Articles

ਸੰਤ ਲੌਂਗੋਵਾਲ ਦੀ ਹੱਤਿਆ ਪੁਲਿਸ ਚੀਫ ਦੀ ਜ਼ਬਾਨੀ

ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਵਲੋਂ ਕੀਤੇ ਰਾਜ਼ੀਨਾਮੇ ਦਾ ਨਾਂ ਪੰਜਾਬ ਸਮਝੌਤਾ ਸੀ। ਇਸ ਦਾ ਪਿਛੋਕੜ, ਮਨੋਰਥ ਅਤੇ ਸਿੱਟੇ ਸਭ ਵਿਵਾਦ ਵਾਲੇ ਹਨ ਤੇ ਇਸ ਵਿਚਲੀ ਕਿਸੇ ਮੱਦ ਉਪਰ ਅਮਲ ਨਹੀਂ ਹੋਇਆ। ਜਦੋਂ ਦੋਵਾਂ ਧਿਰਾਂ ਨੇ ਇਸ ਰਾਜ਼ੀਨਾਮੇ ਉਪਰ ਦਸਤਖਤ ਕੀਤੇ, ਉਦੋਂ ਇਕ ਮਜ਼ਾਕ ਵੀ ਪ੍ਰਚੱਲਤ ਹੋਇਆ ਸੀ ਕਿ ਪੰਨਾ ਲਾਲ ਦੀ ਲੜਾਈ ਤਾਂ ਜੰਗ ਸਿੰਘ ਨਾਲ ਹੋਈ ਸੀ ਪਰ ਰਾਜ਼ੀਨਾਮਾ ਉਹਨੇ ਸੰਤ ਸਿੰਘ ਨਾਲ ਕਰ ਲਿਆ। ਜਿਸ ਸਮੇਂ ਦੇ ਇਹ ਵਾਕਿਆਤ ਹਨ, ਸ਼ ਕਿਰਪਾਲ ਸਿੰਘ ਢਿਲੋਂ ਉਦੋਂ ਪੰਜਾਬ ਪੁਲਿਸ ਦੇ ਚੀਫ ਸਨ। ਉਨ੍ਹਾਂ ਦੀ ਪੈਂਗੁਇਨ ਵਲੋਂ ਛਾਪੀ ਕਿਤਾਬ ‘ਟਾਈਮ ਪ੍ਰੈਜੈਂਟ ਐਂਡ ਟਾਈਮ ਪਾਸਟ’ ਆਈ ਹੈ ਜਿਸ ਵਿਚ ਅਹਿਮ ਜਾਣਕਾਰੀ ਹੈ। ਪਾਠਕਾਂ ਲਈ ਕੁਝ ਅੰਸ਼ ਪੇਸ਼ ਹਨ।
ਆਪ੍ਰੇਸ਼ਨ ਬਲੂਸਟਾਰ ਤੋਂ ਠੀਕ ਇਕ ਮਹੀਨਾ ਬਾਅਦ, 3 ਜੁਲਾਈ 1984 ਨੂੰ ਮੈਂ ਪੰਜਾਬ ਪੁਲਿਸ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ। ਭਾਰਤੀ ਸੰਵਿਧਾਨ ਵਿਚ ਬੇਸ਼ਕ ਮਾਰਸ਼ਲ ਲਾਅ ਦੀ ਵਿਵਸਥਾ ਨਹੀਂ ਹੈ, ਤਾਂ ਵੀ ਲੋੜ ਪੈਣ ‘ਤੇ ਫੌਜ ਸਿਵਲ ਪ੍ਰਸ਼ਾਸਨ ਦੀ ਮਦਦ ਵਾਸਤੇ ਆ ਜਾਂਦੀ ਹੈ। ਜ਼ਿਲ੍ਹੇ ਵਿਚ ਗੜਬੜ ਹੋਵੇ ਤਾਂ ਡੀ.ਸੀ. ਲਿਖਤੀ ਮੰਗ ਕਰਦਾ ਹੈ ਤੇ ਸੂਬੇ ਵਿਚ ਗੜਬੜ ਹੋਵੇ ਤਾਂ ਸਟੇਟ ਚੀਫ ਲਿਖਤੀ ਪੱਤਰ ਭੇਜ ਕੇ ਫੌਜੀ ਮਦਦ ਦੀ ਮੰਗ ਕਰਦਾ ਹੈ। ਪੰਜਾਬ ਵਿਚ ਅਜਿਹਾ ਨਹੀਂ ਹੋਇਆ। ਗਵਰਨਰੀ ਰਾਜ ਸੀ ਪਰ ਰਾਜਪਾਲ ਨੇ ਅਜਿਹੀ ਮੰਗ ਨਹੀਂ ਕੀਤੀ। ਗ੍ਰਿਫਤਾਰ ਕੀਤੇ ਬੰਦਿਆਂ ਨੂੰ ਅੱਠ ਪਹਿਰ ਅੰਦਰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਲੈਣਾ ਹੁੰਦਾ ਹੈ, ਪੰਜਾਬ ਵਿਚ ਅਜਿਹਾ ਵੀ ਨਹੀਂ ਸੀ ਹੋ ਰਿਹਾ। ਫੌਜੀ ਛਾਉਣੀਆਂ ਵਿਚ ਤਫਤੀਸ਼ ਹੁੰਦੀ ਰਹਿੰਦੀ।
ਲੋਕਾਂ ਦਾ ਪੁਲਿਸ ਤੋਂ ਇਤਬਾਰ ਉਠ ਗਿਆ ਸੀ, ਇਸ ਕਰ ਕੇ ਨਾਜਾਇਜ਼ ਹਿਰਾਸਤ ਵਿਚਲੇ ਬੰਦੀਆਂ ਨੂੰ ਛੁਡਾਉਣ ਲਈ ਉਹ ਹਾਈਕੋਰਟ ਦਾ ਬੂਹਾ ਖੜਕਾਉਂਦੇ। ਅੰਮ੍ਰਿਤਸਾਰ ਜ਼ਿਲੇ ਦੇ ਇਕ ਪਰਿਵਾਰ ਦੇ ਬੰਦੀ ਇਸੇ ਤਰ੍ਹਾਂ ਹਾਈਕੋਰਟ ਦੇ ਰੇਡ ਕਾਰਨ ਰਿਹਾ ਹੋਏ। ਮੇਰੀ ਇੱਛਾ ਸੀ ਕਿ ਜ਼ਿਲ੍ਹਾ ਪੁਲਿਸ ਮੁਖੀ ਸਮੇਤ ਸਾਰੇ ਕਸੂਰਵਾਰ ਪੁਲਸੀਆਂ ਨੂੰ ਮੁਅੱਤਲ ਕਰ ਕੇ ਪੜਤਾਲ ਕਰਾਵਾਂ। ਯੂ.ਪੀ. ਕੇਡਰ ਦਾ ਇਕ ਡੀ.ਆਈ.ਜੀ. ਮੇਰੇ ਨਾਲ ਸਹਿਮਤ ਸੀ ਪਰ ਮੈਂ ਸੋਚਿਆ, ਪੰਜਾਬ ਕੇਡਰ ਦੇ ਅਫਸਰ ਦੀ ਸਲਾਹ ਲਵਾਂ। ਮੈਂ ਆਈ.ਜੀ. ਹਰਜੀਤ ਰੰਧਾਵਾ ਦੇ ਕਮਰੇ ਵਿਚ ਗਿਆ ਤੇ ਗੱਲ ਕੀਤੀ। ਉਹ ਬੋਲਿਆ, ਨਹੀਂ ਸਰ, ਅਜਿਹਾ ਨਹੀਂ ਕਰਨਾ। ਪੁਲਿਸ ਫੋਰਸ ਦਾ ਮਨੋਬਲ ਡਿਗ ਜਾਏਗਾ। ਮੈਂ ਪੁੱਛਿਆ, ਪਰ ਹਾਈਕੋਰਟ ਆਰਡਰ ਦਾ ਕੀ ਕਰੀਏ? ਇਕ ਅੱਖ ਦਬਾ ਕੇ ਉਹ ਬੋਲਿਆ, ਇਹ ਤਾਂ ਚੁਟਕੀ ਦਾ ਕੰਮ ਐ। ਜਿਨ੍ਹਾਂ ਬੰਦਿਆਂ ਦੀ ਰਿਹਾਈ ਹੋਈ ਐ, ਉਹ ਹਲਫੀਆ ਬਿਆਨ ਦੇ ਦੇਣਗੇ ਕਿ ਉਨ੍ਹਾਂ ਨੂੰ ਨਾ ਕਿਸੇ ਨੇ ਕਦੀ ਗ੍ਰਿਫਤਾਰ ਕੀਤਾ, ਨਾ ਰਿਹਾਈ ਕਰਵਾਈ। ਇਹੋ ਹੋਇਆ। ਜਾਣਦਾ ਹਾਂ, ਇਹ ਗੱਲ ਕਾਨੂੰਨਨ ਗਲਤ ਸੀ ਪਰ ਇਹੋ ਜਿਹੇ ਹਾਲਾਤ ਵਿਚ ਕਈ ਕੁਝ ਕਰਨਾ ਪੈਂਦਾ ਹੈ।
ਸਿੱਖ ਸਦਮੇ ਵਿਚ ਸਨ, ਅਫਗਾਨਾਂ ਤੋਂ ਬਾਅਦ ਹੁਣ ਫਿਰ ਦਰਬਾਰ ਸਾਹਿਬ ਉਪਰ ਹਮਲਾ। ਉਹ ਸਿੱਖ ਜਿਨ੍ਹਾਂ ਦਾ ਅਤਿਵਾਦ ਨਾਲ ਕੋਈ ਲੈਣ ਦੇਣ ਨਹੀਂ ਸੀ, ਨਿਰਾਸ਼ ਸਨ। ਦਰਬਾਰ ਸਾਹਿਬ ਦਰਸ਼ਨਾਂ ਲਈ ਖੁੱਲ੍ਹਿਆ ਤਾਂ ਕੰਧਾਂ ਉਪਰ ਗੋਲੀਆਂ ਦੇ ਨਿਸ਼ਾਨਾਂ ਨੂੰ ਉਹ ਇਉਂ ਪਲੋਸ ਰਹੇ ਸਨ ਜਿਵੇਂ ਉਨ੍ਹਾਂ ਦੇ ਗੁਰੂ ਦੇ ਜਿਸਮ ਉਪਰ ਜ਼ਖਮ ਹੋਣ, ਸਿਸਕੀਆਂ, ਹੰਝੂ।
ਬੂਟਾ ਸਿੰਘ ਅਤੇ ਨਿਹੰਗ ਮੁਖੀ ਸੰਤਾ ਸਿੰਘ ਨੇ ਜਿਹੜਾ ਅਕਾਲ ਤਖਤ ਸਰਕਾਰੀ ਪੈਸੇ ਨਾਲ ਉਸਾਰਿਆ, ਸਿੱਖਾਂ ਨੇ ਢੇਰੀ ਕਰ ਦਿੱਤਾ। ਇਨ੍ਹਾਂ ਦੋਵਾਂ ਨੂੰ ਅਤੇ ਗਿਆਨੀ ਜ਼ੈਲ ਸਿੰਘ ਨੂੰ ਅਕਾਲ ਤਖਤ ਉਪਰ ਤਲਬ ਕੀਤਾ ਗਿਆ। ਗਿਆਨੀ ਜੀ ਰਾਸ਼ਟਰਪਤੀ ਹੋਣ ਕਾਰਨ ਫੌਜਾਂ ਦੇ ਚੀਫ ਸਨ, ਸੋ ਉਹ ਬਰਾਬਰ ਦੇ ਜ਼ਿੰਮੇਵਾਰ ਹੋਏ। ਜਦੋਂ ਗਿਆਨੀ ਜੀ ਪੇਸ਼ ਹੋਏ; ਕੌਮੀ, ਕੌਮਾਂਤਰੀ ਮੀਡੀਆ ਮੌਜੂਦ ਸੀ ਤੇ ਰਾਗੀ ਕੀਰਤਨ ਕਰ ਰਹੇ ਸਨ, ਕੁਤਾ ਰਾਜ ਬਹਾਲੀਐ ਫਿਰਿ ਚਕੀ ਚੱਟੈ॥
31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦਾ ਕਤਲ ਹੋਇਆ ਤਾਂ ਮੀਡੀਏ ਨੇ ਭੜਕਾਊ ਦ੍ਰਿਸ਼ ਫਲੈਸ਼ ਕੀਤੇ। ਹਿੰਦੂ ਭੀੜਾਂ ਸਿੱਖ ਵਿਰੋਧੀ ਨਾਹਰੇ ਮਾਰਦੀਆਂ ਜਾਂਦੀਆਂ ਦਿਖਾਈਆਂ। ਯੋਜਨਾਬਧ ਤਰੀਕੇ ਨਾਲ ਸਿੱਖਾਂ ਦਾ ਕਤਲੇਆਮ ਹੋਇਆ। ਹੱਥਾਂ ਵਿਚ ਵੋਟਰ ਸੂਚੀਆਂ ਫੜੀ ਕਾਂਗਰਸੀ ਲੀਡਰ ਧਾੜਵੀਆਂ ਦੀ ਅਗਵਾਈ ਕਰ ਰਹੇ ਸਨ। ਇੰਦਰਾ ਗਾਂਧੀ ਦੇ ਕਾਤਲਾਂ ਨੂੰ ਫਾਂਸੀ ਹੋਈ, ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਨਹੀਂ ਮਿਲੀ।
ਅਰਜਨ ਸਿੰਘ ਨੂੰ ਰਾਜੀਵ ਗਾਂਧੀ ਨੇ ਪੰਜਾਬ ਦਾ ਗਵਰਨਰ ਲਾਇਆ। ਅਰਜਨ ਸਿੰਘ ਦਾ ਪਿਤਾ ਉਦਯੋਗ ਮੰਤਰੀ ਸੀ। ਉਸ ਨੇ ਮੁੰਬਈ ਦੇ ਇਕ ਉਦਯੋਗਪਤੀ ਤੋਂ ਮੋਟੀ ਰਕਮ ਮੰਗੀ। ਇਹ ਉਦਯੋਗਪਤੀ ਸਰਦਾਰ ਪਟੇਲ ਦੇ ਕਰੀਬ ਸੀ। ਮੰਤਰੀ ਨੂੰ ਦਿੱਲੀ ਦੀ ਸਪੈਸ਼ਲ ਪੁਲਿਸ ਨੇ ਫੜ ਲਿਆ ਤੇ ਉਸ ਨੇ ਕਈ ਸਾਲ ਜੇਲ੍ਹ ਦੀ ਹਵਾ ਖਾਧੀ। ਮਾਰਚ 1985 ਵਿਚ ਭਾਵੇਂ ਅਰਜਨ ਸਿੰਘ ਦੂਜੀ ਵਾਰ ਭਾਰੀ ਬਹੁਮਤ ਨਾਲ ਅਸੈਂਬਲੀ ਚੋਣ ਜਿੱਤ ਗਿਆ ਸੀ ਪਰ ਭੋਪਾਲ ਗੈਸ ਕਾਂਡ ਵਕਤ ਨਿਭਾਈ ਉਸ ਦੀ ਭੂਮਿਕਾ ਠੀਕ ਨਹੀਂ ਸੀ। ਯੂਨੀਅਨ ਕਾਰਬਾਈਡ ਦਾ ਅਮਰੀਕਨ ਚੇਅਰਮੈਨ ਆਪ ਹਾਲਾਤ ਦਾ ਜਾਇਜ਼ਾ ਲੈਣ ਆਇਆ ਤਾਂ ਗ੍ਰਿਫਤਾਰ ਕਰ ਲਿਆ। ਅਮਰੀਕਾ ਨੇ ਜਦੋਂ ਸਖਤ ਨਾਰਾਜ਼ਗੀ ਦਿਖਾਈ ਤਾਂ ਦਿੱਲੀ ਹਾਈਕਮਾਂਡ ਨੇ ਅਰਜਨ ਸਿੰਘ ਦੀ ਖਿਚਾਈ ਕੀਤੀ ਤਾਂ ਚੇਅਰਮੈਨ ਰਿਹਾ ਹੋਇਆ।
ਅਰਜਨ ਸਿੰਘ ਨੂੰ ਪੰਜਾਬ ਭੇਜ ਕੇ ਕਾਂਗਰਸ ਪਾਰਟੀ ਨੇ ਇਕ ਤੀਰ ਨਾਲ ਦੋ ਸ਼ਿਕਾਰ ਕਰਨੇ ਚਾਹੇ-ਜੇ ਪੰਜਾਬ ਵਿਚ ਸ਼ਾਂਤੀ ਹੋ ਗਈ, ਪਾਰਟੀ ਦੀ ਸ਼ਾਨ ਬਣੇਗੀ। ਜੇ ਸ਼ਾਂਤੀ ਨਾ ਹੋਈ, ਅਰਜਨ ਸਿੰਘ ਦੀ ਬੇਇਜ਼ਤੀ ਹੋਏਗੀ।
ਸ੍ਰੀ ਰਾਜੀਵ ਗਾਂਧੀ ਨੂੰ ਸਲਾਹ ਮਿਲੀ ਕਿ ਦਰਬਾਰ ਸਾਹਿਬ ਮੱਥਾ ਟੇਕ ਕੇ ਆਪ੍ਰੇਸ਼ਨ ਬਲੂਸਟਾਰ ਅਤੇ ਦੰਗਿਆਂ ਦੀ ਖਿਮਾ ਮੰਗੇ। ਅਸੀਂ ਸੁਰੱਖਿਆ ਦਾ ਪੂਰਾ ਬੰਦੋਬਸਤ ਕੀਤਾ। ਜਿਹੜੇ ਪੁਲਿਸ ਅਫਸਰ ਪ੍ਰਧਾਨ ਮੰਤਰੀ ਦੇ ਗਾਰਡ ਹੋਣ, ਸਭ ਉਸ ਦੇ ਕੱਦ ਤੋਂ ਉਚੇ ਹੋਣ, ਪਰ ਇਹ ਸਕੀਮ ਆਖਰ ਆਈ.ਬੀ. ਦੇ ਕਹਿਣ ‘ਤੇ ਰੱਦ ਕਰ ਦਿੱਤੀ ਗਈ।
ਅਰਜਨ ਸਿੰਘ ਨੇ ਅਕਾਲੀ ਦਲ ਵਿਚੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਦਿੱਲੀ ਰਾਜ਼ੀਨਾਮੇ ਵਾਸਤੇ ਜਾਣ ਲਈ ਤਿਆਰ ਕਰ ਲਿਆ। ਬਾਦਲ ਸਾਹਿਬ ਅਤੇ ਟੌਹੜਾ ਸਾਹਿਬ ਨਹੀਂ ਮੰਨੇ। ਸ਼ ਸੁਰਜੀਤ ਸਿੰਘ ਬਰਨਾਲਾ ਅਤੇ ਸ਼ ਬਲਵੰਤ ਸਿੰਘ ਤਿਆਰ ਹੋ ਗਏ। ਬਲਵੰਤ ਸਿੰਘ, ਅਰਜਨ ਸਿੰਘ ਦਾ ਵਫਾਦਾਰ ਬੰਦਾ ਸੀ, ਲੌਂਗੋਵਾਲ ਦਾ ਨਹੀਂ। ਸੰਤ ਵਿਚ ਅਰਜਨ ਸਿੰਘ ਵਰਗੀ ਕੂਟਨੀਤੀ ਕਿਥੇ? 24 ਜੁਲਾਈ 1985 ਨੂੰ ਰਾਜੀਵ-ਲੌਂਗੋਵਾਲ ਪੰਜਾਬ ਅਕਾਰਡ ਤੇ ਦੋਵਾਂ ਦੇ ਦਸਤਖਤ ਹੋ ਗਏ। ਪਤਾ ਲੱਗਾ ਕਿ ਦਸਤਖਤ ਕਰਨ ਪਿਛੋਂ ਸੰਤ ਚਿੰਤਾਤੁਰ ਹੋ ਗਏ, ਡਿਪਰੈਸ਼ਨ ਵਿਚ ਚਲੇ ਗਏ।
ਅਰਜਨ ਸਿੰਘ ਦਾ ਪਲੈਨ ਸੀ ਕਿ ਹੁਣ ਪੰਜਾਬ ਵਿਚ ਚੋਣਾਂ ਇਸ ਤਰ੍ਹਾਂ ਕਰਵਾਈਏ ਕਿ ਅਕਾਲੀ ਅਸੈਂਬਲੀ ਬਣ ਜਾਏ, ਫਿਰ ਅਕਾਲੀ ਜਾਣਨ ਜਾਂ ਖਾੜਕੂ। ਕਾਂਗਰਸੀ ਅਤੇ ਅਕਾਲੀ ਉਮੀਦਵਾਰ ਕਿਹੜੇ ਹੋਣਗੇ, ਇਹ ਫੈਸਲਾ ਅਰਜਨ ਸਿੰਘ ਨੇ ਕੀਤਾ। ਵਫਾਦਾਰੀ ਕਾਰਨ ਦਹਾਕਿਆਂ ਤੱਕ ਕਾਂਗਰਸ ਨੇ ਬਰਨਾਲਾ ਨੂੰ ਵੱਡੀਆਂ ਕੁਰਸੀਆਂ ਦਿੱਤੀਆਂ।
ਲੌਂਗੋਵਾਲ ਨੂੰ ਜਲਦੀ ਮਹਿਸੂਸ ਹੋ ਗਿਆ ਕਿ ਉਹ ਠੱਗੇ ਗਏ ਹਨ। ਸਿੱਖਾਂ ਨੂੰ ਇਸ ਵਿਚੋਂ ਕੁਝ ਨਹੀਂ ਮਿਲਿਆ, ਖਾੜਕੂਆਂ ਦੀ ਸ਼ਕਤੀ ਵਧਣੀ ਹੀ ਸੀ। ਸੰਤ ਲੋਂਗੋਵਾਲ ਪੁਲਿਸ ਵਲੋਂ ਮਾਰੇ ਜਾ ਰਹੇ ਖਾੜਕੂਆਂ ਦੇ ਭੋਗਾਂ ਵਿਚ ਜਾਣ ਲੱਗ ਪਏ।
ਸਰਕਾਰ ਨੂੰ ਲੱਗਾ ਕਿ ਸੰਤ ਦੀ ਜਾਨ ਨੂੰ ਖਤਰਾ ਹੈ। ਮੈਂ ਖੁਫੀਆ ਵਿੰਗ ਦੇ ਆਈ.ਜੀ. ਤ੍ਰਿੱਖਾ ਨੂੰ ਕਿਹਾ, ਜ਼ੀਰੋ ਡਿਫੈਕਟ ਇੰਤਜ਼ਾਮ ਕਰੋ। ਤ੍ਰਿੱਖਾ ਨੇ ਸੰਗਰੂਰ ਵਿਖੇ ਪੀ.ਏ.ਪੀ. ਦੇ ਆਈ.ਜੀ. ਅਤੇ ਸਿਕਿਉਰਟੀ ਦੇ ਆਈ.ਜੀ., ਐਸ਼ਪੀ. ਸੰਗਰੂਰ ਅਤੇ ਸਬੰਧਤ ਹੋਰ ਅਫਸਰਾਂ ਦੀ ਮੀਟਿੰਗ ਬੁਲਾ ਕੇ ਪੁਖਤਾ ਇੰਤਜ਼ਾਮ ਦੀ ਸਕੀਮ ਤਿਆਰ ਕਰਨ ਲਈ ਕਿਹਾ। ਐਸ਼ਪੀ. ਰੈਂਕ ਦਾ ਪੀ.ਏ.ਪੀ. ਅਫਸਰ ਗੁਰਬਚਨ ਸਿਘ ਮਾਨ, ਸੰਤ ਲੋਂਗੋਵਾਲ ਦੇ ਨਜ਼ਦੀਕ ਸੀ। ਉਸ ਨੂੰ ਸੁਰੱਖਿਆ ਦਾ ਮੁੱਖ ਇੰਚਾਰਜ ਲਾ ਦਿੱਤਾ। ਕੁਝ ਗਾਰਦ ਸਿਵਲ ਵਿਚ ਤੇ ਕੁਝ ਵਰਦੀ ਵਿਚ ਸੰਤ ਨੂੰ ਕਵਰ ਕਰੇਗੀ। ਕੇਵਲ ਵਧੀਆ ਹਥਿਆਰ ਨਹੀਂ, ਵਧੀਆ ਸੰਚਾਰ ਯੰਤਰ ਵੀ ਦਿੱਤੇ ਤਾਂ ਕਿ ਫੌਰਨ ਕਿਸੇ ਨਾਲ ਵੀ ਸੰਪਰਕ ਕਰ ਸਕਣ। ਫੈਸਲਾ ਹੋਇਆ ਕਿ ਮਾਨ ਵਾਲੇ ਇਸ ਯੂਨਿਟ ਦੀ ਨਿਗਰਾਨੀ ਆਈ.ਜੀ. ਇਟੈਂਲੀਜੈਂਸ ਤੇ ਡੀ.ਆਈ.ਜੀ. ਸੁਰੱਖਿਆ ਕਰਨਗੇ, ਉਹੀ ਟਰੇਨਿੰਗ ਦੇਣਗੇ, ਬਦਲੀਆਂ ਕਰਨਗੇ ਤੇ ਹਦਾਇਤਾਂ ਦੇਣਗੇ। ਆਈ.ਜੀ. ਨੇ ਪੁਲਿਸ ਚੀਫ ਨੂੰ ਤਾਜ਼ਾ ਜਾਣਕਾਰੀ ਦਿੰਦੇ ਰਹਿਣਾ ਹੋਵੇਗਾ। ਸਾਰਾ ਅਮਲਾ ਪੀ.ਏ.ਪੀ. ਦਾ ਹੋਣਾ ਹੈ।
ਪੰਜਾਬ ਅਕਾਰਡ ‘ਤੇ ਦਸਤਖਤ ਹੋਣ ਪਿਛੋਂ ਲੌਂਗੋਵਾਲ ਪਿੰਡ ਦੇ ਨਜ਼ਦੀਕ ਸ਼ੇਰਪੁਰ ਵਿਖੇ ਸੰਤ ਦੀ ਹੱਤਿਆ ਹੋ ਗਈ। ਸੰਤ ਨੂੰ ਕਿਸ ਨੇ ਕਿਉਂ ਕਤਲ ਕੀਤਾ, ਇਸ ਰਹੱਸ ਤੋਂ ਪਰਦਾ ਨਹੀਂ ਉਠਿਆ। ਰਾਜਪਾਲ ਦੇ ਸੁਰੱਖਿਆ ਸਲਾਹਕਾਰ ਲੈਫਟੀਨੈਂਟ ਜਨਰਲ ਗੌਰੀ ਸ਼ੰਕਰ ਨੇ ਪੜਤਾਲ ਕੀਤੀ ਪਰ ਉਸ ਨੇ ਰਿਪੋਰਟ ਵਿਚ ਕੀ ਲਿਖਿਆ? ਕਿਸੇ ਨੂੰ ਪਤਾ ਨਹੀਂ। ਹਾਂ, ਕੁਝ ਪੁਲਿਸ ਮੁਲਾਜ਼ਮ ਸਸਪੈਂਡ ਕਰ ਦਿੱਤੇ, ਕੁਝ ਡਿਸਮਿਸ। ਗੌਰੀ ਸ਼ੰਕਰ ਨੇ ਛੇਤੀ ਅਸਤੀਫਾ ਦੇ ਦਿੱਤਾ। ਮਰਜ਼ੀ ਨਾਲ ਕਿ ਦਬਾਅ ਅਧੀਨ, ਪਤਾ ਨਹੀਂ। ਜਦੋਂ ਉਹ ਮਦਰਾਸ ਆਪਣੇ ਘਰ ਚਲਾ ਗਿਆ ਤਾਂ ਮੇਰੇ ਕੋਲ ਫੋਨ ਆਇਆ ਕਿ ਉਸ ਨੇ ਮੈਨੂੰ ਕੋਈ ਸੂਚਨਾ ਦੇਣੀ ਹੈ। ਮੈਨੂੰ ਲੱਗਾ ਲੌਂਗੋਵਾਲ ਦੀ ਹੱਤਿਆ ਬਾਰੇ ਕੋਈ ਗੱਲ ਹੋਣੀ ਹੈ, ਪਰ ਛੇਤੀ ਹੀ ਗੌਰੀ ਸ਼ੰਕਰ ਦੀ ਵੀ ਮੌਤ ਹੋ ਗਈ। ਮੈਂ ਖੁਦ ਸੰਤ ਦੇ ਕਤਲ ਬਾਰੇ ਜਾਣਕਾਰੀ ਇਕੱਤਰ ਕਰਨ ਲੱਗਾ।ਸੰਤ ਦੀ ਸੁਰੱਖਿਆ ਸਕੀਮ ਨੂੰ ਅੰਜਾਮ ਦਿੱਤਿਆਂ ਅਜੇ ਕੁਝ ਕੁ ਦਿਨ ਹੋਏ ਸਨ ਕਿ ਪੀ.ਏ.ਪੀ. ਦੇ ਆਈ.ਜੀ. ਨੇ ਗੁਰਬਚਨ ਸਿੰਘ ਮਾਨ ਦੀ ਥਾਂ ਐਸ਼ਪੀ. (ਪੀ.ਏ.ਪੀ.) ਜੀਤ ਸਿੰਘ ਨੂੰ ਚਾਰਜ ਦੇ ਦਿੱਤਾ। ਜੀਤ ਸਿੰਘ ਵਿਰੁਧ ਵਿਭਾਗੀ ਪੜਤਾਲ ਚੱਲ ਰਹੀ ਸੀ ਕਿ ਉਸ ਦੇ ਖਤਰਨਾਕ ਬੰਦਿਆਂ ਨਾਲ ਲਿੰਕ ਹਨ। ਵਿਭਾਗ ਨੇ ਡਿਸਮਿਸ ਕਰਨ ਦੀ ਸਿਫਾਰਿਸ਼ ਕਰ ਕੇ ਰਾਜਪਾਲ ਅਰਜਨ ਸਿੰਘ ਪਾਸ ਫਾਈਲ ਭੇਜੀ ਹੋਈ ਸੀ, ਤਾਂ ਕਿ ਆਰਡਰ ਕਰ ਦੇਣ। ਇਹੋ ਜਿਹੇ ਬੰਦੇ ਨੂੰ ਸੰਤ ਦੀ ਸੁਰੱਖਿਆ ਲਈ ਤਾਇਨਾਤ ਕਰਨਾ ਬੜਾ ਗ਼ੈਰ ਜ਼ਿਮੇਵਾਰਾਨਾ ਫੈਸਲਾ ਸੀ। ਆਈ.ਜੀ. ਖੁਫੀਆ ਵਿਭਾਗ ਅਤੇ ਆਈ.ਜੀ. ਪੀ.ਏ.ਪੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਹੁਣ ਗਵਰਨਰ ਨੇ ਫਟਾਫਟ ਜੀਤ ਸਿੰਘ ਦੀ ਮੁਅੱਤਲੀ ਦੇ ਹੁਕਮ ਕਰ ਦਿੱਤੇ। ਆਈ.ਜੀ. ਖੁਫੀਆ ਵਿੰਗ ਦਾ ਰਾਜਪਾਲ ਨਾਲ ਸਿੱਧਾ ਰਾਬਤਾ ਸੀ। ਜਸਟਿਸ ਗੁਰਨਾਮ ਸਿੰਘ ਜਾਂਚ ਕਮਿਸ਼ਨ ਨੂੰ ਇਸ ਕਤਲ ਦੀ ਪੜਤਾਲ ਵਾਸਤੇ ਕਿਹਾ ਗਿਆ।
ਜੀ.ਆਈ.ਐਸ਼ ਭੁਲਰ ਨੇ ਮੇਰੇ ਕੋਲ ਇਸ ਘਟਨਾ ਦੀਆਂ ਕਈ ਪਰਤਾਂ ਖੋਲ੍ਹੀਆਂ। ਸੰਤ ਜੀ ਦੇ ਪਿਛੇ ਦੋ ਨੌਜਵਾਨ ਬੈਠੇ ਸਨ। ਅਰਦਾਸ ਪਿਛੋਂ ਸੰਤ ਜਦੋਂ ਮੱਥਾ ਟੇਕਣ ਲਈ ਝੁਕੇ ਤਾਂ ਇਨ੍ਹਾਂ ਨੇ ਰਿਵਾਲਵਰਾਂ ਨਾਲ ਸੰਤ ‘ਤੇ ਫਾਇਰ ਕੀਤੇ। ਸੰਗਤ ਵਿਚ ਅਜਿਹੇ ਮੌਕੇ ਭਗਦੜ ਮੱਚਣੀ ਹੀ ਸੀ, ਪਰ ਸੰਤਾਂ ਦੇ ਕੁਝ ਸੂਝਵਾਨ ਸ਼ਰਧਾਲੂ ਉਨ੍ਹਾਂ ਦੇ ਸਰੀਰ ਉਪਰ ਲੇਟ ਗਏ ਤਾਂ ਕਿ ਹੋਰ ਗੋਲੀ ਨਾ ਵੱਜ ਸਕੇ। ਇਕ ਪੁਲਿਸ ਅਫਸਰ ਤੁਰੰਤ ਮੌਕੇ ‘ਤੇ ਆਇਆ, ਤੇ ਲੇਟੇ ਸ਼ਰਧਾਲੂਆਂ ਨੂੰ ਕਿਹਾ, ਕਾਤਲ ਫੜੇ ਗਏ ਹਨ, ਉਠੋ। ਜਦੋਂ ਉਹ ਉਠ ਖਲੋਤੇ, ਉਦੋਂ ਸੰਤ ‘ਤੇ ਦੁਬਾਰਾ ਮਾਰੂ ਫਾਇਰਿੰਗ ਹੋਈ। ਇਹ ਤੱਥ ਰਿਪੋਰਟ ਵਿਚ ਦਰਜ ਹੀ ਨਹੀਂ ਹੋਏ।
ਚੰਡੀਗੜ੍ਹ ਅਤੇ ਦਿੱਲੀ ਵਿਚ ਇਸ ਕਤਲ ਦੇ ਵੇਰਵੇ ਜਾਣਨ ਵਿਚ ਕਿਸੇ ਦੀ ਰੁਚੀ ਨਹੀਂ ਸੀ। ਸੰਤ ਦੀ ਸੁਰੱਖਿਆ ਛਤਰੀ ਵਿਚ ਅਦਲਾ-ਬਦਲੀ ਕਰਨ ਵਾਲਾ ਅਫਸਰ ਕੌਣ ਸੀ ਜਿਸ ਸਦਕਾ ਇਹ ਭਾਣਾ ਵਾਪਰਿਆ? ਕੀ ਪੀ.ਏ.ਪੀ. ਦੇ ਡੀ.ਆਈ.ਜੀ. ਅਤੇ ਆਈ.ਜੀ. ਨੂੰ ਜੀਤ ਸਿੰਘ ਬਾਰੇ ਕੁਝ ਵੀ ਪਤਾ ਨਹੀਂ ਸੀ ਕਿ ਉਸ ਦਾ ਪਿਛੋਕੜ ਕਿਹੋ ਜਿਹਾ ਹੈ? ਇਨ੍ਹਾਂ ਦੋਵਾਂ ਅਫਸਰਾਂ ਨੇ ਹੀ ਪੜਤਾਲ ਕਰ ਕੇ ਜੀਤ ਸਿੰਘ ਨੂੰ ਡਿਸਮਿਸ ਕਰਨ ਦੀ ਸਿਫਾਰਿਸ਼ ਭੇਜੀ ਸੀ। ਸੰਤ ਦੀ ਸੁਰੱਖਿਆ ਵਾਸਤੇ ਤਾਇਨਾਤੀ ਤੋਂ ਪਹਿਲਾਂ ਕੀ ਇਨ੍ਹਾਂ ਨੇ ਆਈ.ਜੀ. ਖੁਫੀਆ ਵਿਭਾਗ ਦੀ ਆਗਿਆ ਲੈ ਲਈ ਸੀ? ਜੇ ਹਾਂ, ਤਾਂ ਆਈ.ਜੀ. ਖੁਫੀਆ ਵਿੰਗ ਨੇ ਮੈਨੂੰ ਕਿਉਂ ਨਹੀਂ ਦੱਸਿਆ? ਰਾਜਪਾਲ ਨੇ ਬਰਖਾਸਤਗੀ ਦੀ ਫਾਈਲ ਲੰਮਾ ਸਮਾਂ ਆਪਣੇ ਕੋਲ ਕਿਉਂ ਧਰੀ ਰੱਖੀ? ਪੀ.ਏ.ਪੀ. ਦੇ ਆਈ.ਜੀ. ਨੂੰ ਵਾਇਰਲੈਸ ਰਾਹੀਂ ਇਸ ਘਟਨਾਕ੍ਰਮ ਬਾਰੇ ਜਿਹੜਾ ਪੱਤਰ ਘੱਲਿਆ, ਉਸ ਦਾ ਕਦੀ ਜਵਾਬ ਨਹੀਂ ਆਇਆ।
ਮੈਨੂੰ ਪਤਾ ਲੱਗਾ, ਰਾਜਪਾਲ ਲੌਂਗੋਵਾਲ ਪਿੰਡ ਸਸਕਾਰ ਉਤੇ ਪੁੱਜ ਗਏ ਹਨ। ਮੈਂ ਉਨ੍ਹਾਂ ਨੂੰ ਕਿਹਾ, ਮੈਂ ਜਲਦੀ ਪੁੱਜ ਰਿਹਾ ਹਾਂ। ਉਨ੍ਹਾਂ ਕਿਹਾ, ਨਹੀਂ, ਤੁਸੀਂ ਚੰਡੀਗੜ੍ਹ ਰਹੋ, ਸੁਰੱਖਿਆ ਦੀ ਨਿਗਰਾਨੀ ਕਰੋ। ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਆਈ.ਜੀ. ਪੀ.ਏ.ਪੀ. ਅਤੇ ਆਈ.ਜੀ. ਖੁਫੀਆ ਵਿੰਗ ਨਾਲ ਉਨ੍ਹਾਂ ਉਥੇ ਮੀਟਿੰਗ ਕੀਤੀ ਤੇ ਕੁਝ ਹਦਾਇਤਾਂ ਦਿੱਤੀਆਂ। ਇਹ ਉਹੋ ਦੋ ਅਫਸਰ ਸਨ ਜਿਨ੍ਹਾਂ ਨੇ ਜੀਤ ਸਿੰਘ ਨੂੰ ਸੰਤਾਂ ਦੀ ਸੁਰੱਖਿਆ ਲਈ ਤਾਇਨਾਤ ਕੀਤਾ। ਜੋ ਹੋਇਆ, ਉਸ ਦੇ ਦੋਸ਼ ਤੋਂ ਇਹ ਕਿਵੇਂ ਬਚ ਸਕਦੇ ਸਨ? ਹੋਰ ਤਾਂ ਹੋਰ, ਮੇਰੇ ਅਧੀਨ ਕੰਮ ਕਰਦੇ ਇਨ੍ਹਾਂ ਅਫਸਰਾਂ ਨੇ ਮੈਨੂੰ ਇਹ ਦੱਸਣਾ ਵੀ ਮੁਨਾਸਬ ਨਹੀਂ ਸਮਝਿਆ ਕਿ ਲੌਂਗੋਵਾਲ ਪਿੰਡ ਰਾਜਪਾਲ ਨਾਲ ਮੀਟਿੰਗ ਵਿਚ ਕੀ ਵਿਚਾਰ ਵਟਾਂਦਰਾ ਹੋਇਆ। ਜੇ ਮੈਨੂੰ ਰਾਜਪਾਲ ਨੇ ਖੁਦ ਚੰਡੀਗੜ੍ਹ ਰਹਿਣ ਦਾ ਹੁਕਮ ਨਾ ਦਿੱਤਾ ਹੁੰਦਾ, ਮੈਂ ਲੌਂਗੋਵਾਲ ਜਾ ਕੇ ਮੌਕੇ ਦੀ ਸਾਰੀ ਸੂਚਨਾ ਇਕੱਠੀ ਕਰ ਕੇ ਕੇਂਦਰ ਨੂੰ ਭੇਜ ਦੇਣੀ ਸੀ। ਇਹੋ ਕੁਝ ਰਾਜਪਾਲ ਨੇ ਹੋਣ ਨਹੀਂ ਦੇਣਾ ਸੀ। ਇਹ ਕਤਲ ਅਣਗਹਿਲੀ ਦਾ ਨਤੀਜਾ ਸੀ ਕਿ ਸੰਗੀਨ ਸਾਜ਼ਿਸ਼, ਇਸ ਦਾ ਪਤਾ ਲਾਉਣਾ ਔਖਾ ਕੰਮ ਨਹੀਂ ਸੀ।
ਹੁਣ ਅੱਗਿਉਂ ਕੀ ਕੀਤਾ ਜਾਵੇ, ਰਾਜਪਾਲ ਨੇ ਮੇਰੀ ਸਲਾਹ ਲੈਣੀ ਵਾਜਬ ਨਹੀਂ ਸਮਝੀ। ਤਾਂ ਵੀ ਮੈਂ ਵਿਸਤ੍ਰਿਤ ਰਿਪੋਰਟ ਤਿਆਰ ਕੀਤੀ ਤੇ ਘਟਨਾਵਾਂ ਦੇ ਵੇਰਵੇ ਸਹਿਤ ਡਾਇਰੈਕਟਰ ਆਈ.ਬੀ. ਨੂੰ ਭੇਜ ਦਿੱਤੀ। ਮੇਰਾ ਨਹੀਂ ਖਿਆਲ, ਡਾਇਰੈਕਟਰ ਨੇ ਪ੍ਰਧਾਨ ਮੰਤਰੀ ਤੱਕ ਇਹ ਪੁਚਾਈ ਹੋਵੇ, ਸਗੋਂ ਰਾਜਪਾਲ ਨੇ ਪ੍ਰਧਾਨ ਮੰਤਰੀ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਸੰਤ ਲੌਂਗੋਵਾਲ ਦਾ ਕਤਲ ਪੁਲਿਸ ਚੀਫ ਢਿਲੋਂ ਦੀ ਅਣਗਹਿਲੀ ਕਾਰਨ ਹੋਇਆ ਹੈ। ਮੈਂ ਪ੍ਰਧਾਨ ਮੰਤਰੀ ਤੋਂ ਮਿਲਣ ਦਾ ਸਮਾਂ ਮੰਗਿਆ, ਨਹੀਂ ਮਿਲਿਆ। ਮੇਰੀ ਬਦਲੀ ਮੇਰੇ ਕੇਡਰ ਮੱਧ ਪ੍ਰਦੇਸ਼ ਵਿਚ ਹੋ ਗਈ। ਕੌਮੀ, ਕੌਮਾਂਤਰੀ ਪ੍ਰੈਸ ਵਿਚ ਇਸ ਖਬਰ ਦੀਆਂ ਵੱਡੀਆਂ ਸੁਰਖੀਆਂ ਛਪੀਆਂ। ਸਾਰਾ ਦਿਨ ਫੋਨ ਆਉਂਦੇ ਰਹੇ। ਅਮਰੀਕਾ ਤੋਂ ਮੇਰੀ ਭੈਣ ਦਾ ਫੋਨ ਆਇਆ, ਇਹੋ ਜਿਹੀ ਸਰਕਾਰ ਦੀ ਨੌਕਰੀ ਕਿਉਂ ਕਰਨੀ ਹੈ, ਅਸਤੀਫਾ ਦੇ ਦੇ।

ਲੇਖਕ : ਹਰਪਾਲ ਸਿੰਘ ਪੰਨੂ, ਫੋਨ: 91-94642-51454

Show More

Related Articles

Leave a Reply

Your email address will not be published. Required fields are marked *

Close