InternationalNational

6 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਟੋਰਾਂਟੋ ਤੇ ਨਿਊਯਾਰਕ ਤੋਂ ਅੰਮ੍ਰਿਤਸਰ ਲਈ ਉਡਾਣਾਂ

ਅੰਮ੍ਰਿਤਸਰ : ਕੈਨੇਡਾ ਤੇ ਅਮਰੀਕਾ ਵਿਚ ਵਸਦੇ ਪਰਵਾਸੀ ਪੰਜਾਬੀ ਜਿਹੜੇ ਹਰ ਸਾਲ ਵੱਡੀ ਗਿਣਤੀ ਵਿਚ ਪੰਜਾਬ ਆਉਂਦੇ ਹਨ, ਲਈ ਹਵਾਈ ਸਫਰ ਹੁਣ ਸੁਖਾਲਾ ਹੋਣ ਜਾ ਰਿਹਾ ਹੈ। ਉਨ੍ਹਾਂ ਲਈ ਚੰਗੀ ਖ਼ਬਰ ਹੈ ਕਿ ਇਟਲੀ ਦੀ ਨਿਓਸ ਏਅਰ 6 ਅਪ੍ਰੈਲ ਤੋਂ ਅੰਮ੍ਰਿਤਸਰ ਨੂੰ ਕੈਨੇਡਾ ਦੇ ਟੋਰਾਂਟੋ ਅਤੇ ਅਮਰੀਕਾ ਦੇ ਨਿਊਯਾਰਕ ਤੱਕ ਮਿਲਾਨ ਦੇ ਮਾਲਪੈਂਸਾ ਹਵਾਈ ਅੱਡੇ ਰਾਹੀਂ ਜੋੜਨ ਜਾ ਰਹੀ ਹੈ।

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨਿਓਸ ਏਅਰ ਵੱਲੋਂ ਟੋਰਾਂਟੋ ਨਾਲ ਜੋੜੇ ਜਾਣ ਦਾ ਚਰਨਜੀਤ ਸਿੰਘ ਗੁਮਟਾਲਾ ਨੇ ਸਵਾਗਤ ਕੀਤਾ ਹੈ। ਇਸ ਨਵੀਂ ਉਡਾਣ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਰਾਹਤ ਮਿਲੇਗੀ। ਗੁਮਟਾਲਾ ਨੇ ਦੱਸਿਆ ਕਿ ਨਿਓਸ ਏਅਰ ਨੇ ਦਸੰਬਰ 2022 ਵਿਚ ਮਿਲਾਨ ਮਾਲਪੈਂਸਾ ਅਤੇ ਅੰਮ੍ਰਿਤਸਰ ਵਿਚਕਾਰ ਨਿਰਧਾਰਤ ਉਡਾਣਾਂ ਸ਼ੁਰੂ ਕੀਤੀਆਂ ਸਨ। ਏਅਰਲਾਈਨ ਨੇ ਕੋਵਿਡ ਦੌਰਾਨ ਪਹਿਲੀ ਵਾਰ ਸਤੰਬਰ 2021 ਵਿਚ ਇਟਲੀ ਅਤੇ ਅੰਮ੍ਰਿਤਸਰ ਵਿਚਕਾਰ ਚਾਰਟਰ ਸੇਵਾਵਾਂ ਦਾ ਸੰਚਾਲਨ ਸ਼ੁਰੂ ਕੀਤਾ ਸੀ।

ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਮਿਲਾਨ ਦੇ ਬਰਗਾਮੋ ਅਤੇ ਰੋਮ ਏਅਰਪੋਰਟ ਤਕ ਸਪਾਈਸਜੈੱਟ ਨੇ ਵੀ ਚਾਰਟਰ ਉਡਾਣਾਂ ਦੇ ਸੰਚਾਲਨ ਤੋਂ ਬਾਅਦ ਪਿਛਲੇ ਸਾਲ ਨਵੰਬਰ ਵਿਚ ਨਿਰਧਾਰਤ ਉਡਾਣਾਂ ਸ਼ੁਰੂ ਕੀਤੀਆਂ ਸਨ। ਇਨ੍ਹਾਂ ਦੇ ਸੰਚਾਲਨ ਨਾਲ ਅੰਮ੍ਰਿਤਸਰ ਹੁਣ ਇਟਲੀ ਦੇ 3 ਹਵਾਈ ਅੱਡਿਆਂ ਨਾਲ ਜੁੜਿਆ ਹੈ। ਨਿਓਸ ਵੱਲੋਂ ਆਪਣੀ ਵੈਬਸਾਈਟ ’ਤੇ ਉਪਲਬਧ ਸਮਾਂ ਸੂਚੀ ਅਨੁਸਾਰ, ਏਅਰਲਾਈਨ 6 ਅਪ੍ਰੈਲ ਤੋਂ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਨਿਊਯਾਰਕ ਲਈ ਹਫਤੇ ਵਿਚ ਇਕ ਦਿਨ ਉਡਾਣ ਦਾ ਸੰਚਾਲਨ ਕਰੇਗੀ। ਇਹ ਉਡਾਣ ਹਰ ਵੀਰਵਾਰ ਸਵੇਰੇ 3:15 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਉਸੇ ਦਿਨ ਸਵੇਰੇ 8:20 ਵਜੇ ਮਿਲਾਨ ਪਹੁੰਚੇਗੀ। ਇੱਥੇ ਯਾਤਰੀ ਲਗਪਗ 4 ਘੰਟੇ 10 ਮਿੰਟ ਰੁਕਣਗੇ, ਫਿਰ ਉਡਾਣ ਮਿਲਾਨ ਤੋਂ ਦੁਪਹਿਰ 12:30 ਵਜੇ ਰਵਾਨਾ ਹੋ ਕੇ ਬਾਅਦ ਦੁਪਹਿਰ 3 ਵਜੇ ਟੋਰਾਂਟੋ ਪਹੁੰਚੇਗੀ। ਟੋਰਾਂਟੋ ਦੇ ਪੀਅਰਸਨ ਏਅਰਪੋਰਟ ਤੋਂ ਇਹ ਉਡਾਣ ਫਿਰ ਵਾਪਸੀ ਲਈ ਹਰ ਵੀਰਵਾਰ ਸ਼ਾਮ 5 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ੁੱਕਰਵਾਰ ਨੂੰ ਸਵੇਰੇ 6:50 ਵਜੇ ਮਿਲਾਨ ਪਹੁੰਚੇਗੀ। ਉੱਥੋਂ ਫਿਰ ਸਵੇਰੇ 10 ਵਜੇ ਰਵਾਨਾ ਹੋ ਕੇ ਉਸੇ ਦਿਨ ਸ਼ੁੱਕਰਵਾਰ ਰਾਤ 9:15 ਵਜੇ ਅੰਮ੍ਰਿਤਸਰ ਪਹੁੰਚੇਗੀ। ਯਾਤਰੀ ਮਿਲਾਨ ਵਿਖੇ 3 ਘੰਟੇ 10 ਮਿੰਟ ਲਈ ਰੁਕਣਗੇ। ਟੋਰਾਂਟੋ ਤੋਂ ਅੰਮ੍ਰਿਤਸਰ ਦਾ ਸਫਰ ਸਿਰਫ 18 ਘੰਟੇ 45 ਮਿੰਟ ਅਤੇ ਅੰਮ੍ਰਿਤਸਰ ਤੋਂ ਟੋਰਾਂਟੋ ਦੀ ਦੂਰੀ 21 ਘੰਟੇ 15 ਮਿੰਟ ਵਿੱਚ ਪੂਰੀ ਕੀਤੀ ਜਾਵੇਗੀ। ਏਅਰਲਾਈਨ ਇਨ੍ਹਾਂ ਉਡਾਣਾਂ ਲਈ ਆਪਣੇ 359 ਸੀਟਾਂ ਵਾਲੇ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਦੀ ਵਰਤੋਂ ਕਰੇਗੀ।

Show More

Related Articles

Leave a Reply

Your email address will not be published. Required fields are marked *

Close