Canada

ਕੈਨੇਡਾ ਦੇ ਸਾਰੇ ਮੀਟ ਐਕਸਪੋਰਟ ਨੂੰ ਸਸਪੈਂਡ ਕਰਨ ਦੀ ਮੰਗ

ਓਟਵਾ, , ਚੀਨ ਦੀ ਅੰਬੈਸੀ ਵੱਲੋਂ ਮੰਗਲਵਾਰ ਨੂੰ ਕੈਨੇਡਾ ਦੇ ਸਾਰੇ ਮੀਟ ਐਕਸਪੋਰਟ ਨੂੰ ਸਸਪੈਂਡ ਕਰਨ ਲਈ ਆਖਿਆ ਗਿਆ ਹੈ। ਇਹ ਕਦਮ ਦਸੰਬਰ ਵਿੱਚ ਵੈਨਕੂਵਰ ਵਿੱਚ ਗ੍ਰਿਫਤਾਰ ਕੀਤੀ ਗਈ ਹੁਆਵੇਈ ਦੀ ਐਗਜ਼ੈਕਟਿਵ ਮੈਂਗ ਵੈਨਜ਼ੋਊ ਵਾਲੇ ਡਿਪਲੋਮੈਟਿਕ ਵਿਵਾਦ ਕਾਰਨ ਚੁੱਕਿਆ ਗਿਆ ਮੰਨਿਆ ਜਾ ਰਿਹਾ ਹੈ।
ਚੀਨ ਵੱਲੋਂ ਇਹ ਐਲਾਨ ਉਦੋਂ ਕੀਤਾ ਗਿਆ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੁੱਧਵਾਰ ਨੂੰ ਜਾਪਾਨ ਵਿੱਚ ਹੋਣ ਜਾ ਰਹੀ ਜੀ-20 ਆਗੂਆਂ ਦੀ ਸਿਖਰ ਵਾਰਤਾ ਵਿੱਚ ਹਿੱਸਾ ਲੈਣ ਲਈ ਰਵਾਨਾ ਹੋਣ ਵਾਲੇ ਸਨ। ਜਿ਼ਕਰਯੋਗ ਹੈ ਕਿ ਚੀਨ ਵਿੱਚ ਨਜ਼ਰਬੰਦ ਕੀਤੇ ਗਏ ਦੋ ਕੈਨੇਡੀਅਨਾਂ ਦੀ ਹੋਣੀ ਦਾ ਸਾਰਾ ਦਾਰੋਮਦਾਰ ਟਰੂਡੋ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਉੱਤੇ ਸੁੱਟਿਆ ਗਿਆ ਹੈ ਜਿਨ੍ਹਾਂ ਨੇ ਇਸ ਸਿਖਰ ਵਾਰਤਾ ਦੌਰਾਨ ਚੀਨ ਦੇ ਰਾਸ਼ਟਰਪਤੀ ਜ਼ੀ ਜਿ਼ੰਨਪਿੰਗ ਨਾਲ ਮੁਲਾਕਾਤ ਵਿੱਚ ਇਹ ਮੁੱਦਾ ਉਠਾਉਣ ਦਾ ਵਾਅਦਾ ਕੀਤਾ ਹੈ।
ਅੰਬੈਸੀ ਨੇ ਮੰਗਲਵਾਰ ਨੂੰ ਕੈਨੇਡੀਅਨ ਪ੍ਰੈੱਸ ਨੂੰ ਜਾਰੀ ਕੀਤੇ ਬਿਆਨ ਵਿੱਚ ਆਖਿਆ ਕਿ ਕੈਨੇਡੀਅਨ ਪੋਰਕ ਪ੍ਰੋਡਕਟਸ ਦੇ ਇੱਕ ਬੈਚ ਵਿੱਚ ਚੀਨ ਦੇ ਕਸਟਮਜ਼ ਅਧਿਕਾਰੀਆਂ ਵੱਲੋਂ ਪਾਬੰਦੀਸ਼ੁਦਾ ਪਦਾਰਥ ਰੈਕਟੋਪਾਮਾਈਨ ਪਾਏ ਜਾਣ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ। ਇਹ ਪਦਾਰਥ ਦੀ ਕੈਨੇਡਾ ਵਿੱਚ ਵਰਤੋਂ ਦੀ ਇਜਾਜ਼ਤ ਹੈ ਪਰ ਇਹ ਚੀਨ ਵਿੱਚ ਬੈਨ ਹੈ। ਅੰਬੈਸੀ ਨੇ ਆਪਣੇ ਬਿਆਨ ਵਿੱਚ ਆਖਿਆ ਹੈ ਕਿ ਉਨ੍ਹਾਂ ਵੱਲੋਂ ਕੀਤੀ ਗਈ ਜਾਂਚ ਤੋਂ ਇਹ ਖੁਲਾਸਾ ਹੁੰਦਾ ਹੈ ਕਿ ਚੀਨ ਨੂੰ ਐਕਸਪੋਰਟ ਕੀਤੇ ਗਏ ਪੋਰਕ ਦੇ ਬੈਚ ਨਾਲ ਜੁੜੇ ਹੋਏ ਸਰਕਾਰੀ ਵੈਟਰਨਰੀ ਹੈਲਥ ਸਰਟੀਫਿਕੇਟ ਨਕਲੀ ਹਨ ਤੇ ਇਨ੍ਹਾਂ ਜਾਅਲੀ ਸਰਟੀਫਿਕੇਟਸ ਦੀ ਗਿਣਤੀ 188 ਹੈ।
ਇਹ ਵੀ ਆਖਿਆ ਗਿਆ ਹੈ ਕਿ ਚੀਨ ਦੇ ਰੈਗੂਲੇਟਰੀ ਅਧਿਕਾਰੀਆਂ ਨੂੰ ਇਹ ਜਾਅਲੀ ਸਰਟੀਫਿਕੇਟਸ ਕੈਨੇਡੀਅਨ ਆਫੀਸ਼ੀਅਲ ਸਰਟੀਫਿਕੇਟ ਨੋਟੀਫਿਕੇਸ਼ਨ ਚੈਨਲ ਰਾਹੀਂ ਭੇਜੇ ਗਏ। ਜਿਸ ਤੋਂ ਪਤਾ ਚੱਲਦਾ ਹੈ ਕਿ ਕੈਨੇਡੀਅਨ ਮੀਟ ਐਕਸਪੋਰਟ ਸੁਪਰਵਿਜ਼ਨ ਸਿਸਟਮ ਵਿੱਚ ਚੋਰਮੋਰੀਆਂ ਹਨ। ਇਸ ਲਈ ਚੀਨ ਵੱਲੋਂ ਆਪਣੇ ਗਾਹਕਾਂ ਨੂੰ ਬਚਾਉਣ ਲਈ ਇਹ ਮਾਪਦੰਡ ਚੁੱਕੇ ਜਾ ਰਹੇ ਹਨ। ਇਹ ਵੀ ਆਖਿਆ ਗਿਆ ਕਿ ਸਾਨੂੰ ਲੱਗਦਾ ਹੈ ਕਿ ਕੈਨੇਡੀਅਨ ਧਿਰ ਇਸ ਮਾਮਲੇ ਨੂੰ ਅਹਿਮੀਅਤ ਦੇਵੇਗੀ ਤੇ ਇਸ ਦੀ ਜਲਦ ਤੋਂ ਜਲਦ ਜਾਂਚ ਕਰਵਾਕੇ ਚੀਨ ਨੂੰ ਐਕਸਪੋਰਟ ਕੀਤੇ ਜਾਣ ਵਾਲੇ ਫੂਡ ਸਬੰਧੀ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣਗੇ ਤੇ ਹੋਰ ਜਿ਼ੰਮੇਵਾਰਾਨਾ ਢੰਗ ਨਾਲ ਕੰਮ ਕੀਤਾ ਜਾਵੇਗਾ।
ਖੇਤੀਬਾੜੀ ਮੰਤਰੀ ਮੈਰੀ ਕਲੌਡੇ ਬਿਬਿਊ ਵੱਲੋਂ ਇਸ ਰਿਪੋਰਟ ਉੱਤੇ ਫੌਰੀ ਤੌਰ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਗਈ।

Show More

Related Articles

Leave a Reply

Your email address will not be published. Required fields are marked *

Close