Punjab

ਨਿੱਤ ਵਧਦੀ ਜਾ ਰਹੀ ਹੈ ਸ਼ਹੀਦ–ਏ–ਆਜ਼ਮ ਭਗਤ ਸਿੰਘ ਦੀ ਹਰਮਨਪਿਆਰਤਾ

ਅੱਜ ਸ਼ਹੀਦ–ਏ–ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹਾਦਤ ਦਿਵਸ ਨੂੰ ਸਮਰਪਿਤ

ਮਹਾਨ ਇਨਕਲਾਬੀ ਆਜ਼ਾਦੀ ਘੁਲਾਟੀਏ ਭਗਤ ਸਿੰਘ ਵਰਗੇ ਸੂਰਮੇ ਵਿਰਲੇ ਹੀ ਹੋਏ ਹਨ, ਜਿਨ੍ਹਾਂ ਨੇ ਇੰਨੀ ਨਿੱਕੀ ਉਮਰੇ ਇਤਿਹਾਸ ਰਚ ਕੇ ਵਿਖਾਇਆ। ਭਗਤ ਸਿੰਘ ਨੇ 23 ਮਾਰਚ, 1931 ਨੂੰ ਸਿਰਫ਼ 24 ਸਾਲ ਦੀ ਉਮਰੇ ਸ਼ਹਾਦਤ ਪਾ ਲਈ ਸੀ। ਉਦੋਂ ਦੀ ਅੰਗ੍ਰੇਜ਼ ਸਰਕਾਰ ਨੇ ਤਦ ਭਗਤ ਸਿੰਘ ਦੇ ਨਾਲ ਰਾਜਗੁਰੂ ਅਤੇ ਸੁਖਦੇਵ ਨੂੰ ਵੀ ਫਾਂਸੀ ਦੇ ਦਿੱਤੀ ਸੀ।
ਯਕੀਨੀ ਤੌਰ ‘ਤੇ ਭਗਤ ਸਿੰਘ ਇੱਕ ਵਿਲੱਖਣ ਤੇ ਕ੍ਰਿਸ਼ਮਾਈ ਸ਼ਖ਼ਸੀਅਤ ਦੇ ਮਾਲਕ ਸਨ, ਜਿਨ੍ਹਾਂ ਦੀ ਸੋਚ ਬਿਲਕੁਲ ਸਪੱਸ਼ਟ ਸੀ। ਉਹ ਆਪਣੀ ਦੂਰ–ਦ੍ਰਿਸ਼ਟੀ ਸਦਕਾ ਹੀ ਨਿੰਕੀ ਉਮਰੇ ਲਿਖਣ ਵੀ ਲੱਗ ਪਏ ਸਨ। ਉਨ੍ਹਾਂ ਤਦ ਹੀ ਆਪਣੇ–ਆਪ ਨੂੰ ਇੱਕ ਨਿਸ਼ਚਿਤ ਸੋਚ ਨਾਲ ਪ੍ਰਤੀਬੱਧ ਕਰ ਲਿਆ ਸੀ। ਬੇਸ਼ੱਕ ਉਹ ਅੱਜ ਵੀ ਰਾਸ਼ਟਰੀ ਨਾਇਕ ਹਨ। ਸਮੁੱਚੇ ਦੇਸ਼ ਦੇ ਦੂਰ–ਦੁਰਾਡੇ ਦੇ ਇਲਾਕਿਆਂ ਵਿੱਚ ਉਨ੍ਹਾਂ ਦੀਆਂ ਤਸਵੀਰਾਂ ਤੇ ਪੋਸਟਰ ਸਹਿਜੇ ਹੀ ਵੇਖੇ ਜਾ ਸਕਦੇ ਹਨ।
ਭਗਤ ਸਿੰਘ ਦੀ ਸ਼ਹਾਦਤ ਦੇ ਤੁਰੰਤ ਬਾਅਦ ਤੋਂ ਹੀ ਆਮ ਲੋਕਾਂ ਨੇ ਬੇਹੱਦ ਮਾਣ ਨਾਲ ਆਪਣੇ ਬੱਚਿਆਂ ਦੇ ਨਾਮ ‘ਭਗਤ ਸਿੰਘ’ ਰੱਖਣਾ ਸ਼ੁਰੂ ਕਰ ਦਿੱਤਾ ਸੀ ਤੇ ਉਹ ਪਿਰਤ ਅੱਜ ਤੱਕ ਵੀ ਕਾਇਮ ਹੈ। ਪੰਜਾਬ ਵਿੱਚ ਵੀ ਭਗਤ ਸਿੰਘ ਤੋਂ ਵੱਧ ਹਰਮਨਪਿਆਰਾ ਹੋਰ ਕੋਈ ਨਹੀਂ ਹੋ ਸਕਿਆ। ਪੰਜਾਬੀ ਸ਼ਾਇਰ ਅਮਰਜੀਤ ਚੰਦਨ ਨੇ ਸ਼ਹੀਦ ਭਗਤ ਸਿੰਘ ਦੀ ਸਮਕਾਲੀ ਹਰਮਨਪਿਆਰਤਾ ਦੀਆਂ ਕੁਝ ਮਿਸਾਲਾਂ ਦਾ ਸੰਕਲਨ ਕੀਤਾ ਹੈ। ਉਹ ਦੱਸਦੇ ਹਨ ਕਿ ਭਗਤ ਸਿੰਘ ਯਕੀਨੀ ਤੌਰ ਉੱਤੇ 20ਵੀਂ ਸਦੀ ਦੇ ਪੰਜਾਬ ਦੇ ਮਹਾਂਨਾਇਕ ਹਨ। ਸੂਬੇ ਦਾ ਸ਼ਾਇਦ ਹੀ ਕੋਈ ਅਜਿਹਾ ਸ਼ਹਿਰ ਜਾਂ ਕਸਬਾ ਹੋਵੇਗਾ, ਜਿੱਥੇ ਉੱਥੋਂ ਦੀ ਗਲੀ ਜਾਂ ਸੜਕ ਉੱਤੇ ਉਨ੍ਹਾਂ ਦਾ ਬੁੱਤ ਨਹੀਂ ਲੱਗਾ।
ਇਸ ਮਾਮਲੇ ਦਾ ਦਿਲਚਸਪ ਪੱਖ ਇਹ ਹੈ ਕਿ ਭਗਤ ਸਿੰਘ ਦੀ ਸ਼ਹਾਦਤ ਦੇ ਤੁਰੰਤ ਬਾਅਦ ਹੀ ਉਨ੍ਹਾਂ ਨੂੰ ਸਰਬਵਿਆਪਕ ਮਾਨਤਾ ਮਿਲਣੀ ਸ਼ੁਰੂ ਹੋ ਗਈ ਸੀ। ਲੰਦਨ (ਇੰਗਲੈਂਡ) ਸਥਿਤ ਮਟੀਰੀਅਲ ਕਲਚਰ, ਯੂਨੀਵਰਸਿਟੀ ਕਾਲਜ ਦੇ ਇੱਕ ਸੀਨੀਅਰ ਲੈਕਚਰਾਰ ਅਨੁਸਾਰ: ‘ਭਗਤ ਸਿੰਘ ਦੀ ਸ਼ਖ਼ਸੀਅਤ ਵਿੱਚ ਇੱਕ ਅਜੀਬ ਜਿਹੀ ਕਸ਼ਿਸ਼ ਸੀ, ਜੋ ਅੱਜ ਵੀ ਹੈ। ਜਵਾਹਰਲਾਲ ਨਹਿਰੂ ਨੇ ਵੀ ਸ਼ਹੀਦ ਭਗਤ ਸਿੰਘ ਦੀ ‘ਚਾਣਚੱਕ ਤੇ ਅਦਭੁੱਤ’ ਹਰਮਨਪਿਆਰਤਾ ਦਾ ਜ਼ਿਕਰ ਕੀਤਾ ਸੀ।’
ਭਗਤ ਸਿੰਘ ਦੀ ਅਮਿੱਟ ਛਾਪ ਸਮੂਹ ਦੇਸ਼ ਵਾਸੀਆਂ ਦੇ ਦਿਲਾਂ ਉੱਤੇ 1931 ਭਾਵ ਉਨ੍ਹਾਂ ਦੀ ਸ਼ਹਾਦਤ ਤੋਂ ਹੀ ਉੱਕਰਨੀ ਸ਼ੁਰੂ ਹੋ ਗਈ ਸੀ। ਸਾਲ 1954 ਤੋਂ ਲੈ ਕੇ 2002 ਤੱਕ ਉਨ੍ਹਾਂ ਦੇ ਜੀਵਨ ਉੱਤੇ ਸੱਤ ਫ਼ਿਲਮਾਂ ਬਣ ਚੁੱਕੀਆਂ ਹਨ, ਜੋ ਬਹੁਤ ਹਿੱਟ ਰਹੀਆਂ ਹਨ। ਇਕੱਲੇ ਸਾਲ 2002 ਦੌਰਾਨ ਉਨ੍ਹਾਂ ਉੱਤੇ ਬਣੀਆਂ ਤਿੰਨ ਫ਼ਿਲਮਾਂ ਰਿਲੀਜ਼ ਹੋਈਆਂ ਸਨ।
ਸ਼ਹੀਦ ਭਗਤ ਸਿੰਘ ਦੇ ਅਕਸ ਤੋਂ ਹੌਸਲੇ, ਸੰਘਰਸ਼ ਅਤੇ ਕੁਰਬਾਨੀ ਦੀਆਂ ਕਦਰਾਂ–ਕੀਮਤਾਂ ਸਿੱਖਣ ਨੂੰ ਮਿਲਦੀਆਂ ਹਨ। ਉਨ੍ਹਾਂ ਦੀ ਇੱਕ ਤਸਵੀਰ ਨੂੰ ਕੁਝ ਅਜਿਹੇ ਮੁੱਦੇ ਉਜਾਗਰ ਕਰਨ ਲਈ ਗ਼ੈਰ–ਵਾਜਬ ਤਰੀਕੇ ਵੀ ਵਰਤਿਆ ਜਾਂਦਾ ਰਿਹਾ ਹੈ, ਜਿਹੜੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦੇ। ਇੱਕ ਪਾਸੇ ਤਾਂ ਉਨ੍ਹਾਂ ਦੀ ਟੋਪੀ ਵਾਲੀ ਤੇ ਕਲੀਨ–ਸ਼ੇਵ ਤਸਵੀਰ ਪ੍ਰਚਲਿਤ ਹੈ, ਜਦ ਕਿ ਦੂਜੇ ਪਾਸੇ ਉਨ੍ਹਾਂ ਦਾ ਇੱਕ ਧਰਮ–ਨਿਰਪੇਖ ਅਕਸ ਹੈ, ਜਿਸ ਵਿੱਚ ਉਨ੍ਹਾਂ ਦਸਤਾਰ ਸਜਾਈ ਹੋਈ ਹੈ। ਪੰਜਾਬ ਵਿੱਚ ਕੁਝ ਲੋਕ ਉਨ੍ਹਾਂ ਨੂੰ ਇੱਕ ਸਿੱਖ ਨਾਇਕ ਬਣਾ ਕੇ ਪੇਸ਼ ਕਰਦੇ ਹਨ।
ਇਸ ਸ਼ਹੀਦ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਭਗਤ ਸਿੰਘ ਹੁਰਾਂ ਦੀ ਉਨ੍ਹਾਂ ਤਸਵੀਰਾਂ ਉੱਤੇ ਇਤਰਾਜ਼ ਵੀ ਹੁੰਦਾ, ਜਿਸ ਵਿੱਚ ਉਹ ਆਪਣੇ ਹੱਥ ਵਿੱਚ ਫੜੀ ਬੰਦੂਕ ਨਾਲ ਗੋਲੀ ਚਲਾਉਂਦਿਆਂ ਵਿਖਾਈ ਦੇ ਰਹੇ ਹਨ ਜਾਂ ਆਪਣੀਆਂ ਮੁੱਛਾਂ ਨੂੰ ਤਾਅ ਦਿੰਦੇ ਦਿਸਦੇ ਹਨ। ਸਿਰਫ਼ ਉਹੀ ਲੋਕ ਭਗਤ ਸਿੰਘ ਦੀਆਂ ਅਜਿਹੀਆਂ ਤਸਵੀਰਾਂ ਸਿਰਜਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੀ ਵਿਚਾਰਧਾਰਾ ਤੇ ਉਨ੍ਹਾਂ ਦੇ ਸੁਭਾਅ ਬਾਰੇ ਜਾਣਕਾਰੀ ਨਹੀਂ ਹੈ। ਅਮਰਜੀਤ ਚੰਦਨ ਮੁਤਾਬਕ – ‘ਪੰਜਾਬ ਦੇ ਸ਼ਹਿਰਾਂ ਵਿੱਚ ਸ਼ਹੀਦੇ–ਏ–ਆਜ਼ਮ ਭਗਤ ਸਿੰਘ ਦੇ ਕੰਕ੍ਰੀਟ ਤੇ ਧਾਤ ਦੇ ਬਣੇ ਵੱਡੇ–ਵੱਡੇ ਬੁੱਤ ਅਕਸਰ ਵਿਖਾਈ ਦਿੰਦੇ ਹਨ; ਜਿੱਥੇ ਪੌੜੀਆਂ ਵੀ ਬਣੀਆਂ ਹੋਈਆਂ ਹਨ। ਉੱਥੇ ਸਿਆਸੀ ਆਗੂ ਆਪਣੀ ਸੁਵਿਧਾ ਤੇ ਮੌਕਿਆਂ ਦੇ ਹਿਸਾਬ ਨਾਲ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ। ਅਜਿਹਾ ਆਮ ਤੌਰ ਉੱਤੇ ਸ਼ਹੀਦ ਦੇ ਜਨਮ ਤੇ ਸ਼ਹਾਦਤ–ਦਿਵਸ ਮੌਕੇ ਹੁੰਦਾ ਹੈ। ਉਨ੍ਹਾਂ ਦੇ ਚਿਹਰੇ ਨਾਲ ਕਾਫ਼ੀ ਤੋੜ–ਮਰੋੜ ਕੀਤੀ ਜਾ ਚੁੱਕੀ ਹੈ ਤੇ ਉਨ੍ਹਾਂ ਦੀਆਂ ਤਸਵੀਰਾਂ ਅੱਜ ਵੀ ਟੀ–ਸ਼ਰਟਾਂ, ਸਟਿੱਕਰਾਂ ਤੇ ਹੋਰ ਬਹੁਤ ਸਾਰੇ ਸਥਾਨਾਂ ਉੱਤੇ ਵੇਖੀਆਂ ਜਾ ਸਕਦੀਆਂ ਹਨ।’
1990 ‘ਚ ਬਣੀ ਆਨੰਦ ਪਟਵਰਧਨ ਦੀ ਫ਼ਿਲਮ ‘ਇਨ ਮੈਮੋਰੀ ਆਫ਼ ਫ਼ਰੈਂਡਜ਼’ ਵਿੱਚ ਉਸ ਵੇਲੇ ਦੇ ਗੜਬੜਗ੍ਰਸਤ ਪੰਜਾਬ ਵਿੱਚ ਉਦੋਂ ਪਾਏ ਜਾਣ ਵਾਲੇ ਮੂਲਵਾਦ ਤੇ ਕੱਟੜਪ੍ਰਸਤੀ ਦੇ ਵਿਰੋਧ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਸੀ। ਉਸ ਫ਼ਿਲਮ ਵਿੱਚ ਇੱਕ ਥਾਂ ਕਿਹਾ ਗਿਆ ਹੈ – ‘ਅੱਜ ਸਮੁੱਚਾ ਰਾਸ਼ਟਰ ਭਗਤ ਸਿੰਘ ਨੂੰ ਇੱਕ ਰਾਸ਼ਟਰਵਾਦੀ ਵਜੋਂ ਪੇਸ਼ ਕਰਦਾ ਹੈ, ਜਦ ਕਿ ਸਿੱਖ ਵੱਖਵਾਦੀ ਉਨ੍ਹਾਂ ਨੂੰ ਇੱਕ ਸਿੱਖ ਖਾੜਕੂ ਬਣਾ ਕੇ ਦਰਸਾਉਂਦੇ ਹਨ। ਭਗਤ ਸਿੰਘ ਇਨ੍ਹਾਂ ਦੋਵਾਂ ਵਿੱਚੋਂ ਕੋਈ ਨਹੀਂ ਸਨ। ਆਪਣੀ ਸ਼ਹਾਦਤ ਤੋਂ ਪਹਿਲਾਂ ਉਨ੍ਹਾਂ ਇੱਕ ਕਿਤਾਬ ਲਿਖੀ ਸੀ, ਜਿਸ ਦਾ ਨਾਂਅ ਸੀ ‘ਮੈਂ ਇੱਕ ਨਾਸਤਿਕ ਕਿਉਂ ਹਾਂ?’
ਮਹਾਂਨਾਇਕ ਸ਼ਹੀਦ ਭਗਤ ਸਿੰਘ ਮਹਿਜ਼ ਕੋਈ ਪੋਸਟਰ–ਬੁਆਏ ਨਹੀਂ ਹਨ, ਸਗੋਂ ਉਨ੍ਹਾਂ ਦੇ ਜੀਵਨ–ਦਰਸ਼ਨ ਤੇ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਬਹੁਤ ਬਾਰੀਕੀ ਨਾਲ ਵਾਚਣ ਦੀ ਜ਼ਰੂਰਤ ਹੈ।

Show More

Related Articles

Leave a Reply

Your email address will not be published. Required fields are marked *

Close