Punjab

​​​​​​​ਨਵਜੋਤ ਸਿੱਧੂ ਦਾ ਧਿਆਨ ‘ਆਪਣੇ ਮਹਿਕਮੇ ਵੱਲ ਘੱਟ, ਹੋਰ ਗੱਲਾਂ ’ਤੇ ਵੱਧ’

ਪੰਜਾਬ ਦੇ ਸਥਾਨਕ ਸਰਕਾਰਾਂ, ਸੈਰ–ਸਪਾਟਾ, ਸਭਿਆਚਾਰਕ ਮਾਮਲਿਆਂ ਅਤੇ ਅਜਾਇਬਘਰਾਂ ਬਾਰੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਇਸ ਵੇਲੇ ਕਾਂਗਰਸ ਪਾਰਟੀ ਦੇ ਰੋਹ–ਭਰਪੂਰ ਆਗੂ ਤੇ ਸਟਾਰ–ਪ੍ਰਚਾਰਕ ਹਨ। ਉਹ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਨੂੰ ਅਲਵਿਦਾ ਆਖਾ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਆਪਣੀ ਕੈਬਿਨੇਟ ਵਿੱਚ ਸ਼ਾਮਲ ਕੀਤਾ ਸੀ।
ਸ੍ਰੀ ਸਿੱਧੂ ਅਕਸਰ ਇਹੋ ਜਿਹੇ ਮੁੱਦੇ ਉਠਾਉਂਦੇ ਹਨ, ਜੋ ਆਮ ਲੋਕਾਂ ਨੂੰ ਚੰਗੇ ਲੱਗਦੇ ਹਨ ਤੇ ਮੀਡੀਆ ਵੀ ਉਨ੍ਹਾਂ ਦੀਆਂ ਖ਼ਬਰਾਂ ਨੂੰ ਸਦਾ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਤੇ ਪ੍ਰਸਾਰਿਤ ਕਰਦਾ ਆਇਆ ਹੈ। ਸ੍ਰੀ ਸਿੱਧੂ ਦੀ ਸਦਾ ਇਹੋ ਕੋਸ਼ਿਸ਼ ਰਹੀ ਹੈ ਕਿ ਉਹ ਖ਼ੁਦ ਨੂੰ ਪੰਜਾਬ ਸੂਬੇ ਦਾ ਆਗੂ ਅਖਵਾਏ ਜਾਣ। ਉਹ ਇਸ ਵੇਲੇ ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਲਈ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਟਿਕਟ ਚਾਹ ਰਹੇ ਹਨ।
ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਸ਼ਹਿਰੀ ਸਥਾਨਕ ਇਕਾਈਆਂ ਦਾ ਪੁਨਰਗਠਨ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਆਤਮ–ਨਿਰਭਰ ਬਣਾਇਆ ਜਾਵੇਗਾ, ਟੈਕਸਾਂ ਨੂੰ ਤਰਕਪੂਰਨ ਬਣਾਇਆ ਜਾਵੇਗਾ, ਸਥਾਨਕ ਸਰਕਾਰਾਂ ਵਿੱਚ ਔਰਤਾਂ ਲਈ 50% ਰਾਖਵਾਂਕਰਨ ਯਕੀਨੀ ਬਣਾਇਆ ਜਾਵੇਗਾ, ਫ਼ੰਡ ਸਮੇਂ ਸਿਰ ਮੁਹੱਈਆ ਕਰਵਾਏਹ ਜਾਣਗੇ, ਸ਼ਹਿਰੀ ਬੁਨਿਆਦੀ ਢਾਂਚਾ ਫ਼ੰਡ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਪ੍ਰਭਾਵਸ਼ਾਲੀ ਤਰੀਕੇ ਪ੍ਰਬੰਧ ਚਲਾਉਣ ਲਈ ਇੱਕ ਵੱਖਰੀ ਅਥਾਰਟੀ ਕਾਇਮ ਕੀਤੀ ਜਾਵੇਗੀ ਅਤੇ ਘਰੇਲੂ ਤੇ ਉਦਯੋਗਿਕ ਰਹਿੰਦ–ਖੂਹੰਦ ਅਤੇ ਕੂੜਾ–ਕਰਕਟ ਦੀ ਪ੍ਰਾਸੈਸਿੰਗ ਕੀਤੀ ਜਾਵੇਗੀ। ਅੰਮ੍ਰਿਤਸਰ, ਜਲੰਧਰ, ਪਟਿਆਲਾ ਤੇ ਬਠਿੰਡਾ ਵਿੱਚ ਠੋਸ ਰਹਿੰਦ–ਖੂਹੰਦ ਲਈ ਡੰਪ ਬਣਾਏ ਜਾਣਗੇ।
ਹੁਣ ਪੰਜਾਬ ਸਰਕਾਰ ਨੇ ਏਸ਼ੀਅਨ ਵਿਕਾਸ ਬੈਂਕ ਤੋਂ 5,540 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ, ਜਿਸ ਦੀ ਮਦਦ ਨਾਲ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਵਿੱਚ ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਲਾਏ ਜਾਣਗੇ ਅਤੇ ਇਸ ਤੋਂ ਇਲਾਵਾ 120 ਸ਼ਹਿਰਾਂ ਵਿੱਚ ਸੀਵਰੇਜ ਸਿਸਟਮ ਮਜ਼ਬੂਤ ਹੋਣਗੇ। ਇਹ ਸਭ ਕੰਮ ਛੇਤੀ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸਥਾਨਕ ਸ਼ਹਿਰੀ ਇਕਾਈਆਂ ਵਿੱਚ 50% ਰਾਖਵਾਂਕਰਨ ਲਾਗੂ ਕਰ ਦਿੱਤਾ ਗਿਆ ਹੈ ਅਤੇ ਫ਼ਾਇਰ ਡਿਪਾਰਟਮੈਂਟ ਲਈ ਵੱਖਰਾ ਡਾਇਰੈਕਟੋਰੇਟ ਕਾਇਮ ਕੀਤਾ ਗਿਆ ਹੈ।
ਈ–ਟੈਂਡਰਿੰਗ ਤੇ ਆਊਟਡੋਰ ਇਸ਼ਤਿਹਾਰ ਲਈ ਇੱਕ ਨਵੀਂ ਨੀਤੀ ਸ਼ੁਰੂ ਕੀਤੀ ਗਈ ਹੈ ਤੇ ਗ਼ੈਰ–ਕਾਨੂੰਨੀ ਇਮਾਰਤਾਂ ਲਈ ਇੱਕੋ–ਵਾਰੀ ਵਿੱਚ ਨਿਬੇੜਾ ਯੋਜਨਾ ਸ਼ੁਰੂ ਕਰ ਦਿੱਤੀ ਗਈ ਹੈ। ਠੋਸ ਕੂੜਾ–ਕਰਕਟ ਦੇ ਪ੍ਰਬੰਧ ਲਈ ‘ਪੰਜਾਬ ਮਿਊਂਸਪਲ ਇਨਫ਼੍ਰਾਸਟਰੱਕਚਰ ਡਿਵੈਲਪਮੈਂਟ ਕੰਪਨੀ’ (PMIDC) ਨੂੰ ਸਥਾਪਤ ਕੀਤਾ ਗਿਆ ਹੈ ਤੇ ਅਣ–ਅਧਿਕਾਰਤ ਇਮਾਰਤਾਂ ਨੂੰ ਨਿਯਮਤ ਕਰਨ ਲਈ ਇੱਕੋ–ਵਾਰੀ ਨਿਬੇੜਾ ਯੋਜਨਾ ਅਰੰਭੀ ਗਈ ਹੈ।
ਅੰਮ੍ਰਿਤਸਰ, ਜਲੰਧਰ, ਪਟਿਆਲਾ ਤੇ ਬਠਿੰਡਾ ਵਿੱਚ ਠੋਸ ਕੂੜਾ–ਕਰਕਟ ਦੇ ਡੰਪਸ ਨੂੰ ਨਵੀਂ ਥਾਂ ਉੱਤੇ ਨਹੀਂ ਲਾਇਆ ਗਿਆ ਹੈ। ਪੰਜਾਬ ਦੀਆਂ ਬਹੁਤੀਆਂ ਸਥਾਨਕ ਇਕਾਈਆਂ ਕੋਲ ਫ਼ੰਡਾਂ ਦੀ ਘਾਟ ਹੈ ਤੇ ਬਹੁਤੇ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਵਿੱਚ ਸਟਾਫ਼ ਵੀ 40% ਤੱਕ ਘੱਟ ਹੈ।
55 ਸਾਲਾ ਗ੍ਰੈਜੂਏਟ ਨਵਜੋਤ ਸਿੰਘ ਸਿੱਧੂ ਕਈ ਵਾਰ ਆਮ ਲੋਕਾਂ ਤੋਂ ਵੱਖਰੀ ਕਿਸਮ ਦਾ ਸਟੈਂਡ ਲੈ ਲੈਂਦੇ ਹਨ; ਜੇ ਇਹ ਕਹਿ ਲਿਆ ਜਾਵੇ ਕਿ ਉਨ੍ਹਾਂ ਦਾ ਸਟੈਂਡ ਖ਼ਾਸ ਤੌਰ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਟੈਂਡ ਤੋਂ ਤਾਂ ਉਲਟ ਹੀ ਹੁੰਦਾ ਹੈ। ਇੱਕ ਵਾਰ ਰਾਸ਼ਟਰੀ ਪੱਧਰ ਉੱਤੇ ਵੱਖੋ–ਵੱਖਰੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿੱਚ ਚੋਣ ਪ੍ਰਚਾਰ ਕਰਦਿਆਂ ਉਨ੍ਹਾਂ ਆਖ ਦਿੱਤਾ ਸੀ ਕਿ ‘ਕੈਪਟਨ ਤਾਂ ਫ਼ੌਜ ਦੇ ਕੈਪਟਨ ਹਨ, ਮੇਰੇ ਕੈਪਟਨ ਤਾਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਹਨ।’
ਸ੍ਰੀ ਸਿੱਧੂ ਖ਼ੁਦ ਨੂੰ ਇਸ ਵੇਲੇ ਕੈਪਟਨ ਅਮਰਿੰਦਰ ਦਾ ਜਾਨਸ਼ੀਨ ਬਣਾ ਕੇ ਪੇਸ਼ ਕਰ ਰਹੇ ਹਨ ਤੇ ਜਦੋਂ ਵੀ ਕਦੇ ਇਹ ਦੋਵੇਂ ਸ਼ਖ਼ਸੀਅਤਾਂ ਮਿਲਦੀਆਂ ਹਨ, ਤਾਂ ਸ੍ਰੀ ਸਿੱਧੂ ਤਦ ਕੈਪਟਨ ਨੂੰ ਆਪਣੇ ਪਿਤਾ–ਸਮਾਨ ਵੀ ਆਖਦੇ ਹਨ। ਬੀਤੀ 26 ਫ਼ਰਵਰੀ ਨੂੰ ਜਦੋਂ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ’ਚ ਬਾਲਾਕੋਟ ਵਿਖੇ ਮੌਜੂਦ ਅੱਤਵਾਦੀਆਂ ਦੇ ਕੈਂਪਾਂ ਉੱਤੇ ਹਮਲਾ ਕੀਤਾ ਸੀ, ਤਦ ਸ੍ਰੀ ਸਿੱਧੂ ਨੇ ਉਸ ਆਪਰੇਸ਼ਨ ਦੌਰਾਨ ਮਾਰੇ ਗਏ ਪਾਕਿਸਤਾਨੀ ਦਹਿਸ਼ਤਗਰਦਾਂ ਦੀ ਗਿਣਤੀ ਉੱਤੇ ਸੁਆਲ ਉਠਾਏ ਸਨ। ਜਦੋਂ ਸ੍ਰੀ ਨਵਜੋਤ ਸਿੰਘ ਸਿੱਧੂ ਅਗਸਤ 2018 ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ–ਚੁਕਾਈ ਸਮਾਰੋਹ ਵਿੱਚ ਗਏ ਸਨ, ਤਦ ਉਨ੍ਹਾਂ ਪਾਕਿਸਤਾਨੀ ਫ਼ੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾ ਲਈ ਸੀ ਤੇ ਭਾਰਤ ਵਿੱਚ ਉਸ ਦਾ ਵਿਵਾਦ ਪੈਦਾ ਹੋ ਗਿਆ ਸੀ। ਇਸ ਦੇ ਜਵਾਬ ਵਿੱਚ ਸ੍ਰੀ ਸਿੱਧੂ ਨੇ ਆਖਿਆ ਸੀ ਕਿ ਉਨ੍ਹਾਂ ਨੂੰ ਜਦੋਂ ਸ੍ਰੀ ਬਾਜਵਾ ਨੇ ਦੱਸਿਆ ਸੀ ਕਿ ਉਹ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਤਿਆਰ ਹਨ, ਤਾਂ ਉਹ ਬਹੁਤ ਖ਼ੁਸ਼ ਹੋ ਗਏ ਸਨ।

Show More

Related Articles

Leave a Reply

Your email address will not be published. Required fields are marked *

Close