਰ ਅਤੇ ਸਟੂਡੈਂਟ ਵੀਜ਼ੇ ਉਪਰ ਪੁੱਜੇ ਸਨ। ਪੁਲਿਸ ਨੇ ਇਹਨਾਂ ਸ਼ੱਕੀ ਵਿਅਕਤੀਆਂ ਨੂੰ ਸ਼ੁੱਕਰਵਾਰ ਨੂੰ ਦੋ ਸੂਬਿਆਂ ਵਿੱਚ ਕੀਤੀ ਗਈ ਕਾਰਵਾਈ ਦੌਰਾਨ ਗ੍ਰਿਫ਼ਤਾਰ ਕੀਤਾ ਹੈ । ਜਾਂਚ ਟੀਮ ਪਿਛਲੇ ਕੁਝ ਮਹੀਨਿਆਂ ਤੋਂ ਇਹਨਾਂ ਸ਼ੱਕੀਆਂ ਦੀ ਨਿਗਰਾਨੀ ਕਰ ਰਹੀ ਸੀ। ਸ਼ੰਕਾ ਹੈ ਕਿ ਇਹਨਾਂ ਦਾ ਸਬੰਧ ਭਾਰਤ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਰੁੱਪ ਨਾਲ ਹੈ ਜਿਸਨੇ ਮਈ 2022 ਵਿਚ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਜਿੰਮੇਵਾਰੀ ਲਈ ਸੀ।

ਪੁਲਿਸ ਨੂੰ ਇਹਨਾਂ ਸ਼ੱਕੀ ਕਾਤਲਾਂ ਦੇ ਨਿੱਝਰ ਕਤਲ ਤੋਂ ਇਲਾਵਾ ਵਿੰਨੀਪੈਗ ਸਤੰਬਰ 2023 ਵਿਚ ਇਕ ਗੈਂਗਸਟਰ ਸੁਖਦੂਲ ਗਿੱਲ ਉਰਫ ਸੁੱਖਾ ਦੁਨੇਕੇ ਅਤੇ ਐਡਮਿੰਟਨ ਨਵੰਬਰ 2023 ਵਿਚ ਬਿਜਨੈਸਮੈਨ ਹਰਪ੍ਰੀਤ ਉਪਲ ਤੇ ਉਸਦੇ 11 ਸਾਲਾ ਪੁੱਤਰ ਦੀ ਹੱਤਿਆ ਦੇ ਮਾਮਲੇ ਵਿਚ ਵੀ ਸ਼ਾਮਿਲ ਹੋਣ ਦਾ ਸ਼ੱਕ ਹੈ। ਗੈਂਗਸਟਰ ਸੁੱਖਾ ਦੁਨੇਕੇ ਪੰਜਾਬ ਵਿਚ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਦਾ ਮੈਂਬਰ ਸੀ ਜੋ 2017 ਵਿਚ ਜਾਅਲੀ ਪਾਸਪੋਰਟ ਤੇ ਕੈਨੇਡਾ ਪੁੱਜਾ ਸੀ।

ਜਿ਼ਕਰਯੋਗ ਹੈ ਕਿ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦਾ ਕਤਲ ਪਿਛਲੇ ਸਾਲ 18 ਜੂਨ ਨੂੰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਚ ਕੀਤਾ ਗਿਆ ਸੀ। ਸਿੱਖ ਸੰਸਥਾਵਾਂ ਵਲੋਂ ਇਸ ਕਤਲ ਪਿਛੇ ਭਾਰਤੀ ਏਜੰਸੀਆਂ ਦੇ ਹੱਥ ਹੋਣ ਦੇ ਦੋਸ਼ ਲਗਾਏ ਗਏ ਸਨ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਦਨ ਵਿਚ ਇਕ ਬਿਆਨ ਰਾਹੀਂ ਨਿੱਝਰ ਕਤਲ ਕੇਸ ਵਿਚ ਭਾਰਤੀ ਏਜੰਸੀਆਂ ਦੇ ਹੱਥ ਹੋਣ ਦੇ ਸਬੂਤ ਮਿਲਣ ਦਾ ਖੁਲਾਸਾ ਕੀਤਾ ਸੀ।

ਇਸ ਸੰਬੰਧੀ ਹੁਣੇ ਹੋਈ ਇਕ ਤਾਜਾ ਪੁਲਿਸ ਨਾਲ ਪ੍ਰੈਸ ਮਿਲਣੀ ਵਿਚ ਦੱਸਿਆ ਗਿਆ ਹੈ ਕਿ ਤਿੰਨੋਂ ਜਣੇ ਐਡਮਿੰਟਨ ਹੀ ਰਹਿ ਰਹੇ ਸਨ। ਸੋਮਵਾਰ ਤੱਕ ਉਨ੍ਹਾਂ ਨੂੰ ਸਰੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਨ੍ਹਾਂ ‘ਤੇ ਫਸਟ ਡਿਗਰੀ ਮਰਡਰ ਦੇ ਚਾਰਜ ਲਾਉਣ ਦੇ ਨਾਲ-ਨਾਲ ਇੱਥੇ ਕਤਲ ਦੀ ਪਲੈਨਿੰਗ ਕਰਨ ਦੇ ਦੋਸ਼ ਵੀ ਲਾਏ ਗਏ ਹਨ, ਜਿਸ ਅਧੀਨ ਬਿਨਾ ਪੈਰੋਲ 25 ਸਾਲ ਕੈਦ ਹੋ ਸਕਦੀ ਹੈ। ਪੁਲਿਸ ਬੁਲਾਰੇ ਮੁਤਾਬਕ ਇਹ ਇਸ ਜਾਂਚ ਦਾ ਅੰਤ ਨਹੀਂ, ਇਸ ਮਾਮਲੇ ਨਾਲ ਜੁੜੇ ਹੋਰ ਲੋਕਾਂ ਬਾਰੇ ਕੈਨੇਡਾ ਦੇ 3-4 ਸੂਬਿਆਂ ‘ਚ ਜਾਂਚ ਹਾਲੇ ਜਾਰੀ ਹੈ। ਇਸ ਮਾਮਲੇ ‘ਚ ਅੱਗੇ ਜਾ ਕੇ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਭਾਰਤੀ ਭੂਮਿਕਾ ਦੀ ਗ੍ਰਿਫਤਾਰੀ ਬਾਰੇ ਪੁਲਿਸ ਬੁਲਾਰੇ ਨੇ ਬਹੁਤਾ ਕੁਝ ਦੱਸਣੋਂ ਮਨ੍ਹਾਂ ਕਰ ਦਿੱਤਾ ਕਿਉਂਕਿ ਹਾਲੇ ਜਾਂਚ ਚੱਲ ਰਹੀ ਹੈ ਤੇ ਅਦਾਲਤ ਵਿੱਚ ਪੇਸ਼ ਕੀਤੇ ਜਾਣ ਵਾਲੇ ਸਬੂਤ ਪ੍ਰਭਾਵਿਤ ਹੋ ਸਕਦੇ ਹਨ।

Show More

Related Articles

Leave a Reply

Your email address will not be published. Required fields are marked *

Close