Canada

ਕੈਨੇਡਾ ਰਹਿੰਦੇ ਫਰੀਦਕੋਟੀਆਂ ਵਲੋਂ ਮੁਹੰਮਦ ਸਦੀਕ ਦਾ ਸਨਮਾਨ

ਸਰੀ, ਕੈਨੇਡਾ – ਫਰੀਦਕੋਟ ਇਲਾਕੇ ਦੇ ਕੈਨੇਡਾ ਰਹਿੰਦੇ ਪੰਜਾਬੀਆਂ ਵਲੋਂ ਕੈਨੇਡਾ ਫੇਰੀ ਤੇ ਆਏ ਮੈਂਬਰ ਪਾਰਲੀਮੈਂਟ ਅਤੇ ਲੋਕ ਗਾਇਕ ਮੁਹੰਮਦ ਸਦੀਕ ਦਾ ਸਰੀ ਸ਼ਹਿਰ ਵਿਚ ਸਨਮਾਨ ਕੀਤਾ ਗਿਆ। ਬਾਬਾ ਫ਼ਰੀਦ ਸੋਸਾਇਟੀ ਵਲੋਂ ਕਰਵਾਏ ਗਏ ਇਸ ਸਮਾਗਮ ਵਿਚ ਬੋਲਦਿਆਂ ਮੁਹੰਮਦ ਸਦੀਕ ਨੇ ਕਿਹਾ ਕਿ ਉਹ ਇੱਕ ਸਧਾਰਨ ਵਿਅਕਤੀ ਸੀ ਜਿਸਨੂੰ ਫਰੀਦਕੋਟ ਵਾਸੀਆਂ ਨੇ ਵੱਡਾ ਮਾਣ ਬਖਸ਼ ਕੇ ਮੁਲਕ ਦੀ ਸਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ ਵਿਚ ਪਹੁੰਚਾ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਕੈਨੇਡਾ ਵਸਦੇ ਫ਼ਰੀਦਕੋਟੀਆਂ ਦੇ ਸਹਿਯੋਗ ਨਾਲ ਇਲਾਕੇ ਦਾ ਵਿਕਾਸ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ । ਮੁਹਮੰਦ ਸਦੀਕ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹਨਾਂ ਕੇਦਰੀਂ ਮੰਤਰੀ ਪੀਊਸ਼ ਗੋਇਲ ਨਾਲ ਫਰੀਦਕੋਟ ਤੋਂ ਮੋਗਾ ਤੱਕ ਰੇਲਵੇ ਲਾਈਨ ਵਿਛਾਉਣ ਦੀ ਗੱਲ ਕੀਤੀ ਸੀ ਪਰੰਤੂ ਮੰਤਰੀ ਨੇ ਕੋਈ ਹਾਮੀ ਨਹੀਂ ਭਰੀ। ਸਮਾਗਮ ਦੇ ਸ਼ੁਰੂ ਵਿਚ ਅੰਗਰੇਜ ਸਿੰਘ ਬਰਾੜ ਅਤੇ ਦਰਸ਼ਨ ਸੰਘਾ ਨੇ ਸੁਸਾਇਟੀ ਵੱਲੋਂ ਕੀਤੇ ਨੇਕ ਕਾਰਜਾਂ ਦਾ ਜ਼ਿਕਰ ਕੀਤਾ। ਸਰੀ-ਨਿਊਟਨ ਤੋਂ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਨੇ ਮੁਹੰਮਦ ਸਦੀਕ ਦਾ ਆਪਣੇ ਹਲਕੇ ਵਿਚ ਆਉਣ ਤੇ ਸੁਆਗਤ ਕੀਤਾ ਅਤੇ ਸਦੀਕ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਸਾਂਝਾਂ ਚੇਤੇ ਕੀਤੀਆਂ। ਸਰੀ-ਫਲੀਟਵੁੱਡ ਹਲਕੇ ਦੇ ਵਿਧਾਇਕ ਅਤੇ ਬਰਜਿੰਦਰਾ ਕਾਲਜ ਫਰੀਦਕੋਟ ਦੇ ਪੁਰਾਣੇ ਵਿਦਿਆਰਥੀ ਜਗਰੂਪ ਬਰਾੜ ਨੇ ਕੈਨੇਡਾ ਵਿਚ ਪੰਜਾਬੀਆਂ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਕਿਹਾ ਕਿ ਕਦੇ ਅਸੀਂ ਇੱਥੇ ਰੁਜ਼ਗਾਰ ਦੀ ਭਾਲ ਵਿਚ ਆਏ ਸੀ ਪਰੰਤੂ ਹੁਣ ਖੁਦ ਹੋਰਨਾਂ ਨੂੰ ਰੁਜ਼ਗਾਰ ਦੇਣ ਲੱਗ ਪਏ ਹਾਂ, ਕਦੇ ਸਾਡੇ ਉਤੇ ਕਾਨੂੰਨ ਬਣਦੇ ਸਨ ਹੁਣ ਅਸੀਂ ਖੁਦ ਕਾਨੂੰਨਘਾੜੇ ਬਣ ਗਏ ਹਾਂ । ਸਮਾਗਮ ਵਿਚ ਪਹੁੰਚੇ ਉੱਘੇ ਰੇਡੀਓ ਹੋਸਟ ਹਰਜਿੰਦਰ ਥਿੰਦ ਨੇ ਕਿਹਾ ਕਿ ਮੁਹੰਮਦ ਸਦੀਕ ਦੀ ਫਰੀਦਕੋਟ ਹਲਕੇ ਤੋਂ ਹੋਈ ਜਿੱਤ ਵਿੱਚ ਉਹਨਾਂ ਦੇ ਆਪਣੇ ਅਸਰ ਰਸੂਖ਼ ਨੇ ਵੀ ਵੱਡੀ ਭੂਮਿਕਾ ਨਿਭਾਈ ਹੈ। ਡਾਕਟਰ ਜਸਬੀਰ ਸਿੰਘ ਰੋਮਾਣਾ ਨੇ ਕਿਹਾ ਕਿ ਕੈਨੇਡਾ ਦੇ ਪੰਜਾਬੀ ਪਾਰਟੀਬਾਜ਼ੀ ਤੋਂ ਦੂਰ ਰਹਿ ਕੇ ਮੁਹੰਮਦ ਸਦੀਕ ਦਾ ਬਰਾਬਰ ਦਾ ਸਤਿਕਾਰ ਕਰਦੇ ਹਨ । ਬਾਬਾ ਫ਼ਰੀਦ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਨੇ ਮੁਹੰਮਦ ਸਦੀਕ ਅਤੇ ਪੰਜਾਬ ਦੇ ਸਾਬਕਾ ਜ਼ਿਲ੍ਹਾ ਖੇਡ ਅਫਸਰ ਗੁਰਭਗਤ ਸਿੰਘ ਸੰਧੂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ । ਇਸ ਮੌਕੇ ਲੋਕ-ਗਾਇਕ ਇੰਦਰਜੀਤ ਮੁਕਤਸਰੀ ਨੇ ਮਾਹੀਆ ਗਾ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਪੱਤਰਕਾਰ ਸੁਖਵਿੰਦਰ ਚੋਹਲਾ, ਪਰਮਜੀਤ ਪਰਵਾਸੀ , ਮੋਹਨ ਗਿੱਲ, ਮੀਰਾ ਗਿੱਲ ਅਤੇ ਨਾਵਲਕਾਰ ਜਰਨੈਲ ਸੇਖਾ ਨੇ ਹਾਜ਼ਰੀ ਭਰੀ ।

Show More

Related Articles

Leave a Reply

Your email address will not be published. Required fields are marked *

Close