Canada

ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਉੱਤੇ ਕੇਸ ਕਰਨ ਦੀ ਜਸਟਿਨ ਟਰੂਡੋ ਦੇ ਵਕੀਲ ਵੱਲੋਂ ਧਮਕੀ

ਓਟਵਾ, ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਮਾਂਟਰੀਅਲ ਦੀ ਇੰਜੀਨੀਅਰਿੰਗ ਕੰਪਨੀ ਖਿਲਾਫ ਮੁਜਰਮਾਨਾਂ ਕਾਰਵਾਈ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਵੱਲੋਂ ਸਿਆਸੀ ਤੌਰ ਉੱਤੇ ਦਖਲ ਦੇਣ ਦੀ ਗੱਲ ਉੱਤੇ ਅੜੇ ਰਹਿਣ ਕਾਰਨ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਉੱਤੇ ਕੇਸ ਕਰਨ ਦੀ ਜਸਟਿਨ ਟਰੂਡੋ ਦੇ ਵਕੀਲ ਵੱਲੋਂ ਧਮਕੀ ਦਿੱਤੀ ਗਈ ਹੈ। ਇਸ ਉੱਤੇ ਸ਼ੀਅਰ ਵੱਲੋਂ ਟਰੂਡੋ ਨੂੰ ਇਹ ਚੈਲਿੰਜ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਇਸ ਇਰਾਦੇ ਨੂੰ ਪੂਰਾ ਕਰਨ।
ਐਤਵਾਰ ਨੂੰ ਕੰਜ਼ਰਵੇਟਿਵ ਆਗੂ ਵੱਲੋਂ ਇਹ ਖੁਲਾਸਾ ਕੀਤਾ ਗਿਆ ਕਿ 31 ਮਾਰਚ ਨੂੰ ਉਨ੍ਹਾਂ ਨੂੰ ਟਰੂਡੋ ਦੇ ਵਕੀਲ ਜੂਲੀਅਨ ਪੌਰਟਰ ਕੋਲੋਂ ਇੱਕ ਚਿੱਠੀ ਮਿਲੀ ਜਿਸ ਵਿੱਚ ਉਨ੍ਹਾਂ ਨੂੰ ਅਦਾਲਤੀ ਮੁਕੱਦਮੇ ਦਾ ਸਾਹਮਣਾ ਕਰਨ ਦੀ ਧਮਕੀ ਦਿੱਤੀ ਗਈ ਸੀ। ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ੀਅਰ ਨੇ ਆਖਿਆ ਕਿ ਇਸ ਸਕੈਂਡਲ ਦੇ ਸਬੰਧ ਵਿੱਚ ਉਨ੍ਹਾਂ ਟਰੂਡੋ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਜਿਹੜੀ ਵੀ ਨੁਕਤਾਚੀਨੀ ਕੀਤੀ ਹੈ ਉਹ ਉਸ ਉੱਤੇ ਅਜੇ ਵੀ ਕਾਇਮ ਹਨ।
ਸ਼ੀਅਰ ਨੇ ਆਖਿਆ ਕਿ ਜੇ ਟਰੂਡੋ ਨੂੰ ਲੱਗਦਾ ਹੈ ਕਿ ਉਹ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੁੰਦੇ ਹਨ, ਜੇ ਉਨ੍ਹਾਂ ਕੋਲ ਉਨ੍ਹਾਂ ਖਿਲਾਫ ਕੋਈ ਕੇਸ ਹੈ ਤਾਂ ਉਨ੍ਹਾਂ ਨੂੰ ਇਸ ਪਾਸੇ ਫੌਰੀ ਕਾਰਵਾਈ ਕਰਨੀ ਚਾਹੀਦੀ ਹੈ। ਸ਼ੀਅਰ ਨੇ ਆਖਿਆ ਕਿ ਇਹ ਲੋਕ ਹਿਤ ਦਾ ਮਾਮਲਾ ਹੈ ਤੇ ਇਸ ਨੂੰ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਜਲਦ ਸੁਣਵਾਈ ਲਈ ਲਿਆਂਦਾ ਜਾਣਾ ਚਾਹੀਦਾ ਹੈ ਜਿੱਥੇ ਲਿਬਰਲ ਕਿਸੇ ਕਿਸਮ ਦੀਆਂ ਪ੍ਰੋਸੀਡਿੰਗਜ਼ ਨੂੰ ਕੰਟਰੋਲ ਨਾ ਕਰਦੇ ਹੋਣ। ਸ਼ੀਅਰ ਨੇ ਆਖਿਆ ਕਿ ਉਹ ਵੀ ਚਾਹੁੰਦੇ ਹਨ ਕਿ ਟਰੂਡੋ ਓਪਨ ਕੋਰਟ ਵਿੱਚ ਸੰਹੁ ਚੁੱਕ ਕੇ ਕਈ ਘੰਟਿਆਂ ਲਈ ਗਵਾਹੀ ਦੇਣ। ਸ਼ੀਅਰ ਨੇ ਅੱਗੇ ਆਖਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਟਰੂਡੋ ਦੀ ਇਹ ਧਮਕੀ ਅਸਲ ਵਿੱਚ ਵਿਰੋਧੀ ਧਿਰ ਨੂੰ ਆਪਣੀ ਸੰਵਿਧਾਨਕ ਜਿ਼ੰਮੇਵਾਰੀ ਪੂਰੀ ਕਰਨ ਤੋਂ ਰੋਕਣ ਦੀ ਚਾਲ ਹੈ। ਸੱਚ ਜਾਨਣ ਲਈ ਜਿਹੜੇ ਟਰੂਡੋ ਸਾਹਮਣੇ ਖੜ੍ਹੇ ਹੋਣ ਦਾ ਜੇਰਾ ਰੱਖਦੇ ਹਨ ਉਨ੍ਹਾਂ ਨੂੰ ਚੁੱਪ ਕਰਵਾਏ ਜਾਣ ਲਈ ਪ੍ਰਧਾਨ ਮੰਤਰੀ ਵੱਲੋਂ ਇਹ ਤਰੀਕਾ ਅਪਣਾਇਆ ਜਾ ਰਿਹਾ ਹੈ, ਜਿਵੇਂ ਕਿ ਉਨ੍ਹਾਂ ਨੇ ਸਾਬਕਾ ਅਟਾਰਨੀ ਜਨਰਲ ਵਿਲਸਨ ਰੇਅਬੋਲਡ ਨੂੰ ਚੁੱਪ ਕਰਵਾਉਣ ਦਾ ਤਰੀਕਾ ਅਪਣਾਇਆ ਸੀ। ਟਰੂਡੋ ਨਹੀਂ ਚਾਹੁੰਦੇ ਕਿ ਅਜਿਹੇ ਮਾਮਲੇ ਵਿੱਚ ਸਰਕਾਰ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਦੂਜੇ ਪਾਸੇ ਇੱਕ ਬਿਆਨ ਜਾਰੀ ਕਰਕੇ ਪ੍ਰਧਾਨ ਮੰਤਰੀ ਆਫਿਸ ਨੇ ਇਹ ਆਖਿਆ ਹੈ ਕਿ ਸ਼ੀਅਰ ਤੇ ਉਨ੍ਹਾਂ ਦੀ ਪਾਰਟੀ ਨੇ ਝੂਠੇ ਤੇ ਉਨ੍ਹਾਂ ਦੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਬਿਆਨ ਦਿੱਤੇ ਹਨ। ਅਜਿਹੇ ਝੂਠੇ ਬਿਆਨ ਦੇਣ ਲਈ ਅਸੀਂ ਉਨ੍ਹਾਂ ਨੂੰ ਇਸ ਦਾ ਖਮਿਆਜਾ ਭੁਗਤਣ ਵਾਸਤੇ ਨੋਟਿਸ ਦੇਣਾ ਚਾਹੁੰਦੇ ਹਾਂ।

Show More

Related Articles

Leave a Reply

Your email address will not be published. Required fields are marked *

Close