Canada

ਫੈਡਰਲ ਕਾਰਬਨ ਟੈਕਸ ਦੀ ਆਮਦਨ ਦਾ ਕੁੱਝ ਹਿੱਸਾ ਚਾਰ ਪ੍ਰੋਵਿੰਸਾਂ ਦੇ ਸਕੂਲਾਂ ਵਿੱਚ ਚੱਲ ਰਹੇ ਗ੍ਰੀਨ ਪ੍ਰੋਜੈਕਟਸ ਲਈ ਦਿੱਤਾ ਜਾਵੇਗਾ

ਓਟਵਾ, , ਫੈਡਰਲ ਕਾਰਬਨ ਟੈਕਸ ਦੀ ਆਮਦਨ ਦਾ ਕੁੱਝ ਹਿੱਸਾ ਚਾਰ ਪ੍ਰੋਵਿੰਸਾਂ ਦੇ ਸਕੂਲਾਂ ਵਿੱਚ ਚੱਲ ਰਹੇ ਗ੍ਰੀਨ ਪ੍ਰੋਜੈਕਟਸ ਲਈ ਦਿੱਤਾ ਜਾਵੇਗਾ। ਪਰ ਇਸ ਪ੍ਰੋਗਰਾਮ ਦੀ ਹੋਣੀ ਇਨ੍ਹਾਂ ਚਾਰ ਪ੍ਰੋਵਿੰਸਾਂ ਦੇ ਕੰਜ਼ਰਵੇਟਿਵ ਪ੍ਰੀਮੀਅਰਜ਼ ਦੇ ਸਹਿਯੋਗ ਉੱਤੇ ਹੀ ਨਿਰਭਰ ਕਰਦੀ ਹੈ।
ਐਨਵਾਇਰਮੈਂਟ ਮੰਤਰੀ ਕੈਥਰੀਨ ਮੈਕੇਨਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਕਾਰਬਨ ਉੱਤੇ ਫੈਡਰਲ ਪ੍ਰਾਈਸ ਤੋਂ ਹੋਣ ਵਾਲੀ ਆਮਦਨ ਵਿੱਚੋਂ 60 ਮਿਲੀਅਨ ਡਾਲਰ ਨਿਊ ਬਰੰਜ਼ਵਿੱਕ, ਓਨਟਾਰੀਓ, ਮੈਨੀਟੋਬਾ ਤੇ ਸਸਕੈਚਵਨ ਵਿੱਚ ਐਲੀਮੈਂਟਰੀ ਤੇ ਸੈਕੰਡਰੀ ਸਕੂਲਾਂ ਉੱਤੇ ਖਰਚੇ ਜਾਣਗੇ। ਇਨ੍ਹਾਂ ਚਾਰ ਪ੍ਰੋਵਿੰਸਾਂ ਵਿੱਚ ਇਸ ਲਈ ਕਾਰਬਨ ਟੈਕਸ ਲਾਇਆ ਗਿਆ ਹੈ ਕਿਉਂਕਿ ਇਨ੍ਹਾਂ ਦਾ ਆਪਣਾ ਕੋਈ ਕਾਰਬਨ ਪ੍ਰਾਈਸਿੰਗ ਸਿਸਟਮ ਨਹੀਂ ਹੈ ਜਿਹੜਾ ਫੈਡਰਲ ਮਾਪਦੰਡਾਂ ਉੱਤੇ ਖਰਾ ਉਤਰ ਸਕੇ।
ਜਿ਼ਕਰਯੋਗ ਹੈ ਕਿ ਪਹਿਲਾਂ ਲਿਬਰਲਾਂ ਨੇ ਇਹ ਵਾਅਦਾ ਕੀਤਾ ਸੀ ਕਿ ਕਾਰਬਨ ਟੈਕਸ ਤੋਂ ਹੋਣ ਵਾਲੀ ਆਮਦਨ ਦਾ 90 ਫੀ ਸਦੀ ਇਨਕਮ ਟੈਕਸ ਅਦਾ ਕਰਨ ਵਾਲਿਆਂ ਨੂੰ ਛੋਟ ਦੇ ਰੂਪ ਵਿੱਚ ਵਾਪਿਸ ਜਾਵੇਗਾ। ਮੰਗਲਵਾਰ ਨੂੰ ਐਲਾਨੀ ਗਈ ਰਕਮ ਬਚੇ ਹੋਏ 10 ਫੀ ਸਦੀ ਦਾ ਹਿੱਸਾ ਹੈ, ਜਿਹੜਾ ਸਕੂਲਾਂ, ਹਸਪਤਾਲਾਂ, ਨਿੱਕੇ ਕਾਰੋਬਾਰਾਂ ਤੇ ਹੋਰਨਾਂ ਸੰਸਥਾਵਾਂ ਨੂੰ ਜਾਵੇਗਾ। ਆਪਣੇ ਓਟਵਾ ਸੈਂਟਰ ਹਲਕੇ ਦੇ ਸਕੂਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਕੇਨਾ ਨੇ ਆਖਿਆ ਕਿ ਇਸ ਨਾਲ ਵਿਦਿਆਰਥੀਆਂ ਲਈ ਸਿੱਖਣ ਵਾਲੇ ਮਾਹੌਲ ਵਿੱਚ ਸੁਧਾਰ ਹੋਵੇਗਾ। ਇਸ ਨਾਲ ਸਕੂਲ ਪੈਸੇ ਦੀ ਬਚਤ ਕਰਨ ਵਿੱਚ ਕਾਮਯਾਬ ਹੋਣਗੇ ਤੇ ਉਹੀ ਰਕਮ ਉਹ ਬੱਚਿਆਂ ਦੀ ਭਲਾਈ ਲਈ ਖਰਚ ਕਰ ਸਕਣਗੇ।
ਮੈਕੇਨਾ ਨੇ ਆਖਿਆ ਕਿ 60 ਮਿਲੀਅਨ ਵਿੱਚੋਂ ਕੁੱਝ ਰਕਮ ਹਾਸਲ ਕਰਨ ਵਾਲੇ 6000 ਸਕੂਲ ਆਪਣੀਆਂ ਪੁਰਾਣੀਆਂ ਖਿੜਕੀਆਂ ਬਦਲਾਉਣ ਤੇ ਸੋਲਰ ਪੈਨਲ ਲਗਵਾਉਣ ਆਦਿ ਉੱਤੇ ਇਹ ਰਕਮ ਖਰਚ ਸਕਣਗੇ। ਇਸ ਰਕਮ ਵਿੱਚੋਂ 41 ਮਿਲੀਅਨ ਓਨਟਾਰੀਓ ਨੂੰ ਜਾਵੇਗੀ, ਸਸਕੈਚਵਨ ਦੇ ਸਕੂਲਾਂ ਨੂੰ 12 ਮਿਲੀਅਨ ਡਾਲਰ, ਮੈਨੀਟੋਬਾ ਦੇ ਸਕੂਲਾਂ ਨੂੰ 5 ਮਿਲੀਅਨ ਡਾਲਰ ਤੇ ਨਿਊ ਬਰੰਜ਼ਵਿੱਕ ਦੇ ਸਕੂਲਾਂ ਨੂੰ 2 ਮਿਲੀਅਨ ਡਾਲਰ ਦਿੱਤੇ ਜਾਣਗੇ।
ਮੈਕੇਨਾ ਨੇ ਦੱਸਿਆ ਕਿ ਇਸ ਫੈਸਲੇ ਦੇ ਸਬੰਧ ਵਿੱਚ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਚਿੱਠੀ ਭੇਜ ਦਿੱਤੀ ਗਈ ਹੈ ਤੇ ਉਨ੍ਹਾਂ ਇਹ ਵੀ ਆਖਿਆ ਕਿ ਅਸੀਂ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਫੈਡਰਲ ਸਰਕਾਰ ਇਹ ਉਮੀਦ ਨਹੀਂ ਕਰਦੀ ਕਿ ਬਰਾਬਰ ਰਕਮ ਪ੍ਰੋਵਿੰਸਾਂ ਵੱਲੋਂ ਵੀ ਪਾਈ ਜਾਵੇ। ਉਨ੍ਹਾਂ ਆਖਿਆ ਕਿ ਸਾਨੂੰ ਉਮੀਦ ਹੈ ਕਿ ਪ੍ਰੋਵਿੰਸਾਂ ਇਸ ਨੂੰ ਚੰਗਾ ਕੰਮ ਮੰਨਣਗੀਆਂ।

Show More

Related Articles

Leave a Reply

Your email address will not be published. Required fields are marked *

Close