Canada

ਕੈਨੇਡਾ ਵਾਲਿਆਂ ਨੂੰ ਸਸਤੀ ਗਰੌਸਰੀ ਲਈ ਵਿਦੇਸ਼ਾਂ ਤੋਂ ਆਉਣਗੀਆਂ 12 ਕੰਪਨੀਆਂ

ਟੋਰਾਂਟੋ : ਮਹਿੰਗਾਈ ਨਾਲ ਜੂਝ ਰਹੇ ਕੈਨੇਡਾ ਵਾਸੀਆਂ ਨੂੰ ਰਾਹਤ ਦਿਵਾਉਣ ਦੇ ਉਪਰਾਲੇ ਤਹਿਤ 12 ਨਵੀਆਂ ਗਰੌਸਰੀ ਕੰਪਨੀਆਂ ਨੂੰ ਕਾਰੋਬਾਰ ਕਰਨ ਦੀ ਇਜਾਜ਼ਤ ਦਿਤੀ ਜਾ ਰਹੀ ਹੈ। ‘ਦਾ ਵੌਲ ਸਟ੍ਰੀਟ ਜਰਨਲ’ ਦੀ ਰਿਪੋਰਟ ਮੁਤਾਬਕ 12 ਕੰਪਨੀਆਂ ਜਲਦ ਹੀ ਕੈਨੇਡਾ ਵਿਚ ਆਪਣੇ ਸਟੋਰ ਖੋਲ੍ਹਣ ਦੀ ਪ੍ਰਕਿਰਿਆ ਆਰੰਭ ਸਕਦੀਆਂ ਹਨ ਜਿਨ੍ਹਾਂ ਵਿਚੋਂ 11 ਯੂਰਪ ਨਾਲ ਅਤੇ ਇਕ ਅਮਰੀਕਾ ਸਬੰਧਤ ਹੈ। ਆਰਥਿਕ ਮਾਹਰ ਫੈਡਰਲ ਸਰਕਾਰ ਦੇ ਇਸ ਕਦਮ ਨੂੰ ਹਾਂਪੱਖੀ ਕਰਾਰ ਦੇ ਰਹੇ ਹਨ ਜਿਸ ਰਾਹੀਂ ਮੁਕਾਬਲੇਬਾਜ਼ੀ ਵਧੇਗੀ ਅਤੇ ਇਸ ਵੇਲੇ ਕੈਨੇਡੀਅਨ ਬਾਜ਼ਾਰ ਵਿਚ ਸਰਗਰਮ ਤਿੰਨ ਪ੍ਰਮੁੱਖ ਗਰੌਸਰੀ ਚੇਨਜ਼ ਮਨਮਰਜ਼ੀ ਨਹੀਂ ਕਰ ਸਕਣਗੀਆਂ।
ਰੌਟਮਨ ਸਕੂਲ ਆਫ ਮੈਨੇਜਮੈਂਟ ਦੇ ਮਾਰਕਿਟਿੰਗ ਪ੍ਰੋਫੈਸਰ ਡੇਵਿਡ ਸੋਬਰਮੈਨ ਨੇ ਸਿਟੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਕੰਪਨੀਆਂ ਦੀ ਸੂਚੀ ਦੇਖ ਚੁੱਕੇ ਹਨ ਜਿਨ੍ਹਾਂ ਵਿਚੋਂ ਕਈ ਨੂੰ ਬਾਜ਼ਾਰ ਵਿਚ ਭੜਥੂ ਪਾਉਣ ਵਾਲੀਆਂ ਮੰਨਿਆ ਜਾਂਦਾ ਹੈ। ਸੋਬਰਮੈਨ ਮੁਤਾਬਕ ਵੱਡੀਆਂ ਰਿਆਇਤਾਂ ਦਾ ਐਲਾਨ ਹੋਣ ’ਤੇ ਰਵਾਇਤੀ ਸੁਪਰਮਾਰਕਿਟਸ ਨੂੰ ਬਿਹਤਰ ਕੀਮਤਾਂ ਪੇਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਵਿਦੇਸ਼ੀ ਗਰੌਸਰੀ ਚੇਨਜ਼ ਨੂੰ ਕੈਨੇਡਾ ਲਿਆਉਣ ਵਾਸਤੇ ਕਿਸੇ ਕਿਸਮ ਦੀ ਆਰਥਿਕ ਪੇਸ਼ਕਸ਼ ਬਾਰੇ ਫਿਲਹਾਲ ਕੁਝ ਪਤਾ ਨਹੀਂ ਲੱਗ ਸਕਿਆ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਦੇ ਉਦਯੋਗ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੇਨ ਵੱਲੋਂ ਪਿਛਲੇ ਸਾਲ ਨਵੀਆਂ ਗਰੌਸਰੀ ਕੰਪਨੀਆਂ ਦੀ ਭਾਲ ਆਰੰਭੀ ਗਈ ਜਦੋਂ ਮੁਲਕ ਦੀਆਂ ਤਿੰਨ ਪ੍ਰਮੁੱਖ ਕੰਪਨੀਆਂ ਨੇ ਮਹਿੰਗਾਈ ਵਧਣ ਦੇ ਕਾਰਨਾਂ ਬਾਰੇ ਕੁਝ ਵੀ ਦੱਸਣ ਤੋਂ ਨਾਂਹ ਕਰ ਦਿਤੀ। ਦੂਜੇ ਪਾਸੇ ਇਨ੍ਹਾਂ ਕੰਪਨੀਆਂ ਦਾ ਮੁਨਾਫਾ ਤੇਜ਼ੀ ਨਾਲ ਵਧਦਾ ਰਿਹਾ। ਉਦਯੋਗ ਮੰਤਰੀ ਹਾਲ ਹੀ ਵਿਚ ਜੀ-7 ਮੀਟਿੰਗ ਵਿਚ ਹਿੱਸਾ ਲੈਣ ਇਟਲੀ ਗਏ ਅਤੇ ਉਥੇ ਯੂਰਪ ਦੀਆਂ ਕਈ ਗਰੌਸਰੀ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਫਸਰਾਂ ਨਾਲ ਮੁਲਾਕਾਤ ਕੀਤੀ।

Show More

Related Articles

Leave a Reply

Your email address will not be published. Required fields are marked *

Close