Punjab

ਕਵਰ ਸਟੋਰੀ : ਖਡੂਰ ਸਾਹਿਬ ਦੀ ਲੋਕ ਸਭਾ ਸੀਟ ਬੀਬੀ ਖਾਲੜਾ ਲਈ ਪੰਥ ਸਰਗਰਮ

n-ਹਾਲੇ ਕਾਂਗਰਸ ਨੇ ਆਪਣਾ ਉਮੀਦਵਾਰ ਨਾ ਐਲਾਨਿਆ*ਬਾਦਲ ਦਲ ਵੱਲੋਂ ਬੀਬੀ ਜਗੀਰ ਕੌਰ, ਅਕਾਲੀ ਦਲ ਟਕਸਾਲੀ ਵੱਲੋਂ ਸਾਬਕਾ ਫ਼ੌਜ ਮੁਖੀ ਜਨਰਲ ਜੇ.ਜੇ. ਸਿੰਘ ਉਮੀਦਵਾਰ n ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਲਈ ਮੈਂ ਲੋਕ ਸਭਾ ਚੋਣ ਲੜ ਰਹੀ ਹਾਂ—ਬੀਬੀ ਖਾਲੜਾ

ਪ੍ਰੋ. ਬਲਵਿੰਦਰਪਾਲ ਸਿੰਘ
ਮੋਬ. 9815700916
ਲੋਕ ਸਭਾ ਚੋਣਾਂ ਦੇ ਐਲਾਨ ਉਪਰੰਤ ਪੰਜਾਬ ਵਿਚ ਇਸ ਵਾਰ ਖਡੂਰ ਸਾਹਿਬ ਸੀਟ ਤੋਂ ਮੁਕਾਬਲਾ ਕਾਫ਼ੀ ਦਿਲਚਸਪ ਹੋਣ ਵਾਲਾ ਹੈ ਤੇ ਇਹ ਸੀਟ ਪੰਜਾਬ ਦੀ ਸਭ ਤੋਂ ਹਾਟ ਸੀਟ ਹੋਵੇਗੀ। ਵੈਸੇ ਇਹ ਸੀਟ ਇਹ ਸੀਟ ਪੰਥਕ ਸੀਟ ਮੰਨੀ ਜਾਂਦੀ ਹੈ। ਬਾਦਲ ਦਲ ਨੇ ਬੀਬੀ ਜਗੀਰ ਕੌਰ ਨੂੰ ਹਲਕਾ ਖਡੂਰ ਸਾਹਿਬ ਤੋਂ ਚੋਣ ਮੈਦਾਨ ਵਿਚ ਉਤਾਰਿਆ ਹੈ। ਜਦ ਕਿ ਪੰਜਾਬ ਡੈਮੋਕ੍ਰੇਟਿਕ ਗਠਜੋੜ ਵੱਲੋਂ ਪਰਮਜੀਤ ਕੌਰ ਖਾਲੜਾ ਨੂੰ ਇਸ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਅਕਾਲੀ ਦਲ ਟਕਸਾਲੀ ਵੱਲੋਂ ਸਾਬਕਾ ਫ਼ੌਜ ਮੁਖੀ ਜਨਰਲ ਜੇ.ਜੇ. ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਕਾਂਗਰਸ ਨੇ ਹਾਲੇ ਤਕ ਇੱਥੋਂ ਆਪਣਾ ਕੋਈ ਉਮੀਦਵਾਰ ਨਹੀਂ ਐਲਾਨਿਆ ਹੈ।
ਬੀਬੀ ਜਗੀਰ ਕੌਰ ਕਪੂਰਥਲਾ ਜ਼ਿਲ•ੇ ਦੇ ਭੁਲੱਥ ਹਲਕੇ ਨਾਲ ਸੰਬੰਧਿਤ ਹਨ। ਉਹ ਪੰਜਾਬ ਦੇ ਸਾਬਕਾ ਮੰਤਰੀ ਹਨ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ‘ਤੇ ਰਹਿ ਚੁੱਕੇ ਹਨ। ਬੀਬੀ ਜਾਗੀਰ ਕੌਰ ਦਾ ਪਰਿਵਾਰਕ ਪਿਛੋਕੜ ਇੱਕ ਧਾਰਮਿਕ ਡੇਰੇ ਦਾ ਹੈ। ਜ਼ਿਕਰਯੋਗ ਹੈ ਕਿ ਬੀਬੀ ਜਗੀਰ ਕੌਰ ਉੱਤੇ ਸਾਲ 2000 ਦੌਰਾਨ ਦੋਸ਼ ਲੱਗਿਆ ਸੀ ਕਿ ਉਹ ਪ੍ਰੇਮ ਵਿਆਹ ਕਰਵਾਉਣ ਵਾਲੀ ਆਪਣੀ ਹੀ ਧੀ ਦੀ ਸ਼ੱਕੀ ਮੌਤ ਵਿਚ ਸ਼ਾਮਲ ਹੋਣ ਦੇ ਦੋਸ਼ ਸਨ। ਸਜ਼ਾ ਹੋਣ ਕਾਰਨ ਉਹ ਪਿਛਲੀਆਂ ਵਿਧਾਨ ਸਭਾ ਚੋਣਾਂ ਨਹੀਂ ਲੜ ਸਕੇ ਸਨ। ਦਸੰਬਰ 2018 ਵਿੱਚ ਹਾਈ ਕੋਰਟ ਨੇ ਉਨ•ਾਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ ਅਤੇ ਉਨ•ਾਂ ਦਾ ਚੋਣ ਲੜਨ ਦਾ ਰਸਤਾ ਸਾਫ਼ ਹੋ ਗਿਆ ਸੀ।
ਉਧਰ ਅਮਰ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਖਡੂਰ ਸਾਹਿਬ ਸੀਟ ਤੋਂ ਪੰਜਾਬ ਡੈਮੋਕ੍ਰੇਟਿਕ ਗਠਜੋੜ ਦੀ ਉਮੀਦਵਾਰ ਹੋਵੇਗੀ। ਮਨੁੱਖੀ ਅਧਿਕਾਰਾਂ ਲਈ ਜੂਝਣ ਵਾਲੇ ਆਪਣੇ ਪਤੀ ਖਾਲੜਾ ਦੇ ਅਚਾਨਕ ਗ਼ਾਇਬ ਹੋਣ ਦੇ ਮਾਮਲੇ ਵਿਚ ਇਨਸਾਫ ਲਈ 20 ਸਾਲ ਲੰਮਾ ਸਮਾਂ ਇੰਤਜ਼ਾਰ ਕਰਨ ਵਾਲੀ ਬੀਬੀ ਖਾਲੜਾ ਨੂੰ ਇਹ ਸੀਟ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਬੀਬੀ ਖਾਲੜਾ ਇਸ ਤੋਂ ਪਹਿਲਾਂ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਵਾਲੇ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਤਰਨ ਤਾਰਨ ਸੀਟ ਤੋਂ ਲੋਕ ਸਭਾ ਚੋਣ ਲੜ ਚੁੱਕੇ ਹਨ। ਉਦੋਂ ਉਹ ਅਸਫਲ ਰਹੇ ਸਨ। ਹੁਣ ਇਸ ਵੇਲੇ ਉਹ ਸਭ ਤੋਂ ਚਰਚਿਤ ਉਮੀਦਵਾਰ ਹਨ, ਜਿਨ•ਾਂ ਦੀ ਆਪ ਮੁਹਾਰੇ ਸੰਗਤ ਵੱਲੋਂ ਜਨਤਕ ਪੱਧਰ ‘ਤੇ ਅਤੇ ਸ਼ੋਸ਼ਲ ਮੀਡੀਆ ‘ਤੇ ਮੁਹਿੰਮ ਭਖੀ ਹੋਈ ਹੈ।

ਕੀ ਹੈ ਮਨੋਰਥ ਬੀਬੀ ਖਾਲੜਾ ਦਾ
ਖਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਤੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਸਰਪ੍ਰਸਤ ਬੀਬੀ ਪਰਮਜੀਤ ਕੌਰ ਖਾਲੜਾ ਇਹਨਾਂ ਚੋਣਾਂ ਵਿੱਚ ਮਨੁੱਖੀ ਅਧਿਕਾਰਾਂ ਨੂੰ ਹੀ ਆਪਣੀ ਚੋਣ ਮੁਹਿੰਮ ਦਾ ਮੁੱਖ ਮੁੱਦਾ ਬਣਾਉਣਗੇ ਤੇ 25000 ਲਾਵਾਰਿਸ ਕਹਿ ਕੇ ਸਾੜੀਆਂ ਲਾਸ਼ਾਂ ਵਿਚ ਸਰਕਾਰਾਂ ਵੱਲੋਂ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਕਨੂੰਨ ਤੋਂ ਬਚਣ ਲਈ ਦਿੱਤੇ ਜਾ ਰਹੇ ਖ਼ਾਸ ਕਵਚ ਵਿਰੁਧ ਖਾਲੜਾ ਮਿਸ਼ਨ ਆਰਗੇਨਾਈਜੇਨ ਦੀ ਲੜਾਈ ਨੂੰ ਲੋਕ ਕਚਹਿਰੀ ਵਿੱਚ ਰੱਖਣਗੇ। ਉਹਨਾਂ ਕਿਹਾ ਕਿ ਉਹ ਆਪਣੇ ਪਤੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਮਨੁੱਖੀ ਅਧਿਕਾਰਾਂ ਦੀ ਜੰਗ ਨੂੰ ਅੱਗੇ ਤੋਰ ਰਹੇ ਹਨ। ਭਾਰਤ ਵਿਚ ਜਾਂ ਕੌਮਾਂਤਰੀ ਪੱਧਰ ‘ਤੇ ਕਿਸੇ ਨਾਲ  ਜ਼ੁਲਮ ਹੁੰਦਾ ਹੈ, ਉਹ ਡੱਟ ਕੇ ਖਲੌਣਗੇ। ਇਹੀ ਗੁਰੂ ਨਾਨਕ ਸਾਹਿਬ ਦਾ ਉਦੇਸ਼ ਹੈ।
ਉਹਨਾਂ ਦੱਸਿਆ ਕਿ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਪੇਸ਼ ਕੀਤੀ ਗਈ 19ਵੀਂ ਸਾਲਾਨਾ ਰਿਪੋਰਟ ਅਨੁਸਾਰ 2016-17 ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ 10820 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਪੰਜਾਬ ਦੇਸ਼ ਦੇ ਵੱਡੇ ਸੂਬਿਆਂ ਵਿਚ ਸ਼ੁਮਾਰ ਨਹੀਂ ਹੁੰਦਾ, ਇਸ ਲਈ ਇਨ•ਾਂ ਸ਼ਿਕਾਇਤਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਪ੍ਰਤੀਤ ਹੁੰਦੀ ਹੈ। ਲਗਭਗ 55 ਫ਼ੀਸਦ ਸ਼ਿਕਾਇਤਾਂ ਹਿਰਾਸਤੀ ਮੌਤਾਂ, ਤਸ਼ੱਦਦ ਤੇ ਪੁਲੀਸ ਅਤੇ ਜੇਲ• ਅਧਿਕਾਰੀਆਂ ਵੱਲੋਂ ਲੋਕਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਦੇ ਮਾਮਲਿਆਂ ਬਾਰੇ ਹਨ। 741 ਕੇਸਾਂ ਵਿਚ ਲੋਕਾਂ ਨੇ ਪੁਲੀਸ ਅਧਿਕਾਰੀਆਂ ਵਿਰੁਧ ਉਨ•ਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਬਾਰੇ ਸ਼ਿਕਾਇਤ ਕੀਤੀ ਜਦੋਂ ਕਿ ਜੇਲ•ਾਂ ਵਿਚ ਹੋਈਆਂ ਮੌਤਾਂ ਬਾਰੇ 155 ਮਾਮਲੇ ਸਾਹਮਣੇ ਆਏ। 52 ਫ਼ੀਸਦ ਸ਼ਿਕਾਇਤਾਂ ਪੰਜਾਬ ਪੁਲੀਸ ਨਾਲ ਸਬੰਧਿਤ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ 1980ਵਿਆਂ ਤੋਂ ਬਾਅਦ ਇਕ ਵੱਡੀ ਸਮੱਸਿਆ ਇਹ ਰਹੀ ਹੈ ਕਿ ਪੁਲੀਸ ਦਾ ਕਾਰਜ ਤੇ ਢੰਗ ਹਾਲੇ ਤੱਕ ਨਹੀਂ ਬਦਲਿਆ ਤੇ ਉਹ ਲੋਕਾਂ ਦੇ ਹੱਕਾਂ ਨੂੰ ਮਧੋਲ ਰਹੀ ਹੈ ਤੇ ਸੱਤਾਧਾਰੀ ਪੁਲੀਸ ਦੀ ਦੁਰਵਰਤੋਂ ਕਰਦੇ ਹਨ।
ਬੀਬੀ ਖਾਲੜਾ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਚੋਣ ਏਜੰਡਾ ਮੰਨਦੇ ਹਨ। ਖਾਲੜਾ ਦਾ ਕਹਿਣਾ ਹੈ ਕਿ ਸਿਆਸੀ ਪਾਰਟੀਆਂ ਸਿਰਫ  ਦੂਸ਼ਣਬਾਜ਼ੀ ਕਰਦੀਆਂ ਹਨ ਪਰ ਅਸੀਂ ਲੋਕਾਂ ਦੇ ਮੁੱਦਿਆਂ ਦੀ ਰਾਜਨੀਤੀ ਕਰਨਾ ਚਾਹੁੰਦੇ ਹਾਂ ਤੇ ਇਸ ਲਈ ਉਹ ਲੰਮੇ ਅਰਸੇ ਬਾਅਦ ਚੋਣ ਮੈਦਾਨ ਵਿੱਚ ਨਿੱਤਰੇ ਹਨ। ਉਹਨਾਂ ਕਿਹਾ ਕਿ ਸਰਹੱਦੀ ਖੇਤਰ ਦੇ ਲੋਕਾਂ ਦੇ ਆਪਣੇ ਹੀ ਗੰਭੀਰ ਮਸਲੇ ਹਨ।
ਉਨ•ਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਦੀ ਪਹਿਲੀ ਪੀੜ•ੀ ਸਰਕਾਰੀ ਅੱਤਵਾਦ ਨੇ ਤਬਾਹ ਕਰ ਦਿੱਤੀ, ਦੂਜੀ ਨਸ਼ਿਆਂ ਨੇ ਖਾ ਲਈ ਤੇ ਤੀਜੀ ਵਿਦੇਸ਼ ਤੁਰ ਗਈ। ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਅਤੇ ਪੰਜਾਬੀਆਂ ਵੱਲੋਂ ਦੂਜੇ ਮੁਲਕਾਂ ਨੂੰ ਕੀਤਾ ਜਾ ਰਿਹਾ ਪਰਵਾਸ ਪੰਜਾਬ ਦੇ ਲਈ ਵੱਡਾ ਸੰਕਟ ਹੈ।
ਯਾਦ ਰਹੇ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੇ ਵੀ ਮਨੁੱਖੀ ਅਧਿਕਾਰਾਂ ਲਈ ਜੂਝਦਿਆਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ ਤੇ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਲੰਬੀ ਲੜਾਈ ਲੜੀ ਹੈ।

ਪੰਥਕ ਜਥੇਬੰਦੀਆਂ ਬੀਬੀ ਖਾਲੜਾ ਦੇ ਹੱਕ ‘ਚ
ਬੀਬੀ ਖ਼ਾਲੜਾ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਖ਼ਾਲਸ ਏਡ ਦੇ ਮੈਂਬਰ ਰਵੀ ਸਿੰਘ ਨੇ ਉਨ•ਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਰਵੀ ਸਿੰਘ ਨੇ ਆਪਣੇ ਟਵੀਟਰ ਅਕਾਊਂਟ ਰਾਹੀਂ ਕਿਹਾ ਹੈ ਕਿ ਨਿਆਂ ਲਈ ਆਵਾਜ਼ ਚੁੱਕੋ ਅਤੇ ਵੋਟ ਲਈ ਅੱਗੇ ਆਓ। ਤੁਸੀ ਕਿਸੇ ਪਾਰਟੀ ਨੂੰ ਨਹੀਂ, ਸਗੋਂ ਇੱਕ ਅਜਿਹੀ ਸ਼ਖ਼ਸੀਅਤ ਦਾ ਸਮਰਥਨ ਕਰ ਰਹੇ ਹੋ, ਜਿਸ ਨੇ ਅਤਿਆਚਾਰ ਅਤੇ ਜ਼ਬਰ-ਜੁਲਮ ਵਿਰੁੱਧ ਆਵਾਜ਼ ਚੁੱਕੀ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਨੇਤਾ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਖਤ ਲਿਖਕੇ ਅਪੀਲ ਕੀਤੀ ਹੈ ਕਿ ਅਕਾਲ ਤਖਤ ਸਾਹਿਬ ਤੋਂ ਸਾਰੀਆਂ ਸਿਆਸੀ ਪਾਰਟੀਆਂ ਖਾਸ ਕਰਕੇ ‘ਸ਼੍ਰੋਮਣੀ ਅਕਾਲੀ ਦਲ’ ਨੂੰ ਆਦੇਸ਼ ਜਾਰੀ ਹੋਵੇ ਕਿ ਬੀਬੀ ਪਰਮਜੀਤ ਕੌਰ ਖਾਲੜਾ ਦੇ ਮੁਕਾਬਲੇ ਉਤੇ ਕੋਈ ਵੀ ਉਮੀਦਵਾਰ ਚੋਣ ਮੈਦਾਨ ਵਿਚ ਨਾ ਉਤਾਰਿਆ ਜਾਵੇ।

ਕੌਣ ਹੈ ਅਮਰ ਸ਼ਹੀਦ ਜਸਵੰਤ ਸਿੰਘ ਖਾਲੜਾ
25000 ਲਾਵਾਰਿਸ ਲਾਸ਼ਾਂ ਦਾ ਸੱਚ ਦੁਨੀਆਂ ਸਾਹਮਣੇ ਲੈ ਕੇ ਆਉਣ ਵਾਲੀ ਸਖਸ਼ੀਅਤ ਜਸਵੰਤ ਸਿੰਘ ਖਾਲੜਾ 6 ਸਤੰਬਰ, 1995 ਨੂੰ ਪੰਜਾਬ ਪੁਲਸ ਦੇ ਬੁੱਚੜ ਅਫ਼ਸਰਾਂ ਵੱਲੋਂ  ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਨਜਦੀਕ ਉਹਨਾਂ ਦੇ ਘਰ ਤੋਂ ਚੁੱਕਿਆ  ਸੀ। ਸਰਦਾਰ ਖਾਲੜਾ ਨੇ ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ ਤਰਨਤਾਰਨ ਤਿੰਨਾਂ ਜਿਲਿਆਂ ਵਿਚ ਹੀ ਲਾਪਤਾ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲੇ ਸਿਵਿਆਂ ਵਿਚੋਂ ਜਾਣਕਾਰੀ ਲੈ ਕੇ ਅੰਕੜੇ ਇਕੱਠੇ ਕਰਕੇ ਦੁਨੀਆ ਨੂੰ ਦੱਸਿਆ ਸੀ ਕੀ ਇਨ•ਾਂ ਸਿਰਫ ਤਿੰਨ ਜਿਲਿਆਂ ਵਿਚ ਹੀ ਖਾੜਕੂਵਾਦ ਵੇਲੇ ਪੁਲਿਸ ਨੇ 25000 ਦੇ ਕਰੀਬ ਨੌਜਵਾਨ ਕਤਲ ਕਰ ਲਾਸ਼ਾਂ ਨੂੰ ਲਾਵਾਰਿਸ ਕਹਿ ਸ਼ਮਸ਼ਾਨਘਾਟ ਵਿਖੇ ਫੂਕ ਦਿੱਤਾ ਸੀ। ਜਦੋਂ ਪੁਲਿਸ ਅਫਸਰਾਂ ਨੇ ਇਹ ਵੇਖਿਆ ਕੀ ਸ. ਖਾਲੜਾ ਉਹਨਾਂ ਦੇ ਅਪਰਾਧਾਂ ਦਾ ਪਰਦਾਫਾਸ਼ ਕਰ ਰਿਹਾ ਹੈ ਤੇ ਉਹਨਾਂ ਨੇ ਖਾਲੜਾ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚ ਲਈ। ਸੀਬੀਆਈ ਦੇ ਖਾਲੜਾ ਕਤਲ ਕੇਸ ਦੇ ਅਹਿਮ ਗਵਾਹ ਕੁਲਦੀਪ ਸਿੰਘ ਬਚੜੇ ਮੁਤਾਬਕ ਕੇਪੀ ਗਿਲ, ਅਜੀਤ ਸਿੰਘ ਸੰਧੂ ਤੇ ਹੋਰ ਪੁਲਸ ਅਫਸਰ ਸਰਦਾਰ ਖਾਲੜਾ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਖਾਲੜਾ ਨੇ 23 ਫਰਵਰੀ 1995 ਨੂੰ ਜਾਰੀ ਕੀਤੇ ਗਏ ਆਪਣੇ ਬਿਆਨ ਵਿਚ ਸਾਫ ਐਲਾਨ ਕੀਤਾ ਸੀ ਕਿ ”ਜੇਕਰ ਪੰਜਾਬ ਸਰਕਾਰ ਤੇ ਪੁਲਿਸ ਇਹ ਸਮਝਦੀ ਹੈ ਕਿ ਮੈਨੂੰ ਖਤਮ ਕਰਕੇ 25 ਹਜ਼ਾਰ ਲਾਵਾਰਿਸ ਲਾਸ਼ਾਂ ਦੇ ਮਾਮਲੇ ਨੂੰ ਖੁਰਦ ਬੁਰਦ ਕੀਤਾ ਜਾ ਸਕਦਾ ਹੈ ਤਾਂ ਇਹ ਉਸ ਦੀ ਗਲਤ ਫਹਿਮੀ ਹੈ। ਕਿਉਂਕਿ ਇਸ ਸੰਬੰਧੀ ਤੱਥ ਦੁਨੀਆਂ ਪੱਧਰ ਦੇ ਮਨੁੱਖੀ ਅਧਿਕਾਰ ਸੰਗਠਨਾਂ ਤੱਕ ਪਹੁੰਚ ਚੁੱਕੇ ਹਨ।” ਸ. ਖਾਲੜਾ ਨੇ ਇਹ ਵੀ ਇੰਕਸ਼ਾਫ ਵੀ ਕੀਤਾ ਸੀ, ”ਕਾਂਗਰਸੀ ਐੱਮ ਐੱਲ ਏ ਨੇ 2 ਦਿਨ ਪਹਿਲਾਂ ਮੈਨੂੰ ਮਿਲ ਕੇ ਦੱਸਿਆ ਹੈ ਕਿ ਪੁਲਿਸ ਅਧਿਕਾਰੀ ਇਸ ਮਾਮਲੇ ਦਾ ਪਰਦਾਫਾਸ਼ ਹੋਣ ‘ਤੇ ਬਹੁਤ ਖਫਾ ਹੋਏ ਪਏ ਹਨ ਅਤੇ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਜੇਕਰ ਇਹ ਪੜਤਾਲ ਅੱਗੇ ਵਧਦੀ ਹੈ ਤਾਂ ਹਰ ਹਾਲਤ ਵਿਚ ਉਹ ਖਾਲੜਾ ਨੂੰ ਮਾਰ ਦੇਣਗੇ ਅਤੇ ਜਿੱਥੇ 25 ਹਜ਼ਾਰ ਲਾਸ਼ਾਂ ਦੀ ਜਾਂਚ ਹੋਵੇਗੀ, ਉੱਥੇ ਇਕ ਹੋਰ ਵੀ ਝੱਲ ਲੈਣਗੇ। ਐੱਮ ਐੱਲ ਏ ਜਿਸ ਦਾ ਅਜੇ ਮੈਂ ਨਾਂ ਦੱਸਣਾ ਠੀਕ ਨਹੀਂ ਸਮਝਦਾ, ਨੇ ਮੈਨੂੰ ਇਹ ਵੀ ਦੱਸਿਆ ਹੈ ਕਿ ਇਸ ਕੰਮ ਦੀ ਉਹਨਾਂ ਨੇ ਸਾਡੀ ਕਾਂਗਰਸ ਸਰਕਾਰ ਤੋਂ ਇਜ਼ਾਜਤ ਵੀ ਲੈ ਲਈ ਹੈ।”
ਸ. ਖਾਲੜਾ ਨੇ ਦ੍ਰਿੜ•ਤਾ ਨਾਲ ਐਲਾਨਿਆ ਸੀ, ”ਮੈਂ ਆਪਣੀ ਜ਼ਿੰਦਗੀ ਦੀ ਰਾਖੀ ਲਈ ਕਿਸੇ ਅਦਾਲਤ ਵਿਚ ਜਾਣ ਦੀ ਥਾਂ ਲੋਕਾਂ ਦੀਆਂ ਬਰੂਹਾਂ ਵਿਚ ਜਾਣ ਨੂੰ ਤਰਜੀਹ ਦੇਵਾਂਗਾ ਅਤੇ ਸਭ ਜਮਹੂਰੀਅਤ ਪਸੰਦ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਮੈਨੂੰ ਖਤਮ ਕੀਤਾ ਗਿਆ ਤਾਂ ਕਿਸੇ ਪੁਲਿਸ ਕੈਟ ਜਾਂ ਥਾਣੇਦਾਰ ਨੂੰ ਦੋਸ਼ੀ ਨਾ ਠਹਿਰਾਇਆ ਜਾਵੇ ਬਲਕਿ ਮੁੱਖ ਮੰਤਰੀ ਬੇਅੰਤ ਸਿੰਘ ਤੇ ਪੁਲਿਸ ਮੁਖੀ ਕੇ ਪੀ ਗਿੱਲ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਜਾਵੇ।”.ਸੀਬੀਆਈ ਦੇ ਗਵਾਹ ਬਚੜੇ ਮੁਤਾਬਕ ਉਸ ਵੇਲੇ ਦੇ ਤਰਨਤਾਰਨ ਦੇ ਐੱਸਐਸਪੀ ਅਜੀਤ ਸਿੰਘ ਸੰਧੂ ਡੀਐਸਪੀ ਜਸਪਾਲ ਸਿੰਘ ਐਸਐਚਓ ਸਰਹਾਲੀ ਸੁਰਿੰਦਰਪਾਲ ਸਿੰਘ ਤੇ ਐਸਐਚਓ ਝਬਾਲ ਸਤਨਾਮ ਸਿੰਘ ਨੇ ਤਤਕਾਲੀ ਡੀਜੀਪੀ ਗਿਲ ਦੇ ਕਹਿਣ ਤੇ ਕਾਫੀ ਦਿਨਾ ਤੱਕ ਤਸ਼ੱਦਦ ਕੀਤਾ ਤੇ ਕਤਲ ਕਰਕੇ ਲਾਸ਼ ਨੂੰ ਹਰੀਕੇ ਪੱਤਣ ਵਿਚ ਰੋੜ ਦਿੱਤਾ। ਸਰਦਾਰ ਖਾਲੜਾ ਜੋ ਅਕਾਲੀ ਦਲ ਬਾਦਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਜਨਰਲ ਸਕੱਤਰ ਸਨ, ਨੂੰ 1997 ਵਿਚ ਬਾਦਲ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਇਨਸਾਫ਼ ਨਹੀਂ ਮਿਲਿਆ। ਬਾਦਲਾ ਨੇ ਕਾਤਲਾਂ ਨੂੰ ਬਚਾਉਣ ਦੀ ਕੋਸ਼ਿਸ਼ਾਂ ਹੀ ਕੀਤੀਆਂ।

Show More

Related Articles

Leave a Reply

Your email address will not be published. Required fields are marked *

Close