Sports

ਕੈਨੇਡਾ ਤੋਂ ਬਾਅਦ ਆਸਟਰੇਲੀਆ ਨੇ ਵੀ ਕੀਤੀ ਟੋਕੀਓ ਓਲੰਪਿਕ ਤੋਂ ਨਾਂਹ

ਕੈਨੇਡਾ ਤੋਂ ਬਾਅਦ ਆਸਟਰੇਲੀਆ ਨੇ ਵੀ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਟੋਕੀਓ ਓਲੰਪਿਕ ਤੋਂ ਹਟਣ ਦਾ ਫੈਸਲਾ ਕੀਤਾ ਹੈ, ਜਿਸ ਵਿਚ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਤੇ ਮੇਜ਼ਬਾਨ ਦੇਸ਼ ਜਾਪਾਨ ‘ਤੇ ਇਨ੍ਹਾਂ ਖੇਡਾਂ ਨੂੰ ਮੁਲਤਵੀ ਕਰਨ ਨੂੰ ਲੈ ਕੇ ਦਬਾਅ ਵਧ ਗਿਆ ਹੈ। ਕੈਨੇਡਾ ਅਤੇ ਆਸਟਰੇਲੀਆ ਨੇ ਕਿਹਾ ਹੈ ਕਿ ਜੇਕਰ ਟੋਕੀਓ ਓਲੰਪਿਕ ਦਾ ਆਯੋਜਨ ਆਪਣੇ ਨਿਰਧਾਰਿਤ ਪ੍ਰੋਗਰਾਮ ਅਨੁਸਾਰ 24 ਜੁਲਾਈ ਤੋਂ 9 ਅਗਸਤ ਤਕ ਹੁੰਦਾ ਹੈ ਤਾਂ ਉਹ ਆਪਣੇ ਖਿਡਾਰੀ ਇਨ੍ਹਾਂ ਖੇਡਾਂ ਵਿਚ ਨਹੀਂ ਭੇਜਣਗੇ। ਆਈ. ਓ. ਸੀ. ਤੇ ਮੇਜ਼ਬਾਨ ਦੇਸ਼ ਜਾਪਾਨ ਲਗਾਤਾਰ ਕਹਿ ਰਿਹਾ ਸੀ ਕਿ ਉਹ ਇਨ੍ਹਾਂ ਖੇਡਾਂ ਦਾ ਆਯੋਜਨ ਨਿਰਧਾਰਿਤ ਸਮੇਂ ‘ਤੇ ਕਰਨਗੇ ਪਰ ਹੁਣ ਉਨ੍ਹਾਂ ਨੂੰ ਆਪਣੇ ਰੁਖ ਵਿਚ ਨਰਮੀ ਲਿਆਉਂਦਿਆਂ ਸੰਕੇਤ ਦਿੱਤਾ ਹੈ ਕਿ ਇਨ੍ਹਾਂ ਖੇਡਾਂ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ। ਆਸਟਰੇਲੀਆ ਨੇ ਤਾਂ ਇਥੋਂ ਤਕ ਕਿਹਾ ਹੈ ਕਿ ਜੇਕਰ ਇਨ੍ਹਾਂ ਖੇਡਾਂ ਨੂੰ 2021 ਤਕ ਮੁਲਤਵੀ ਨਹੀਂ ਕੀਤਾ ਜਾਂਦਾ ਤਾਂ ਇਹ ਇਸ ਵਿਚ ਹਿੱਸਾ ਨਹੀਂ ਲੈਣਗੇ। ਇਸ ਤੋਂ ਪਹਿਲਾਂ ਕੈਨੇਡਾ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਉਹ ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਇਸ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਵਿਚ ਆਪਣੇ ਐਥਲੀਟਾਂ ਨੂੰ ਨਹੀਂ ਭੇਜੇਗਾ। ਉਸਨੇ ਨਾਲ ਹੀ ਓਲੰਪਿਕ ਨੂੰ ਇਕ ਸਾਲ ਲਈ ਮੁਲਤਵੀ ਕਰਨ ਦੀ ਵੀ ਮੰਗ ਕੀਤੀ ਹੈ। ਕੈਨੇਡਾ ਨੇ ਕਿਹਾ, ”ਕੈਨੇਡਾ ਓਲੰਪਿਕ ਕਮੇਟੀ (ਸੀ. ਓ. ਸੀ.) ਤੇ ਕੈਨੇਡਾ ਪੈਰਾਓਲੰਪਿਕ ਕਮੇਟੀ (ਸੀ. ਪੀ. ਸੀ.) ਨੇ ਐਥਲੀਟ ਕਮਿਸ਼ਨ, ਰਾਸ਼ਟਰੀ ਖੇਡ ਸੰਗਠਨ ਤੇ ਕੈਨੇਡਾ ਸਰਕਾਰ ਨਾਲ ਚਰਚਾ ਕਰ ਕੇ ਆਪਣੇ ਐਥਲੀਟਾਂ ਨੂੰ ਟੋਕੀਓ ਵਿਚ ਹੋਣ ਵਾਲੀਆਂ ਓਲੰਪਿਕ ਤੇ ਪੈਰਾਓਲੰਪਿਕ ਖੇਡਾਂ ਵਿਚ ਨਾ ਭੇਜਣ ਦਾ ਮੁਸ਼ਕਿਲ ਫੈਸਲਾ ਲਿਆ ਹੈ।”

Show More

Related Articles

Leave a Reply

Your email address will not be published. Required fields are marked *

Close