ArticlesInternational

ਆਮ ਘਰ ‘ਚੋਂ ਉੱਠ ਕੇ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਬਣਨ ਜਾ ਰਹੇ ਇਤਾਲਵੀ ਮੂਲ ਦੇ ਅਲਬਨੀਜ਼ ਨੇ ਗਾਹਿਆ ਹੈ ਬਿਖੜਾ ਪੈਂਡਾ

ਯਾਦਵਿੰਦਰ। +916284336773 ਸਰੂਪ ਨਗਰ। ਰਾਊਵਾਲੀ।
——————

ਸੰਦਰਭ : ਆਸਟ੍ਰੇਲੀਆ ਵਿਚ 2022 ਦੀਆਂ ਫੈੱਡਰਲ ਚੋਣਾਂ ਵਿਚ ਵਿਰੋਧੀ ਧਿਰ, ਲੇਬਰ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਲੇਬਰ ਪਾਰਟੀ ਨੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੀ ਸਰਕਾਰ ਨੂੰ ਰਾਜਭਾਗ ਤੋਂ ਖ਼ਾਰਜ ਕਰ ਦਿੱਤਾ ਹੈ। ਲੇਬਰ ਪਾਰਟੀ ਦੇ ਸਿਖਰਲੇ ਆਗੂ ਐਂਥਨੀ ਅਲਬਨੀਜ਼ “ਐਲਬੋ” ਹੁਣ ਨਵੇਂ ਪ੍ਰਧਾਨ ਮੰਤਰੀ ਹੋਣਗੇ, ਉਹ Italian ਪਿਛੋਕੜ ਦੇ ਹਨ। ਅਹੁਦਾ ਛੱਡਣ ਜਾ ਰਹੇ ਸਕੌਟ ਮੌਰੀਸਨ ਨੇ ਹਾਰ ਕ਼ਬੂਲ ਕਰ ਲਈ ਹੈ।

****
ਪਿਓ ਦੀ ਮਿੱਠੀ ਘੂਰੀ ਤੋਂ ਸੱਖਣਾ ਸੀ ਅਲਬਨੀਜ਼ ਦਾ ਬਾਲ ਵਰ੍ਹੇਸ

ਇਕੱਲੀ ਮਾਂ ਦੇ ਪੁੱਤਰ ਐਂਥਨੀ ਅਲਬਨੀਜ਼ ਨੇ ਪ੍ਰਧਾਨ ਮੰਤਰੀ ਬਣਨ ਲਈ ਲੰਬੇ ਸਮੇਂ ਤੋਂ ਇਰਾਦਾ ਕੀਤਾ ਹੋਇਆ ਸੀ। ਉਹ ਲਿਬਰਲ ਪਾਰਟੀ ਦੀ ਤਰਫੋਂ ਪ੍ਰਧਾਨ ਮੰਤਰੀ ਰਹੇ ਸਕੌਟ ਮੌਰੀਸਨ ਦੀ ਥਾਂ ਲੈਣਗੇ ਤੇ ਦੇਸ਼ ਦੇ 31ਵੇਂ ਪ੍ਰਧਾਨ ਮੰਤਰੀ ਹੋਣਗੇ। ਜਦੋਂ 1996 ਵਿਚ ਜੌਨ ਹਾਵਰਡ ਰਾਜਭਾਗ ਵਿਚ ਆਏ ਤਾਂ ਐਲਬੋ ਸਿਆਸਤ ਵਿਚ ਆਏ ਸਨ। ਉਨ੍ਹਾਂ ਨੇ ਯੂਨੀਵਰਸਿਟੀ ਵਿਚ ਅਰਥਚਾਰੇ ਦੀ ਪੜ੍ਹਾਈ ਕੀਤੀ ਹੋਈ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਲੇਬਰ ਪਾਰਟੀ, ਕੈਥੋਲਿਕ ਚਰਚ ਤੇ ਦੱਖਣੀ ਸਿਡਨੀ ਰੈਬੀਟੋਸ ਮੇਰੇ ਤਿੰਨ ਅਕੀਦੇ ਹਨ। “ਐਲਬੋ” ਵਜੋਂ ਜਾਣੇ ਜਾਂਦੇ ਲੇਬਰ ਪਾਰਟੀ ਦੇ ਸਿਆਸਤਦਾਨ ਨੇ ਆਪਣੇ ਰਾਜਨੀਤਕ ਕਰੀਅਰ ਦਾ ਵੱਡਾ ਹਿੱਸਾ ALP ਫਰੰਟ ਲਾਈਨ ‘ਤੇ ਬਿਤਾਇਆ ਹੈ – ਹਾਲਾਂਕਿ ਜ਼ਿਆਦਾਤਰ ਵਕ਼ਤ ਉਹ ਵਿਰੋਧੀ ਆਗੂ ਦੀ ਭੂਮਿਕਾ ਵਿਚ ਰਹੇ। ਅਲਬਨੀਜ਼ ਦਾ ਸਿਆਸੀ ਸਫ਼ਰ 26 ਸਾਲਾਂ ਦਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਵਿਚ ਉਨ੍ਹਾਂ ਦੀ ਮੌਜੂਦਗੀ ਬਿਲਕੁਲ ਨਵੀਂ ਨਹੀਂ ਹੋਵੇਗੀ। ਉਨ੍ਹਾਂ ਨੇ 2013 ਵਿਚ ਥੋੜ੍ਹੇ ਸਮੇਂ ਲਈ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਕੰਮ ਕੀਤਾ ਹੋਇਆ ਹੈ। ਫੇਰ, ਜਦੋਂ ਉਹ ਹਕੂਮਤ ਵਿਚ ਵਾਪਸ ਆਏ ਤਾਂ ਕੇਵਿਨ ਰੁਡ ਦੇ ਡਿਪਟੀ ਬਣ ਗਏ। 59 ਸਾਲਾ ਸਿਆਸਤਦਾਨ ਦਾ ਇਕ ਪੁੱਤਰ ਹੈ। ਉਹ ਆਪਣੇ ਸਾਥੀ ਜੋਡੀ ਹੇਡਨ ਵੱਲੋੰ ਮੁਹਿੰਮ ਵਿਚ ਸ਼ਾਮਲ ਹੋਏ, ਜਿਸ ਨੂੰ ਉਹ 2019 ਵਿਚ ਮਿਲੇ ਸਨ। ਉਸੇ ਸਾਲ ਉਹ ਲੇਬਰ ਲੀਡਰ ਬਣੇ ਸਨ। ਮਿਸਟਰ ਅਲਬਨੀਜ਼ ਨੇ ਪਹਿਲੀ ਵਾਰ 2013 ਵਿਚ ਲੇਬਰ ਪਾਰਟੀ ਦੀ ਅਗਵਾਈ ਦੀ ਕੋਸ਼ਿਸ਼ ਤਾਂ ਕੀਤੀ ਸੀ ਪਰ ਬਿਲ ਸ਼ੌਰਟਨ ਤੋਂ ਹਾਰ ਗਏ ਸਨ।
*****
ਐਲਬੋ ਨੇ ਸਿਆਸਤਦਾਨ ਹੋਣ ਦੇ ਬਾਵਜੂਦ ਜਾਣਬੁੱਝ ਕੇ ਘੱਟ ਮਸ਼ਹੂਰ ਪ੍ਰੋਫਾਈਲ ਬਣਾਈ ਰੱਖੀ ਤੇ ਜ਼ੋਰ ਦੇ ਕੇ ਕਿਹਾ ਕਿ ਚੋਣਾਂ ਹੋ ਲੈਣ ਦਿਓ, “ਹਵਾ ਨਾਲ ਲੱਤ ਮਾਰਾਂਗਾ”। ਲੇਬਰ ਪਾਰਟੀ ਦੇ ਇਤਲਾਹੀਆਂ ਮੁਤਾਬਕ ਕੁਝ ਲੋਕਾਂ ਨੂੰ ਡਰ ਸੀ ਕਿ ਉਹ ਸ਼ਾਇਦ ਜਿੱਤਣ ਦੇ ਸਮਰੱਥ ਨਾ ਹੋਣ! ਮਿਸਟਰ ਅਲਬਨੀਜ਼ ਨੇ 2021 ਦੇ ਸ਼ੁਰੂ ਵਿਚ ਕਾਰ ਹਾਦਸੇ ਤੋਂ ਬਾਅਦ ਆਪਣੇ ਆਪ ਉੱਤੇ ਕੰਮ ਕੀਤਾ ਤੇ ਸਵੈ-ਸੁਧਾਰ ਦੇ ਕਈ ਕਾਰਜ ਕੀਤੇ। ਉਨ੍ਹਾਂ ਨੇ ਜਿਸਮਾਨੀ ਵਜ਼ਨ ਘਟਾਇਆ, ਖ਼ੁਦ ਨੂੰ ਅਪਡੇਟ ਕੀਤਾ ਤੇ ਜ਼ੋਰ ਦੇ ਕੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਬਣਨ ਲਈ “ਭੁੱਖੇ” ਹਨ। ਜਿਵੇਂ ਜਿਵੇਂ ਕੋਵਿਡ ਮਹਾਂਮਾਰੀ ਵਧਦੀ ਗਈ, ਅਲਬਨੀਜ਼ ਨੇ ਕੋਵਿਡ-19 ਵੈਕਸੀਨ ਰੋਲਆਉਟ ਤੇ ਨਿੱਜੀ ਪ੍ਰਵਾਨਗੀ ਰੇਟਿੰਗਾਂ ਦੇ ਮੁੱਦੇ ਭਖਾਈ ਰੱਖੇ।

*******
ਓਧਰ, ਅਹੁਦਾ ਛੱਡਣ ਜਾ ਰਹੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਚੋਣ ਨਤੀਜਾ ਦਿਲੋਂ ਕ਼ਬੂਲ ਕਰ ਲਿਆ ਹੈ ਤੇ ਕਰਾਰੀ ਹਾਰ ਤੋਂ ਬਾਅਦ ਲਿਬਰਲ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਹਨ। ਸਿਡਨੀ ਵਿਚ ਸਮਾਗਮ ਵਿਚ ਬੋਲਦਿਆਂ ਮੌਰੀਸਨ ਨੇ ਕਿਹਾ, “ਪਾਰਟੀ ਆਗੂ ਵਜੋਂ ਉਹ ਹਾਰ ਦੀ ਜ਼ਿੰਮੇਵਾਰੀ ਲੈਂਦੇ ਹਨ। ਉਨ੍ਹਾਂ ਨੂੰ ਸਰਕਾਰ ਵਿਚ ਰਹਿੰਦਿਆਂ ਕੀਤੇ ਕੰਮਾਂ ‘ਤੇ ਮਾਣ ਰਹੇਗਾ। ਉਹ ਅਗਲੀ ਪਾਰਟੀ ਇਕੱਤਰਤਾ ਵਿਚ ਪ੍ਰਧਾਨਗੀ ਛੱਡ ਦੇਣਗੇ”। ਵਤਨੀ ਲੋਕਾਈ ਨੇ ਜਿਹੜੇ ਫੈਸਲੇ ਸੁਣਾਏ ਹਨ, ਪ੍ਰਵਾਨ ਹਨ। ਐਂਥਨੀ ਅਲਬਨੀਜ਼ ਤੇ ਲੇਬਰ ਪਾਰਟੀ ਨੂੰ ਮੁਬਾਰਕਬਾਦ ਦਿੰਦਾ ਹਾਂ।
******
ਵਿਕਟੋਰੀਆ ਸਟੇਟ ਦਾ ਐਂਬੂਲੈਂਸ ਸੰਕਟ ਵੱਡੀ ਚੁਣੌਤੀ
ਨਵੇਂ ਪ੍ਰਧਾਨ ਮੰਤਰੀ ਅਲਬਨੀਜ਼ ਲਈ ਵਿਕਟੋਰੀਆ ਸੂਬੇ ਦਾ ਲੀਹੋਂ ਲੱਥਿਆ ਐਂਬੂਲੈਂਸ ਸਿਸਟਮ ਵੱਡੀ ਚੁਣੌਤੀ ਹੈ। ਇੱਥੇ, ਐਂਬੂਲੈਂਸ ਦੇ ਇੰਤਜ਼ਾਰ ਦਾ ਸਮਾਂ ਲਗਾਤਾਰ ਵਧਦਾ ਜਾ ਰਿਹਾ ਹੈ। ਅੰਕੜੇ ਦੱਸਦੇ ਹਨ ਕਿ ਗੰਭੀਰ ਦੇਰ ਕਾਰਨ 21 ਮੌਤਾਂ ਹੋਈਆਂ ਹਨ।
ਐਂਬੂਲੈਂਸ ਵਿਕਟੋਰੀਆ ਦੇ ਕਾਰਜਕਾਰੀ ਸੀ ਈ ਓ ਬੀਬਾ ਲਿਬੀ ਮਰਫੀ ਨੇ ‘ਜਨਤਕ ਲੇਖਾ ਤੇ ਅਨੁਮਾਨ ਕਮੇਟੀ’ ਨੂੰ ਦੱਸਿਆ ਹੈ ਕਿ ਸਾਰੇ ਕੋਡ-1 ਦੇ ਅੱਧੇ ਤੋਂ ਵੱਧ ਕੇਸ 15-ਮਿੰਟ ਦੇ ਬੈਂਚਮਾਰਕ ਦੇ ਅੰਦਰ ਪੂਰੇ ਕੀਤੇ ਜਾ ਰਹੇ ਹਨ। ਕੋਡ-1 ਐਮਰਜੈਂਸੀ ਅਜਿਹੀ ਚੀਜ਼ ਹੈ ਜੋ ਸਮੇਂ ਲਈ ਨਾਜ਼ੁਕ ਸਮਝੀ ਜਾਂਦੀ ਹੈ ਤੇ ਇਸ ਲਈ “ਲਾਈਟਾਂ ਤੇ ਸਾਇਰਨ” ਜਵਾਬ ਦੀ ਲੋੜ ਹੁੰਦੀ ਹੈ, ਜਿਵੇਂ ਕਿ ਦਿਲ ਦਾ ਦੌਰਾ ਜਾਂ ਸਾਹ ਬੰਦ ਹੋਣ ਦੇ ਕੇਸ।
ਬੀਬਾ ਮਰਫੀ ਨੇ ਕਮੇਟੀ ਨੂੰ ਦੱਸਿਆ ਹੈ ਕਿ ਨਾਜ਼ੁਕ ਕੇਸ, ਔਸਤਨ 60 ਫੀਸਦ ਦੀ ਦਰ ਨਾਲ ਮਿਲੇ ਹਨ। ਇਹ 50ਵੇਂ ਫੀਸਦ ਵਿਚ ਆ ਗਿਆ ਹੈ ਤੇ ਅਸੀਂ ਆਮ ਲੋਕਾਈ ਦੀ ਸੇਵਾ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਲਿਬਰਲ ਐਮਪੀ ਤੇ ਕਮੇਟੀ ਮੈਂਬਰ ਜੇਮਸ ਨਿਊਬਰੀ ਨੇ ਸਿਹਤ ਤੇ ਐਂਬੂਲੈਂਸ ਸੇਵਾਵਾਂ ਦੇ ਮੰਤਰੀ ਮਾਰਟਿਨ ਫੋਲੀ ਨੂੰ ਵਿਕਟੋਰੀਆ ਦੇ ਪਰਿਵਾਰਾਂ ਤੋਂ ਮੁਆਫੀ ਲਈ ਆਖ ਦਿੱਤਾ ਹੈ, ਜਿਹੜੇ ਕਿ ਐਮਰਜੈਂਸੀ ਸੇਵਾਵਾਂ ਸੰਕਟ ਕਾਰਨ ਨਾਕਾਮ ਸਾਬਤ ਹੋਏ ਸਨ। ਨਵੇਂ ਪ੍ਰਧਾਨ ਮੰਤਰੀ ਨੂੰ ਇਹ ਸਿਸਟਮ ਦਰੁਸਤ ਕਰਨਾ ਪਵੇਗਾ।

Show More

Related Articles

Leave a Reply

Your email address will not be published. Required fields are marked *

Close