Punjab

ਮਹਾਰਾਜਾ ਹਰਿੰਦਰ ਦੀ 50 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦੋ ਧੀਆਂ ਤੇ ਭਰਾ ਦੇ ਵਾਰਸਾਂ ਨੂੰ ਮਿਲੇਗੀ

ਫਰੀਦਕੋਟ . : ਦੇਸ਼ ਦੀ ਸਰਬ-ਉੱਚ ਅਦਾਲਤ ਨੇ ਅੱਜ ਇੱਕ ਅਹਿਮ ਫ਼ੈਸਲੇ ਵਿੱਚ ਫ਼ਰੀਦਕੋਟ ਰਿਆਸਤ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਵੱਲੋਂ ਚਾਰ ਦਹਾਕੇ ਪਹਿਲਾਂ ਰਿਆਸਤ ਦੀ ਹਜ਼ਾਰਾਂ ਕਰੋੜ ਦੀ ਜਾਇਦਾਦ ਦੀ ਸਾਂਭ-ਸੰਭਾਲ ਲਈ ਲਿਖੀ ਗਈ ਸ਼ਾਹੀ ਵਸੀਅਤ ਨੂੰ ਗੈਰ-ਕਾਨੂੰਨੀ ਅਤੇ ਸ਼ੱਕੀ ਮੰਨਦਿਆਂ ਰੱਦ ਕਰ ਦਿੱਤਾ ਹੈ ਅਤੇ ਇਸ ਵਸੀਅਤ ਦੇ ਆਧਾਰ ’ਤੇ ਸਥਾਪਤ ਕੀਤੇ ਗਏ ਮਹਾਰਾਵਲ ਖੇਵਾ ਜੀ ਟਰੱਸਟ ਨੂੰ ਵੀ ਭੰਗ ਕਰ ਦਿੱਤਾ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ ਉਦੈ ਉਮੇਸ਼ ਲਲਿਤ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਆਪਣੇ ਹੁਕਮ ਵਿੱਚ ਕਿਹਾ ਹੈ ਕਿ 30 ਸਤੰਬਰ, 2022 ਤੋਂ ਬਾਅਦ ਮਹਾਰਾਵਲ ਖੇਵਾ ਜੀ ਟਰੱਸਟ ਸ਼ਾਹੀ ਜਾਇਦਾਦਾਂ ਦੀ ਸਾਂਭ-ਸੰਭਾਲ ਵਿੱਚ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕਰੇਗਾ। ਸੁਪਰੀਮ ਕੋਰਟ ਨੇ ਚੰਡੀਗੜ੍ਹ ਦੇ ਸਿਵਲ ਜੱਜ ਨੂੰ ਆਦੇਸ਼ ਦਿੱਤੇ ਹਨ ਕਿ ਰਾਜਾ ਹਰਿੰਦਰ ਸਿੰਘ ਦੀ ਤਕਰੀਬਨ 50 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਉਸ ਦੀਆਂ ਧੀਆਂ ਅੰਮ੍ਰਿਤ ਕੌਰ ਤੇ ਦੀਪਇੰਦਰ ਕੌਰ ਅਤੇ ਭਰਾ ਕੰਵਰ ਮਨਜੀਤ ਸਿੰਘ ਨੂੰ ਵੰਡੀ ਜਾਵੇ। ਰਾਜਾ ਹਰਿੰਦਰ ਸਿੰਘ ਨੇ ਆਪਣੀ ਵਸੀਅਤ ਵਿੱਚ ਰਾਜਕੁਮਾਰੀ ਅੰਮ੍ਰਿਤ ਕੌਰ ਨੂੰ ਜਾਇਦਾਦ ਦਾ ਕੋਈ ਹੱਕ ਨਹੀਂ ਦਿੱਤਾ ਸੀ, ਜਿਸ ’ਤੇ ਅੰਮ੍ਰਿਤ ਕੌਰ ਨੇ ਇਸ ਵਸੀਅਤ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ। ਸਾਰੀਆਂ ਅਦਾਲਤਾਂ ਨੇ ਅੰਮ੍ਰਿਤ ਕੌਰ ਦੇ ਦਾਅਵੇ ਨੂੰ ਸਹੀ ਮੰਨਦਿਆਂ ਆਪਣੇ ਫ਼ੈਸਲੇ ਵਿੱਚ ਕਿਹਾ ਹੈ ਕਿ ਰਾਜਾ ਹਰਿੰਦਰ ਸਿੰਘ ਬਰਾੜ ਵੱਲੋਂ ਪਹਿਲੀ ਜੂਨ, 1982 ਨੂੰ ਲਿਖੀ ਗਈ ਵਸੀਅਤ ਸ਼ੱਕੀ ਹੈ, ਇਸ ਲਈ ਇਸ ਨੂੰ ਕਾਨੂੰਨ ਮੁਤਾਬਕ ਸਹੀ ਨਹੀਂ ਮੰਨਿਆ ਜਾ ਸਕਦਾ। ਅਦਾਲਤ ਦੇ ਇਸ ਫ਼ੈਸਲੇ ਮਗਰੋਂ ਫ਼ਰੀਦਕੋਟ ਰਿਆਸਤ ਦੀ ਜਾਇਦਾਦ ਰਾਜਾ ਹਰਿੰਦਰ ਸਿੰਘ ਬਰਾੜ ਦੇ ਵਾਰਸਾਂ ਵਿੱਚ ਵੰਡੀ ਜਾਣੀ ਤੈਅ ਹੈ। ਰਾਜਾ ਹਰਿੰਦਰ ਸਿੰਘ ਦੀ 16 ਅਕਤੂਬਰ, 1989 ਨੂੰ ਮੌਤ ਹੋ ਗਈ ਸੀ ਅਤੇ ਉਸ ਦੀ ਮੌਤ ਤੋਂ ਦੋ ਦਿਨ ਬਾਅਦ ਇਹ ਵਸੀਅਤ ਜਨਤਕ ਹੋਈ ਸੀ।

Show More

Related Articles

Leave a Reply

Your email address will not be published. Required fields are marked *

Close