International

ਕਿਮ ਜੋਂਗ ਦਾ ਟਰੰਪ ਨਾਲ ਵਾਰਤਾ ਤੋਂ ਇਨਕਾਰ

ਪਰਮਾਣੂ ਹਥਿਆਰਾਂ 'ਤੇ ਰੋਕਥਾਮ ਦੀਆਂ ਸੰਭਾਵਨਾਵਾਂ ਨੂੰ ਝਟਕਾ

ਉੱਤਰੀ ਕੋਰੀਆ ਨੇ ਪਰਮਾਣੂ ਹਥਿਆਰਾਂ ‘ਤੇ ਰੋਕਥਾਮ ਦੀਆਂ ਸੰਭਾਵਨਾਵਾਂ ਨੂੰ ਝਟਕਾ ਦਿੰਦੇ ਹੋਏ ਸੋਮਵਾਰ ਨੂੰ ਸਾਫ਼ ਕਰ ਦਿੱਤਾ ਕਿ ਹੁਣ ਉਹ ਅਮਰੀਕਾ ਨਾਲ ਹੋਰ ਵਾਰਤਾ ਨਹੀਂ ਕਰੇਗਾ। ਕਿਹਾ, ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਬੇਮਤਲਬ ਗੱਲਬਾਤ ਵਿਚ ਉਸ ਦੇ ਆਗੂ ਕਿਮ ਜੋਂਗ ਉਨ ਦੀ ਰੁਚੀ ਨਹੀਂ ਹੈ। ਤਿੰਨ ਵਾਰ ਦੀ ਮੁਲਾਕਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੈ।

ਇਹ ਗੱਲ ਉੱਤਰੀ ਕੋਰੀਆ ਦੇ ਸੀਨੀਅਰ ਅਧਿਕਾਰੀ ਕਿਮ ਕੇ ਗਵਾਨ ਨੇ ਕਹੀ ਹੈ। ਉਪ ਵਿਦੇਸ਼ ਮੰਤਰੀ ਰਹੇ ਗਵਾਨ ਦਾ ਬਿਆਨ ਉੱਤਰੀ ਕੋਰੀਆ ਦੀ ਸਰਕਾਰੀ ਖ਼ਬਰ ਏਜੰਸੀ ਕੇਸੀਐੱਨਏ ਨੇ ਜਾਰੀ ਕੀਤਾ ਹੈ। ਉੱਤਰੀ ਕੋਰੀਆ ਵੱਲੋਂ ਇਹ ਬਿਆਨ ਰਾਸ਼ਟਰਪਤੀ ਟਰੰਪ ਦੇ ਐਤਵਾਰ ਨੂੰ ਕੀਤੇ ਗਏ ਟਵੀਟ ਦੇ ਜਵਾਬ ਵਿਚ ਆਇਆ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਉੱਤਰੀ ਕੋਰੀਆਈ ਆਗੂ ਕਿਮ ਜੋਂਗ ਜਲਦੀ ਕੁਝ ਚੰਗਾ ਕਰਨ। ਟਰੰਪ ਨੇ ਟਵੀਟ ਵਿਚ ਕਿਮ ਜੋਂਗ ਨਾਲ ਜਲਦੀ ਮੁਲਾਕਾਤ ਦਾ ਵੀ ਸੰਕੇਤ ਦਿੱਤਾ ਸੀ। ਟਰੰਪ ਵੱਲੋਂ ਇਹ ਟਵੀਟ ਅਮਰੀਕਾ ਅਤੇ ਦੱਖਣੀ ਕੋਰੀਆ ਦੇ ਸਾਲਾਨਾ ਫ਼ੌਜੀ ਅਭਿਆਸ ਨੂੰ ਰੱਦ ਕਰਨ ਦੇ ਫ਼ੈਸਲੇ ਪਿੱਛੋਂ ਆਇਆ ਸੀ। ਇਸ ਫ਼ੌਜੀ ਅਭਿਆਸ ਤੋਂ ਉੱਤਰੀ ਕੋਰੀਆ ਹਮੇਸ਼ਾ ਭੜਕਦਾ ਹੈ। ਜ਼ਾਹਿਰ ਹੈ ਕਿ ਟਰੰਪ ਅਗਲੇ ਸਾਲ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਤੋਂ ਪਹਿਲੇ ਉੱਤਰੀ ਕੋਰੀਆ ਦੀ ਸਮੱਸਿਆ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਅਜਿਹਾ ਕਰ ਕੇ ਉਹ ਆਪਣੀ ਵਿਦੇਸ਼ ਨੀਤੀ ਦੀ ਵੱਡੀ ਸਫ਼ਲਤਾ ਦਰਸਾ ਸਕਦੇ ਹਨ ਪ੍ਰੰਤੂ ਉੱਤਰੀ ਕੋਰੀਆ ਨੇ ਉਨ੍ਹਾਂ ਨੂੰ ਝਟਕਾ ਦੇ ਦਿੱਤਾ ਹੈ। ਉੱਤਰੀ ਕੋਰੀਆ ਪਹਿਲੇ ਖ਼ੁਦ ‘ਤੇ ਲੱਗੀਆਂ ਸਖ਼ਤ ਪਾਬੰਦੀਆਂ ਤੋਂ ਰਾਹਤ ਚਾਹੁੰਦਾ ਹੈ, ਇਸ ਪਿੱਛੋਂ ਪਰਮਾਣੂ ਹਥਿਆਰਾਂ ‘ਤੇ ਵਾਰਤਾ ਕਰਨਾ ਚਾਹੁੰਦਾ ਹੈ। ਇਸ ਕਾਰਨ ਟਰੰਪ ਅਤੇ ਕਿਮ ਜੋਂਗ ਦੀ ਵਾਰਤਾ ਤਿੰਨ ਵਾਰ ਅਸਫਲ ਹੋਈ ਹੈ।

ਗਵਾਨ ਨੇ ਕਿਹਾ ਕਿ ਸਾਨੂੰ ਲੰਬੀ ਵਾਰਤਾ ਪ੍ਰਕ੍ਰਿਆ ਚਲਾਉਣ ਵਿਚ ਕੋਈ ਰੁਚੀ ਨਹੀਂ ਹੈ ਜਿਸ ਦਾ ਕੋਈ ਨਤੀਜਾ ਨਾ ਨਿਕਲੇ। ਜੇਕਰ ਸਾਨੂੰ ਕੁਝ ਨਹੀਂ ਮਿਲਦਾ ਤਾਂ ਅਸੀਂ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਵੀ ਕੋਈ ਤੋਹਫ਼ਾ ਨਹੀਂ ਦੇ ਸਕਦੇ ਜਿਸ ਤੋਂ ਉਹ ਆਪਣੀ ਉਬਲੱਬਧੀ ‘ਤੇ ਮਾਣ ਜ਼ਾਹਿਰ ਕਰ ਸਕਣ।

ਟਰੰਪ ਅਤੇ ਕਿਮ ਜੋਂਗ ਸਭ ਤੋਂ ਪਹਿਲੇ ਜੂਨ 2018 ਵਿਚ ਸਿੰਗਾਪੁਰ ਵਿਚ ਮਿਲੇ ਸਨ। ਇਸ ਮੁਲਾਕਾਤ ਵਿਚ ਟਰੰਪ ਨੇ ਵਿਸ਼ਵਾਸ ਪ੍ਰਗਟ ਕੀਤਾ ਸੀ ਕਿ ਉਹ ਉੱਤਰੀ ਕੋਰੀਆ ਨੂੰ ਪਰਮਾਣੂ ਹਥਿਆਰ ਨਸ਼ਟ ਕਰਨ ਅਤੇ ਮਿਜ਼ਾਈਲ ਵਿਕਾਸ ਪ੍ਰਰੋਗਰਾਮ ਰੋਕਣ ਲਈ ਤਿਆਰ ਕਰ ਲੈਣਗੇ ਪ੍ਰੰਤੂ ਕਿਮ ਜੋਂਗ ਨੇ ਪਹਿਲੇ ਆਪਣੇ ਦੇਸ਼ ‘ਤੇ ਲੱਗੀਆਂ ਪਾਬੰਦੀਆਂ ਨੂੰ ਹਟਾਉਣ ਦੀ ਮੰਗ ਰੱਖ ਦਿੱਤੀ। ਇਸ ਸਾਲ ਫਰਵਰੀ ਵਿਚ ਵੀਅਤਨਾਮ ਦੀ ਰਾਜਧਾਨੀ ਹਨੋਈ ਵਿਚ ਵੀ ਇਸੇ ਮੰਗ ਕਾਰਨ ਦੋਵਾਂ ਆਗੂਆਂ ਦੀ ਵਾਰਤਾ ਅਸਫਲ ਹੋ ਗਈ। ਕੁਝ ਮਹੀਨੇ ਪਹਿਲੇ ਟਰੰਪ ਅਤੇ ਕਿਮ ਜੋਂਗ ਦੱਖਣੀ ਕੋਰੀਆ ਅਤੇ ਉੱਤਰੀ ਕੋਰੀਆ ਦੀ ਸਰਹੱਦ ‘ਤੇ ਵੀ ਮਿਲੇ ਸਨ ਪ੍ਰੰਤੂ ਤਦ ਦੋਵਾਂ ਪਾਸਿਆਂ ਤੋਂ ਕੁਝ ਰਸਮੀ ਵਾਕ ਹੀ ਬੋਲੇ ਗਏ। ਹੁਣ ਜਦਕਿ ਟਰੰਪ ਨੇ ਫਿਰ ਮੁਲਾਕਾਤ ਦੇ ਸੰਕੇਤ ਦਿੱਤੇ ਤਾਂ ਉੱਤਰੀ ਕੋਰੀਆ ਨੇ ਵਾਰਤਾ ਦੀ ਸੰਭਾਵਨਾ ਨੂੰ ਨਕਾਰ ਦਿੱਤਾ।

Show More

Related Articles

Leave a Reply

Your email address will not be published. Required fields are marked *

Close