Punjab

ਅਗਲੇ 3 ਸਾਲਾਂ ’ਚ ਸਾਰੇ ਵਾਅਦੇ ਪੂਰੇ ਕਰ ਦੇਵਾਂਗੇ: ਧਰਮਸੋਤ

ਪੰਜਾਬ ਦੇ ਜੰਗਲਾਤ, ਛਪਾਈ ਤੇ ਸਟੇਸ਼ਨਰੀ ਅਤੇ ਅਨੁਸੂਚਿਤ ਜਾਤਾਂ ਤੇ ਪੱਛੜੀਆਂ ਸ਼੍ਰੇਣੀ ਦੀ ਭਲਾਈ ਬਾਰੇ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ 1980ਵਿਆਂ ਦੇ ਅੱਧ ਵਿੱਚ ਯੂਥ ਕਾਂਗਰਸ ਤੋਂ ਕੀਤੀ ਸੀ। ਉਹ ਬਾਅਦ ਵਿੱਚ ਯੂਥ ਕਾਂਗਰਸ ਦੀ ਸੂਬਾ ਇਕਾਈ ਦੇ ਕੋਆਰਡੀਨੇਟਰ ਬਣੇ ਸਨ।
59 ਸਾਲਾ ਮੈਟ੍ਰਿਕ ਪਾਸ ਸ੍ਰੀ ਧਰਮਸੋਤ 1992 ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ ਤੇ ਹੁਣ ਤੱਕ ਪੰਜ ਵਾਰ ਵਿਧਾਇਕ ਬਣ ਚੁੱਕੇ ਹਨ। ਸਾਲ 2002 ਤੋਂ ਲੈ ਕੇ ਹੁਣ ਤੱਕ ਉਹ ਸਾਰੀਆਂ ਚਾਰ ਵਿਧਾਨ ਸਭਾ ਚੋਣਾਂ ਜਿੱਤੇ ਹਨ। ਉਂਝ ਉਹ ਸਾਲ 2014 ਦੌਰਾਨ ਫ਼ਤਿਹਗੜ੍ਹ ਸਾਹਿਬ ਹਲਕੇ ਤੋਂ ਸੰਸਦੀ ਚੋਣ ਵੀ ਲੜੇ ਸਨ ਪਰ ਹਾਰ ਗਏ ਸਨ। ਕਾਂਗਰਸ ਪਾਰਟੀ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਅਨੁਸੂਚਿਤ ਜਾਤਾਂ, ਪੱਛੜੀਆਂ ਸ਼੍ਰੇਣੀਆਂ, ਈਸਾਈ ਤੇ ਮੁਸਲਿਮ ਭਾਈਚਾਰਿਆਂ ਦੀਆਂ ਕੁੜੀਆਂ ਦੇ ਵਿਆਹਾਂ ਮੌਕੇ 51,000 ਰੁਪਏ ਦਾ ਸ਼ਗਨ ਦੇਣ ਦਾ ਵਾਅਦਾ ਕੀਤਾ ਸੀ। ਪਿਛਲੀ ਸ਼੍ਰੋਮਣੀ ਅਕਾਲੀ ਦਲ–ਭਾਜਪਾ ਸਰਕਾਰ ਵੇਲੇ ਇਹ ਸ਼ਗਨ 15,000 ਰੁਪਏ ਦਿੱਤਾ ਜਾਂਦਾ ਸੀ। ਕਾਂਗਰਸ ਪਾਰਟੀ ਨੇ 100 ਕਰੋੜ ਰੁਪਏ ਨਾਲ ਅਨੁਸੂਚਿਤ ਜਾਤਾਂ ਵਿੱਤੀ ਨਿਗਮ (SCFC) ਅਰੰਭਣ ਦਾ ਐਲਾਨ ਕੀਤਾ ਸੀ, ਅਨੁਸੂਚਿਤ ਜਾਂਤਾਂ–ਅਨੁਸੂਚਿਤ ਕਬੀਲਿਆਂ ਤੇ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਪਰਿਵਾਰਾਂ ਲਈ ਬਲਾਕ–ਪੱਧਰ ਉੱਤੇ ਕਮਿਊਨਿਟੀ ਸੈਂਟਰ ਕਾਇਮ ਕਰਨ, ਪੋਸਟ–ਮੈਟ੍ਰਿਕੁਲੇਸ਼ਨ SC ਵਜ਼ੀਫ਼ਿਆਂ ਦਾ ਬੈਕਲਾਗ ਕੱਢਣ ਦਾ ਐਲਾਨ ਕੀਤਾ ਸੀ। ਕਾਂਗਰਸ ਦੇ ਇਨ੍ਹਾਂ ਵਿੱਚੋਂ ਕੋਈ ਵੀ ਵਾਅਦੇ ਪੂਰੇ ਨਹੀਂ ਹੋ ਸਕੇ। ਸ਼ਗਨ ਦੀ ਰਕਮ ਵਧਾ ਕੇ 21,000 ਰੁਪਏ ਕੀਤੀ ਗਈ ਸੀ ਪਰ ਜਨਵਰੀ ਤੇ ਫ਼ਰਵਰੀ ਮਹੀਨਿਆਂ ਦੇ ਉਹ ਸ਼ਗਨ ਵੀ ਹਾਲੇ ਦੇਣ ਵਾਲੇ ਪਏ ਹਨ। ਪ੍ਰਾਈਵੇਟ ਕਾਲਜਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਉੱਦਮ ਹੁਣ ਗ਼ੈਰ–ਵਿਵਹਾਰਕ ਹੋ ਗਏ ਹਨ। ਇਸ ਦੇ ਨਾਲ ਹੀ ਪੰਜਾਬ ਸਰਕਾਰ ਅਨੁਸੂਚਿਤ ਜਾਤਾਂ ਦੇ ਸਾਰੇ ਵਿਦਿਆਰਥੀਆਂ ਲਈ ਮੁਫ਼ਤ ਸਿੱਖਿਆ ਦੀ ਸ਼ੁਰੂਆਤ ਕਰਨ ਤੋਂ ਵੀ ਅਸਮਰੱਥ ਰਹੇ ਹਨ; ਜਦ ਕਿ ਸਾਲ 2017 ਦੀਆਂ ਚੋਣਾਂ ਵੇਲੇ ਇਹ ਵਾਅਦਾ ਕਾਂਗਰਸ ਦੇ ਚੋਣ ਮੈਨੀਫ਼ੈਸਟੋ ਵਿੱਚ ਕੀਤਾ ਗਿਆ ਸੀ। ਪ੍ਰੋਫ਼ੈਸ਼ਨਲ ਕਾਲਜਾਂ ’ਚ ਪੜ੍ਹਦੇ ਅਨੁਸੂਚਿਤ ਜਾਤਾਂ ਦੇ ਵਿਦਿਆਰਥੀਆਂ ਲਈ ਰਹਿਣਾ–ਸਹਿਣਾ ਮੁਫ਼ਤ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਇਹ ਵਾਅਦਾ ਹਾਲੇ ਤੱਕ ਸਿਰਫ਼ ਕਾਗਜ਼ਾਂ ਤੱਕ ਹੀ ਮਹਿਦੂਦ ਹੈ।ਜੰਗਲਾਤ ਮੰਤਰੀ ਵਜੋਂ ਸ੍ਰੀ ਧਰਮਸੋਤ ਨੇ ਆਪਣੇ ਮਹਿਕਮੇ ਦੀ 6,500 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਵਾਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਵਿਭਾਗ ਨੇ ਸਾਰੀਆਂ ਪੰਚਾਇਤਾਂ ਨੂੰ 550 ਬੂਟੇ ਵੰਡਣ ਦੀ ਮੁਹਿੰਮ ਵੀ ਵਿੱਢੀ ਹੈ; ਇਹ ਬੂਟੇ ਪਿੰਡਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਿੰਡਾਂ ਵਿੱਚ ਲਾਏ ਜਾਣੇ ਹਨ।ਜੇ ਸ੍ਰੀ ਧਰਮਸੋਤ ਨਾਲ ਜੁੜੇ ਵਿਵਾਦਾਂ ਦੀ ਗੱਲ ਕਰਨੀ ਹੋਵੇ, ਤਾਂ ਉਹ ਮੰਤਰੀ ਬਣਨ ਦੇ ਤੁਰੰਤ ਬਾਅਦ ਉਸ ਵੇਲੇ ਆਲੋਚਨਾ ਦੇ ਸ਼ਿਕਾਰ ਹੋਏ ਸਨ, ਜਦੋਂ ਉਹ ਨਾਭਾ ਦੇ ਸਰਕਾਰੀ ਸਕੂਲ ਦਾ ਦੌਰਾ ਕਰਨ ਗਏ ਸਨ ਪਰ ਉਨ੍ਹਾਂ ਦੀ ਉੱਥੇ ਪ੍ਰਿੰਸੀਪਲ ਨਾਲ ਇਸ ਗੱਲੋਂ ਬਹਿਸ ਹੋ ਗਈ ਸੀ ਕਿ ਉਨ੍ਹਾਂ ਨੇ ਸਕੂਲ ਦੇ ਨੋਟਿਸ ਬੋਰਡ ਉੱਤੇ ਉਨ੍ਹਾਂ ਲਈ ਸੁਆਗਤੀ ਨੋਟ ਨਹੀਂ ਲਿਖਿਆ ਸੀ। ਇੰਝ ਹੀ ਇੱਕ ਸਿਆਸੀ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਧਰਮਸੋਤ ਗ਼ਲਤੀ ਨਾਲ ਆਖ ਗਏ ਸਨ ਕਿ ‘ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੇਸ਼ ਦਾ ਬੇੜਾ–ਗਰਕ ਕਰ ਦਿੱਤਾ ਸੀ।’ਸ੍ਰੀ ਧਰਮਸੋਤ ਨੇ ਕਿਹਾ ਕਿ ਉਨ੍ਹਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਹੈ। ਹਾਲੇ ਤਿੰਨ ਵਰ੍ਹੇ ਪਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਾਰਗੁਜ਼ਾਰੀ ਬਾਰੇ ਉਦੋਂ ਪੁੱਛਿਆ ਜਾਵੇ, ਜਦੋਂ ਉਹ ਮੁਕੰਮਲ ਹੋਣ ਵਾਲੀ ਹੋਵੇ। ਤਦ ਤੱਕ ਸਾਰੇ ਵਾਅਦੇ ਪੂਰੇ ਕਰ ਦਿੱਤੇ ਜਾਣਗੇ।

Show More

Related Articles

Leave a Reply

Your email address will not be published. Required fields are marked *

Close