Canada

ਲਿਬਰਲ ਪਾਰਟੀ ਦੇ ਸੀਨੀਅਰ ਆਗੂ ਪੈਰਾਡਿਸ ਨਹੀਂ ਲੜ੍ਹਨਗੇ ਫੈਡਰਲ ਚੋਣਾਂ

ਮਾਂਟਰੀਅਲ : ਸੀਨੀਅਰ ਲਿਬਰਲ ਐਮਪੀ ਡੈਨਿਸ ਪੈਰਾਡਿਸ ਦਾ ਕਹਿਣਾ ਹੈ ਕਿ ਇਸ ਸਾਲ ਦੇ ਅੰਤ ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਵਿੱਚ ਉਹ ਦੁਬਾਰਾ ਖੜ੍ਹੇ ਨਹੀਂ ਹੋਣਗੇ।
ਕਿਊਬਿਕ ਦੇ ਇਸ ਐਮਪੀ ਨੇ ਆਪਣੇ ਫੇਸਬੁੱਕ ਪੇਜ ਉੱਤੇ ਇਹ ਸਪਸ਼ਟ ਕੀਤਾ ਹੈ ਕਿ 25 ਸਾਲਾਂ ਤੱਕ ਸਿਆਸਤ ਵਿੱਚ ਰਹਿਣ ਤੇ 15 ਸਾਲ ਤੱਕ ਐਮਪੀ ਬਣੇ ਰਹਿਣ ਤੋਂ ਬਾਅਦ ਹੁਣ ਸਿਆਸਤ ਤੋਂ ਕਿਨਾਰਾ ਕਰਨ ਦਾ ਸਮਾਂ ਆ ਗਿਆ ਹੈ। 1995 ਵਿੱਚ ਬਰੋਮ-ਮਿਸੀਸਿਕੋਈ ਹਲਕੇ ਤੋਂ ਉਹ ਪਹਿਲੀ ਵਾਰੀ ਚੁਣੇ ਗਏ ਸਨ। 2006 ਵਿੱਚ ਆਪਣੀ ਸੀਟ ਗੁਆਉਣ ਤੋਂ ਪਹਿਲਾਂ ਤਿੰਨ ਵਾਰੀ ਉਹ ਮੁੜ ਚੁਣੇ ਗਏ। 2008 ਤੇ 2011 ਵਿੱਚ ਉਹ ਦੂਜੇ ਸਥਾਨ ਉੱਤੇ ਆਉਂਦੇ ਰਹੇ ਤੇ ਫਿਰ 2015 ਵਿੱਚ ਹੋਈਆਂ ਚੋਣਾਂ ਵਿੱਚ ਉਨ੍ਹਾਂ ਮੁੜ ਆਪਣੀ ਸੀਟ ਉੱਤੇ ਕਬਜਾ ਜਮਾਇਆ।
ਸਰਕਾਰ ਵਿੱਚ ਰਹਿੰਦਿਆਂ ਉਨ੍ਹਾਂ ਕਈ ਭੂਮਿਕਾਵਾਂ ਨਿਭਾਈਆਂ, ਜਿਨ੍ਹਾਂ ਵਿੱਚ ਲਾ ਫਰੈਂਕੋਫੋਨੀ ਲਈ ਸੈਕਰੇਟਰੀ ਆਫ ਸਟੇਟ, ਲੈਟਿਨ ਅਮੈਰਿਕਾ ਐਂਡ ਐਫਰੀਕਾ ਲਈ 2002 ਤੇ 2003 ਦਰਮਿਆਨ ਸੈਕਰੇਟਰੀ ਆਫ ਸਟੇਟ ਤੇ 2003 ਤੋਂ 2004 ਤੱਕ ਵਿੱਤੀ ਸੰਸਥਾਵਾਂ ਲਈ ਮਨਿਸਟਰ ਆਫ ਸਟੇਟ ਸ਼ਾਮਲ ਹਨ।
ਆਪਣੇ ਸੁਨੇਹੇ ਵਿੱਚ ਪੈਰਾਡਿਸ ਨੇ ਆਖਿਆ ਕਿ ਜਿਸ ਵਿਸ਼ੇ, ਖਾਸਤੌਰ ਉੱਤੇ ਵਾਤਾਵਰਣ ਨਾਲ ਜੁੜੇ ਵਿਸ਼ੇ, ਵਿੱਚ ਉਹ ਮਾਹਿਰ ਹਨ ਉਸ ਵਿੱਚ ਉਹ ਅੱਗੇ ਵੀ ਦਿਲਚਸਪੀ ਲੈਣਾ ਜਾਰੀ ਰੱਖਣਗੇ। 70 ਸਾਲਾ ਇਸ ਐਮਪੀ ਨੇ ਆਖਿਆ ਕਿ ਕਈ ਲੋਕਾਂ ਨੇ ਉਨ੍ਹਾਂ ਨੂੰ ਦੁਬਾਰਾ ਚੋਣਾਂ ਵਿੱਚ ਖੜ੍ਹੇ ਹੋਣ ਦੀ ਬੇਨਤੀ ਕੀਤੀ ਹੈ ਪਰ ਉਨ੍ਹਾਂ ਹੁਣ ਸਿਆਸਤ ਤੋਂ ਪਾਸੇ ਹੋਣ ਦਾ ਫੈਸਲਾ ਕਰ ਲਿਆ ਹੈ।

Show More

Related Articles

Leave a Reply

Your email address will not be published. Required fields are marked *

Close