National

ਨਵਜੋਤ ਸਿੱਧੂ ਬਾਰੇ ਕਾਂਗਰਸ ਗੰਭੀਰ

ਲੋਕ ਸਭਾ ਚੋਣ ਨਤੀਜਿਆਂ ਦੇ ਐਲਾਨ ਮਗਰੋਂ ਪੰਜਾਬ ਸਰਕਾਰ ਚ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਸਿੱਧੂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਟਕਰਾਅ ਨੂੰ ਲੈ ਕੇ ਜਵਾਬ ਤਲਬ ਕੀਤਾ ਜਾ ਸਕਦਾ ਹੈ। ਦੋਨਾਂ ਆਗੂਆਂ ਵਿਚਾਲੇ ਟਕਰਾਅ ਨੂੰ ਲੈ ਕੇ ਪਾਰਟੀ ਗੰਭੀਰ ਹੈ। ਪਾਰਟੀ ਜਨਰਲ ਸਕੱਤਰ ਅਤੇ ਸੂਬਾਈ ਇੰਚਾਰਜ ਆਸ਼ਾ ਕੁਮਾਰੀ ਜਲਦ ਸੂਬਾਈ ਪ੍ਰਧਾਨ ਸੁਨੀਲ ਜਾਖੜ ਤੋਂ ਰਿਪੋਰਟ ਤਲਬ ਕਰਨਗੇ। ਸੂਬਾਈ ਇੰਚਾਰਜ ਆਸ਼ਾ ਕੁਮਾਰੀ ਨੇ ਕਿਹਾ ਕਿ ਚੋਣ ਨਤੀਜੇ ਆਉਣ ਮਗਰੋਂ ਇਸ ਪੂਰੇ ਮਾਮਲੇ ਤੇ ਸੂਬਾਈ ਕਾਂਗਰਸ ਤੋਂ ਰਿਪੋਰਟ ਮੰਗਣਗੀ। ਰਿਪੋਰਟ ਮਿਲਣ ਮਗਰੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਚਰਚਾ ਕਰਨਗੇ। ਸੂਬਾਈ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਗੁਰਦਾਸਪੁਰ ਸੀਟ ਤੋਂ ਚੋਣ ਲੜ ਰਹੇ ਹਨ, ਅਜਿਹੇ ਚ ਚੋਣਾਂ ਖਤਮ ਹੋਣ ਮਗਰੋਂ ਹੀ ਕੋਈ ਰਿਪੋਰਟ ਮੰਗੀ ਜਾ ਸਕਦੀ ਹੈ।ਟਿਕਟ ਨਾ ਮਿਲਣ ਨਾਲ ਪੈਦਾ ਹੋਇਆ ਵਿਵਾਦ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦੀ ਲੜਾਈ ਕਾਫੀ ਪੁਰਾਣੀ ਹੈ। ਮੌਜੂਦਾ ਵਿਵਾਦ ਸਿੱਧੂ ਦੀ ਪਤਨੀ ਨਵਜੌਤ ਕੌਰ ਨੂੰ ਚੰਡੀਗੜ੍ਹ ਤੋਂ ਟਿਕਟ ਨਾ ਮਿਲਣ ਮਗਰੋਂ ਸ਼ੁਰੂ ਹੋਇਆ। ਨਵਜੋਤ ਕੌਰ ਦਾ ਦੋਸ਼ ਹੈ ਕਿ ਕੈਪਟਨ ਅਮਰਿੰਦਰ ਕਾਰਨ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਦੀ ਟਿਕਟ ਨਹੀਂ ਮਿਲੀ। ਦੋਸ਼ ਮਗਰੋਂ ਸਿੱਧੂ ਨੇ ਕਿਹਾ ਸੀ ਕਿ ਮੇਰੀ ਪਤਨੀ ਕਦੇ ਝੂਠ ਨਹੀਂ ਬੋਲਦੀ। ਇਸ ਵਿਚਾਲੇ ਐਤਵਾਰ ਨੂੰ ਵੋਟਾਂ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਨੂੰ ਕਿਹਾ ਕਿ ਸਿੱਧੂ ਉਨ੍ਹਾਂ ਦੀ ਥਾਂ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਸਿੱਧੂ ਅਸਲੀ ਕਾਂਗਰਸੀ ਨਹੀਂ ਹੈ। ਉਹ ਕਾਂਗਰਸੀ ਹੁੰਦੇ ਤਾਂ ਆਪਣੀ ਸ਼ਿਕਾਇਤਾਂ ਲਈ ਚੋਣਾਂ ਦਾ ਸਮਾਂ ਨਾ ਚੁਣਦੇ। ਕੈਪਟਨ ਅਮਰਿੰਦਰ ਸਿੰਘ ਦੇ ਨਵਜੋਤ ਸਿੱਧੂ ’ਤੇ ਹਮਲਾ ਬੋਲਣ ਮਗਰੋਂ ਪੰਜਾਬ ਸਰਕਾਰ ਦੇ ਕਈ ਮੰਤਰੀ ਵੀ ਸਾਹਮਣੇ ਆ ਗਏ ਹਨ। ਸਰਕਾਰ ਚ ਮੰਤਰੀ ਬ੍ਰਹਮ ਮਹਿੰਦਰਾ ਅਤੇ ਸਾਧੂ ਸਿੰਘ ਧਰਮਸੋਤ ਨੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਸਿੱਧੂ ਸਿਰਫ ਦੋ ਸਾਲ ਪਹਿਲਾਂ ਕਾਂਗਰਸ ਚ ਆਏ ਹਨ ਤੇ ਆਪਣੇ ਨਿਯਮ ਕਾਨੂੰਨ ਝਾੜ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close