Articles

ਆਪਣੀਆਂ ਚੰਗਿਆਈਆਂ ਕਦੇ ਨਾ ਛੱਡੋ

ਹਰ ਬੰਦੇ ਵਿੱਚ ਗੁਣ ਵੀ ਹੁੰਦੇ ਹਨ ਤੇ ਔਗੁਣ ਵੀ। ਇਹ ਗੁਣ ਅਤੇ ਔਗੁਣ ਜ਼ਿੰਦਗੀ ਦੇ ਮੁੱਢਲੇ ਪੜਾਅ ਤੋਂ ਲੈ ਕੇ ਅੰਤਲੇ ਪੜਾਅ ਤਕ ਮਨੁੱਖ ਦੇ ਨਾਲ ਨਾਲ ਚੱਲਦੇ ਰਹਿੰਦੇ ਹਨ। ਕੋਈ ਵੀ ਬੰਦਾ ਦੁਨੀਆਂ ਵਿੱਚ ਸੰਪੂਰਨ ਨਹੀਂ ਹੁੰਦਾ। ਕਿਸੇ ਦੇ ਇੱਕ ਦੋ ਔਗੁਣਾਂ ਕਰਕੇ ਉਸ ਨੂੰ ਪੂਰੀ ਤਰ੍ਹਾਂ ਨਕਾਰ ਦੇਣਾ ਉਚਿਤ ਨਹੀਂ। ਉਸ ਦੇ ਔਗੁਣਾਂ ਨੂੰ ਛੱਡ ਕੇ ਉਸ ਦੇ ਗੁਣਾਂ ਵੱਲ ਵੀ ਝਾਤ ਮਾਰਨ ਲੈਣੀ ਜ਼ਰੂਰੀ ਹੈ। ਮੇਰਾ ਇੱਕ ਅਧਿਆਪਕ ਸਾਥੀ ਹੈ ਜਿਸਦਾ ਨਾਮ ਜਸਦੇਵ ਹੈ। ਉਸ ਦਾ ਆਪਣੇ ਸਕੂਲ ਵਿੱਚ ਤਜਰਬਾ ਮਾੜਾ ਰਿਹਾ ਪਰ ਉਲਟ ਪ੍ਰਸਥਿਤੀਆਂ ਦੇ ਬਾਵਜੂਦ ਵੀ ਉਸ ਨੇ ਆਪਣੀ ਚੰਗਿਆਈ ਨਹੀਂ ਛੱਡੀ। ਉਸ ਨੇ ਜੋ ਮੈਂਨੂੰ ਆਪਣਾ ਤਜਰਬਾ ਦੱਸਿਆ, ਜੇ ਉਹਦੀ ਜਗ੍ਹਾ ਹੋਰ ਹੁੰਦਾ ਸ਼ਾਇਦ ਡਿਪਰੈਸ਼ਨ ਵਿੱਚ ਚਲਾ ਜਾਂਦਾ। ਮੈਂ ਸੁਣ ਕੇ ਹੈਰਾਨ ਸੀ ਕਿ ਅਧਿਆਪਕ ਸਾਥੀ ਵੀ ਅਜਿਹੇ ਹੁੰਦੇ ਹਨ ਜਿਨ੍ਹਾਂ ਨੇ ਉਸ ਦੇ ਦਿਮਾਗੀ ਤਵਾਜ਼ਨ ਨੂੰ ਵਿਗਾੜਣ ਵਿੱਚ ਕੋਈ ਕਸਰ ਨਹੀਂ ਛੱਡੀ। ਅਜਿਹੇ ਹਾਲਾਤ ਵਿੱਚ ਵੀ ਉਹ ਅਧਿਆਪਕ ਆਪਣੇ ਅਧਿਆਪਨ ਕਿੱਤੇ ਵਿੱਚ ਸਮਰਪਿਤ ਰਿਹਾ।
ਜਦੋਂ ਮੇਰਾ ਮਿੱਤਰ ਜਸਦੇਵ ਬਦਲੀ ਕਰਵਾ ਕੇ ਇਸ ਸਕੂਲ ਵਿੱਚ ਗਿਆ ਤਾਂ ਪਹਿਲੇ ਦਿਨ ਦੂਜੇ ਨੰਬਰ ਵਾਲੇ ਅਧਿਆਪਕ ਨੇ ਉਸ ਦਾ ਸਵਾਗਤ ਕੀਤਾ ਕਿਉਂਕਿ ਪ੍ਰਿੰਸੀਪਲ ਉਸ ਦਿਨ ਛੁੱਟੀ ‘ਤੇ ਸਨ। ਦੂਜੇ ਨੰਬਰ ਵਾਲਾ ਪ੍ਰਿੰਸੀਪਲ ਦੇ ਬਹੁਤ ਨੇੜੇ ਦਾ ਸੀ ਤੇ ਦੂਜੀ ਗੱਲ, ਜਿਸ ਪਿੰਡ ਵਿੱਚ ਇਹ ਸਕੂਲ ਸੀ, ਉਹ ਨਾਲ ਦੇ ਪਿੰਡ ਦਾ ਰਹਿਣ ਵਾਲਾ ਸੀ। ਸਮਾਜ ਵਿੱਚ ਚੰਗੀ ਜਾਣ ਪਛਾਣ ਸੀ। ਪਹਿਲੇ ਦਿਨ ਜਦੋਂ ਸਟਾਫ ਨਾਲ ਜਾਣ ਪਛਾਣ ਕਰਵਾਈ ਗਈ ਤਾਂ ਜਸਦੇਵ ਤੋਂ ਉਸ ਦੀ ਨਿਯੁਕਤੀ ਦੀ ਮਿਤੀ ਪੁੱਛੀ ਗਈ। ਪੁੱਛਣ ‘ਤੇ ਪਤਾ ਲੱਗਾ ਕਿ ਉਹ ਸਭ ਤੋਂ ਸੀਨੀਅਰ ਲੈਕਚਰਾਰ ਸੀ। ਸੁਭਾਵਿਕ ਸੀ ਕਿ ਦੂਜੇ ਨੰਬਰ ਵਾਲਾ ਹੁਣ ਤੀਜੇ ‘ਤੇ ਹੋ ਗਿਆ ਸੀ। ਜਸਦੇਵ ਨੇ ਆਪਣੀ ਹੱਡ ਬੀਤੀ ਦੱਸਦਿਆਂ ਮੈਂਨੂੰ ਕਿਹਾ ਕਿ ਉਹ ਸੀਨੀਅਰਤਾ ਮੁਤਾਬਕ ਦੂਜੇ ਨੰਬਰ ‘ਤੇ ਤਾਂ ਆ ਗਿਆ ਸੀ ਪਰ ਉਸ ਦਿਨ ਤੋਂ ਬਾਅਦ ਉਸ ਦੀਆਂ ਔਕੜਾਂ ਸ਼ੁਰੂ ਹੋ ਗਈਆਂ।
ਰੂਲ ਮੁਤਾਬਕ ਜਸਦੇਵ ਦਾ ਨਾਮ ਰਜਿਸਟਰ ਵਿੱਚ ਦੂਜੇ ਨੰਬਰ ‘ਤੇ ਲਿਖਣਾ ਪ੍ਰਿੰਸੀਪਲ ਦੀ ਮਜਬੂਰੀ ਹੋ ਗਈ। ਪਰ ਦਿਲੋਂ ਉਸ ਨੂੰ ਦੂਜੇ ਨੰਬਰ ‘ਤੇ ਕਦੇ ਵੀ ਪ੍ਰਵਾਨ ਨਾ ਕਰ ਸਕਿਆ। ਪ੍ਰਿੰਸੀਪਲ ਦਾ ਖਾਸਮ ਖਾਸ ਜਿਹੜਾ ਹੁਣ ਤੀਜੇ ਨੰਬਰ ‘ਤੇ ਹੋ ਗਿਆ ਸੀ, ਹੁਣ ਪ੍ਰਿੰਸੀਪਲ ਲਈ ਇੱਕ ਦੂਤ ਅਤੇ ਸਲਾਹਕਾਰ ਦੀ ਭੂਮਿਕਾ ਨਿਭਾਉਣ ਲੱਗ ਪਿਆ। ਪ੍ਰਿੰਸੀਪਲ ਨੇ ਜਦੋਂ ਕਦੇ ਛੁੱਟੀ ਲੈਣੀ ਹੁੰਦੀ ਜਾਂ ਕਦੇ ਡਿਊਟੀ ‘ਤੇ ਜਾਣਾ ਹੁੰਦਾ, ਉਸ ਨੇ ਕਦੇ ਵੀ ਮੇਰੇ ਮਿੱਤਰ ਜਸਦੇਵ ਨੂੰ ਫੋਨ ਜਾਂ ਸੰਦੇਸ਼ ਨਾ ਭੇਜਣਾ ਸਗੋਂ ਤੀਜੇ ਜਾਂ ਚੌਥੇ ਨੰਬਰ ਵਾਲੇ ਨੂੰ ਦੱਸ ਦੇਣਾ।
ਜਸਦੇਵ ਨੂੰ ਸਾਈਡ ਲਾਈਨ ਜਾਂ ਬਾਈ ਪਾਸ ਕਰਨ ਦੀਆਂ ਸਕੀਮਾਂ ਬਣਾਈਆਂ ਜਾਣ ਲੱਗ ਪਈਆਂ। ਉਸ ਦਾ ਦਫ਼ਤਰੀ ਕੰਮ ਜਾਣ ਬੁੱਝ ਕੇ ਲੇਟ ਕਰਨਾ, ਸਾਰਿਆਂ ਨਾਲੋਂ ਜ਼ਿਆਦਾ ਪੀਰੀਅਡ ਦੇਣੇ ਅਤੇ ਉਸ ਦੇ ਪੀਰੀਅਡਾਂ ਦੀ ਵੱਧ ਤੋਂ ਵੱਧ ਅਡਜਸਟਮੈਂਟ ਕਰਨੀ ਆਦਿ। ਉਸ ਸਕੂਲ ਵਿੱਚ ਇੱਕ ਹੋਰ ਅਧਿਆਪਕ ਸੀ, ਜਿਹੜਾ ਬਹੁਤ ਦੂਰੋਂ ਆਉਂਦਾ ਸੀ। ਉਹ ਪ੍ਰਿੰਸੀਪਲ ਸਾਹਬ ਦਾ ਖਾਸ ਬੰਦਾ ਸੀ। ਜਿਸ ਵਿਸ਼ੇ ਦਾ ਅਧਿਆਪਕ ਸੀ, ਉਸ ਵਿੱਚ ਉਸ ਦੇ ਕੋਲ ਸਿਰਫ ਦੋ ਜਮਾਤਾਂ ਦੇ ਦਸ ਦਸ ਬੱਚੇ ਹੀ ਸਨ। ਬੋਰਡ ਦੇ ਪੇਪਰਾਂ ਵਿੱਚ ਉਹ ਉਨ੍ਹਾਂ ਨੂੰ ਆਪ ਹੀ ਜਾ ਕੇ ਨਕਲ ਕਰਵਾ ਆਉਂਦਾ। ਸਾਰਾ ਸਾਲ ਚੰਗੀ ਤਰ੍ਹਾਂ ਨਾ ਪੜ੍ਹਾਉਂਦਾ, ਪਰ ਨਤੀਜਾ ਸੌ ਪ੍ਰਤੀਸ਼ਤ ਆ ਜਾਂਦਾ। ਪ੍ਰਿੰਸੀਪਲ ਦੀ ਖੁਸ਼ਾਮਦੀ ਕਰ ਕੇ ਉਹ ਕਈ ਵਾਰ ਫਰਲੋ ‘ਤੇ ਵੀ ਰਹਿੰਦਾ। ਉਹ ਮੂੰਹ ਦਾ ਬੜਾ ਮਿੱਠਾ ਸੀ ਪਰ ਅੰਦਰੋਂ ਜਸਦੇਵ ਪ੍ਰਤੀ ਨਫਰਤ ਨਾਲ ਭਰਿਆ ਹੋਇਆ ਸੀ। ਜਸਦੇਵ ਆਪਣੇ ਚੰਗੇ ਪੜ੍ਹਾਉਣ ਦੇ ਤਰੀਕੇ ਨਾਲ ਵਿਦਿਆਰਥੀਆਂ ਵਿੱਚ ਆਪਣੀ ਥਾਂ ਬਣਾ ਚੁੱਕਾ ਸੀ। ਉਹ ਅਧਿਆਪਕ ਇਹ ਗੱਲ ਜਰ ਨਾ ਸਕਿਆ। ਉਸ ਨੇ ਬੜੇ ਭੈੜੇ ਭੈੜੇ ਨਾਮ ਜਸਦੇਵ ਲਈ ਰੱਖ ਦਿੱਤੇ ਤਾਂ ਜੋ ਉਸ ਦੇ ਆਤਮ ਸਨਮਾਣ ਨੂੰ ਠੇਸ ਲੱਗੇ। ਉਸ ਦੇ ਇਹ ਹਥਿਆਰ ਵੀ ਬੇਕਾਰ ਹੋ ਗਏ ਕਿਉਂਕਿ ਜਸਦੇਵ ਨੇ ਪਹਿਲਾਂ ਨਾਲੋਂ ਵੀ ਜ਼ਿਆਦਾ ਦਿਲ ਲਾ ਕੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਜਿਸ ਦਿਨ ਪ੍ਰਿੰਸੀਪਲ ਸਕੂਲ ਵਿੱਚ ਨਹੀਂ ਹੁੰਦਾ ਸੀ ਤਾਂ ਜਸਦੇਵ ਸਕੂਲ ਦਾ ਇੰਚਾਰਜ ਹੁੰਦਾ ਸੀ, ਤਾਂ ਉਸ ਦੀ ਇੱਕ ਇੱਕ ਮਿੰਟ ਦੀ ਰਿਪੋਰਟ ਤੀਜੇ ਨੰਬਰ ਵਾਲਾ ਚੌਥੇ ਨੰਬਰ ਵਾਲੇ ਨੂੰ ਚੌਥੇ ਨੰਬਰ ਵਾਲਾ ਪ੍ਰਿੰਸੀਪਲ ਨੂੰ ਫੋਨ ਤੇ ਦੱਸਦਾ ਰਹਿੰਦਾ। ਪ੍ਰਿੰਸੀਪਲ ਸਾਹਿਬ ਵੀ ਕੰਨਾਂ ਦੇ ਕੱਚੇ ਸਨ। ਜਿਵੇਂ ਉਨ੍ਹਾਂ ਨੂੰ ਪਰੋਸਿਆ ਜਾਂਦਾ ਉਹੀ ਸਵੀਕਾਰ ਕਰੀ ਜਾਂਦੇ।
ਇੱਕ ਦਿਨ ਪ੍ਰਿੰਸੀਪਲ ਸਾਹਬ ਨੇ ਜਸਦੇਵ ਦੇ ਨਾਂ ‘ਤੇ ਆਰਡਰ ਕੱਢਿਆ ਕਿ ਉਹ ਡੀ ਸੀ ਸਾਹਿਬ ਨਾਲ ਹੋਣ ਵਾਲੀ ਮੀਟਿੰਗ ਵਿੱਚ ਮੇਰੇ ਵੱਲੋਂ ਜਾਣਗੇ। ਜਸਦੇਵ ਨੇ ਕਿਹਾ ਕਿ ਇਸ ਵਿੱਚ ਲਿਖਿਆ ਹੈ ਕਿ ਪ੍ਰਿੰਸੀਪਲ ਇਸ ਮੀਟਿੰਗ ਨੂੰ ਆਪ ਹੀ ਅਟੈਂਡ ਕਰਨ। ਉਸ ਨੇ ਆਖ ਦਿੱਤਾ “ਬੀਂਗ ਪ੍ਰਿੰਸੀਪਲ ਯੂ ਮਸਟ ਅਟੈਂਡ ਦੀ ਮੀਟਿੰਗ।”
ਪ੍ਰਿੰਸੀਪਲ ਸਾਹਿਬ ਨਾ ਮੰਨੇ ਤੇ ਆਖਿਰ ਜਸਦੇਵ ਨੂੰ ਮੀਟਿੰਗ ਅਟੈਂਡ ਕਰਨ ਜਾਣਾ ਪਿਆ। ਉਸ ਦਿਨ ਤੋਂ ਬਾਅਦ ਪ੍ਰਿੰਸੀਪਲ ਦੀ ਜਸਦੇਵ ਵਿਰੁੱਧ ਨਾਰਾਜ਼ਗੀ ਵਧਦੀ ਗਈ। ਉਨ੍ਹਾਂ ਨੇ ਇੱਥੋਂ ਤਕ ਜ਼ਲੀਲ ਕਰਨਾ ਸ਼ੁਰੂ ਕਰ ਦਿੱਤਾ ਕਿ ਜਸਦੇਵ ਨਾਲ ਹੱਥ ਤਕ ਮਿਲਾਉਣਾ ਬੰਦ ਕਰ ਦਿੱਤਾ। ਪਰ ਜਸਦੇਵ ਇੱਕ ਚੰਗੇ ਪਰਿਵਾਰ ਨਾਲ ਸਬੰਧਤ ਸੀ ਉਸ ਨੇ ਪ੍ਰਿੰਸੀਪਲ ਨੂੰ ਫਿਰ ਵੀ ਸਤਿ ਸ੍ਰੀ ਅਕਾਲ ਜ਼ਰੂਰ ਬੁਲਾਉਣੀ। ਪਰ ਦੂਜੇ ਪਾਸੇ ਪ੍ਰਿੰਸੀਪਲ ਦੇ ਸਲਾਹਕਾਰ ਪ੍ਰਿੰਸੀਪਲ ਦੇ ਕੰਨਾਂ ਵਿੱਚ ਉਸ ਦੇ ਵਿਰੁੱਧ ਜ਼ਹਿਰ ਭਰਦੇ ਗਏ। ਇੱਕ ਵਾਰ ਤਾਂ ਐਸੀ ਨੌਬਤ ਆਈ ਕਿ ਜਸਦੇਵ ਨੇ ਅਰਜ਼ੀ ਲਿਖ ਕੇ ਦੇ ਦਿੱਤੀ ਕਿ ਉਹ ਕੁਝ ਘਰੇਲੂ ਕਾਰਨਾਂ ਕਰਕੇ ਦੂਜੇ ਨੰਬਰ ‘ਤੇ ਕੰਮ ਕਰਨ ਦੇ ਅਸਮਰੱਥ ਹੈ। ਪਰ ਪ੍ਰਿੰਸੀਪਲ ਨੇ ਅਰਜ਼ੀ ਨਹੀਂ ਮੰਨੀ। ਉਸ ਤੋਂ ਦੂਜੇ ਨੰਬਰ ‘ਤੇ ਵੀ ਕੰਮ ਲੈਂਦੇ ਰਹੇ ਤੇ ਗਾਹੇ ਬਗਾਹੇ ਤੰਗ ਵੀ ਕਰਦੇ ਰਹੇ।
ਆਖਿਰ ਜਦੋਂ ਬੋਰਡ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਨਿਕਲਿਆ ਤਾਂ ਜਸਦੇਵ ਨੇ ਆਪਣੇ ਵਿਸ਼ੇ ਵਿੱਚ ਧੰਨ ਧੰਨ ਕਰਵਾਈ ਹੋਈ ਸੀ। ਉਸ ਦੇ ਵਿਸ਼ੇ ਵਿੱਚ ਪੰਦਰਾਂ ਬੱਚਿਆਂ ਦੇ ਨੱਬੇ ਪਰਸੈਂਟ ਤੋਂ ਉੱਤੇ ਨੰਬਰ ਸਨ ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਸੀ। ਪਚੰਨਵੇਂ ਤੋਂ ਨੜਿੱਨਵੇਂ ਪਰਸੈਂਟ ਵਿੱਚ ਵੀ ਛੇ ਬੱਚੇ ਸਨ। ਅਗਲੇ ਦਿਨ ਜਦੋਂ ਜਸਦੇਵ ਸਕੂਲ ਗਿਆ ਤਾਂ ਪ੍ਰਿੰਸੀਪਲ ਸਾਹਿਬ ਨੇ ਆਪ ਹੱਥ ਮਲਾਇਆ ਅਤੇ ਮੁਬਾਰਕਬਾਦ ਦਿੱਤੀ। ਪ੍ਰਿੰਸੀਪਲ ਨੇ ਹੌਲੀ ਹੌਲੀ ਜਸਦੇਵ ਨੂੰ ਚੰਗੀ ਤਰ੍ਹਾਂ ਘੋਖਿਆ ਤੇ ਪਤਾ ਲੱਗਾ ਕਿ ਉਸ ਵਿੱਚ ਬਹੁਤ ਖੂਬੀਆਂ ਹਨ। ਗਰੀਬ ਬੱਚਿਆਂ ਦੀ ਮਦਦ ਕਰਨੀ, ਉਨ੍ਹਾਂ ਨੂੰ ਮੁਫ਼ਤ ਕਾਪੀਆਂ ਵੰਡਣੀਆ, ਪੜ੍ਹਨ ਵਾਲੇ ਬੱਚਿਆਂ ਅਤੇ ਖਿਡਾਰੀਆਂ ਨੂੰ ਆਪਣੇ ਵੱਲੋਂ ਇਨਾਮ ਦੇਣ ਸਦਕਾ ਜਸਦੇਵ ਹੁਣ ਪ੍ਰਿੰਸੀਪਲ ਦੇ ਨੇੜੇ ਆ ਚੁੱਕਾ ਸੀ। ਆਪਣੀ ਸਾਫਗੋਈ, ਇਮਾਨਦਾਰੀ ਅਤੇ ਚੰਗੀ ਨੀਅਤ ਨਾਲ ਜਸਦੇਵ ਹੁਣ ਧਰੂ ਤਾਰੇ ਵਾਂਗ ਚਮਕ ਰਿਹਾ ਸੀ, ਉਹ ਤਾਰਾ ਜਿਸਦੀ ਚਮਕ ਨੂੰ ਕੁਝ ਸ਼ਾਤਰ ਲੋਕਾਂ ਨੇ ਆਪਣੇ ਭੈੜੇ ਮਨਸੂਬਿਆਂ ਨਾਲ ਫਿੱਕਾ ਕੀਤਾ ਸੀ।
ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਮੇਰੇ ਦੋਸਤ ਜਸਦੇਵ ਵਾਂਗ ਆਪਣੀਆਂ ਚੰਗਿਆਈਆਂ ਕਦੇ ਨਾ ਛੱਡੋ। ਜੋ ਤੁਹਾਡੀ ਡਿਊਟੀ ਹੈ, ਉਸ ਨੂੰ ਤਨਦੇਹੀ ਨਾਲ ਨਿਭਾਓ। ਮਨ ਵਿੱਚ ਕਿਸੇ ਪ੍ਰਤੀ ਮੈਲ ਨਾ ਰੱਖੋ। ਤੁਹਾਡੇ ਚੰਗੇ ਕਰਮਾਂ ਦਾ ਫਲ ਰੱਬ ਤੁਹਾਨੂੰ ਜ਼ਰੂਰ ਦੇਵੇਗਾ।
ਲੇਖਕ : ਨਵਦੀਪ ਭਾਟੀਆ

Show More

Related Articles

Leave a Reply

Your email address will not be published. Required fields are marked *

Close