International

ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੇਥ ਦਾ 96 ਸਾਲ ਦੀ ਉਮਰ ਵਿੱਚ ਦਿਹਾਂਤ

ਲੰਡਨ : ਬਿ੍ਰਟੇਨ ਦੀ ਮਹਾਰਾਣੀ ਐਲਿਜ਼ਾਬੈੱਥ ਦੋਇਮ ਨੇ 96 ਸਾਲ ਦੀ ਉਮਰ ਵਿੱਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖਿਆ।
ਦਿਨੋਂ ਦਿਨ ਉਨ੍ਹਾਂ ਦੀ ਨਿੱਘਰ ਰਹੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਸੀ।ਆਪਣੇ ਆਖਰੀ ਸਮੇਂ ਵਿੱਚ ਮਹਾਰਾਣੀ ਐਲਿਜ਼ਾਬੈੱਥ ਸਕਾਟਲੈਂਡ ਵਿੱਚ ਆਪਣੇ ਬਾਲਮੋਰਲ ਅਸਟੇਟ ਵਿੱਚ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਸਮਾਂ ਕੱਟ ਰਹੀ ਸੀ।ਵੀਰਵਾਰ ਨੂੰ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਨਾਲ ਰਹਿਣ ਲਈ ਸਕਾਟਲੈਂਡ ਵਿੱਚ ਇੱਕਠਾ ਹੋਇਆ।
ਐਲਿਜ਼ਾਬੈੱਥ ਵੱਲੋਂ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਸੀਨੀਅਰ ਸਰਕਾਰੀ ਸਲਾਹਕਾਰਾਂ ਨਾਲ ਰੱਖੀ ਮੀਟਿੰਗ ਨੂੰ ਮੁਲਤਵੀ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਸੰਬਧੀ ਸਾਰਿਆਂ ਨੂੰ ਚਿੰਤਾ ਹੋਣ ਲੱਗੀ।ਮੰਗਲਵਾਰ ਨੂੰ ਮਹਾਰਾਣੀ ਐਲਿਜ਼ਾਬੈੱਥ ਦਾ ਦਿਨ ਕਾਫੀ ਰੁਝੇਵਿਆਂ ਭਰਿਆ ਰਿਹਾ। ਉਨ੍ਹਾਂ ਨੇ ਆਪਣੇ ਸਮਰ ਰੈਜ਼ੀਡੈਂਸ ਵਿੱਚ ਨਵੀਂ ਪ੍ਰਧਾਨ ਮੰਤਰੀ ਲਿਜ਼ ਟਰੱਸ ਨੂੰ ਸੱਤਾ ਸੌਂਪਣ ਲਈ ਰੱਖੇ ਗਏ ਸਮਾਰੋਹ ਦੀ ਪ੍ਰਧਾਨਗੀ ਕੀਤੀ।
ਮਹਾਰਾਣੀ ਦੀ ਨਿੱਘਰ ਰਹੀ ਹਾਲਤ ਦੀ ਖਬਰ ਮਿਲਦਿਆਂ ਹੀ ਬਕਿੰਘਮ ਪੈਲੇਸ ਨੇ ਸ਼ੁੱਕਰਵਾਰ ਨੂੰ ਕੀਤੀ ਜਾਣ ਵਾਲੀ ਚੇਂਜਿੰਗ ਆਫ ਦ ਗਾਰਡ ਰਸਮ ਵੀ ਰੱਦ ਕਰ ਦਿੱਤੀ। ਵੀਰਵਾਰ ਦੁਪਹਿਰ ਨੂੰ ਮਹਾਰਾਣੀ ਐਲਿਜ਼ਾਬੈੱਥ ਦੀ ਮੌਤ ਦੀ ਖਬਰ ਜਨਤਕ ਕੀਤੇ ਜਾਣ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਲੋਕ ਮਹਿਲ ਦੇ ਅੱਗੇ ਜੁੜਨੇ ਸ਼ੁਰੂ ਹੋ ਗਏ।ਇਸ ਪੂਰਾ ਸਾਲ ਹੀ ਮਹਾਰਾਣੀ ਐਲਿਜ਼ਾਬੈੱਥ ਨੂੰ ਕਈ ਮੌਕਿਆਂ ਉੱਤੇ ਡਾਕਟਰਾਂ ਵੱਲੋਂ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਤੇ ਉਹ ਬਹੁਤਾ ਕਰਕੇ ਜਨਤਾ ਦੀਆਂ ਨਜ਼ਰਾਂ ਤੋਂ ਦੂਰ ਹੀ ਰਹੀ। ਮਹਾਰਾਣੀ ਨੂੰ ਤੁਰਨ ਫਿਰਨ ਵਿੱਚ ਕਾਫੀ ਦਿੱਕਤ ਹੋਣ ਲੱਗੀ ਸੀ।
ਆਪਣੀ ਮਾਂ ਦੇ ਗੁਜ਼ਰ ਜਾਣ ਤੋਂ ਬਾਅਦ, ਪਿੰ੍ਰਸ ਆਫ ਵੇਲਜ਼ ਰਹਿ ਚੁੱਕੇ ਚਾਰਲਸ ਹੁਣ ਰਾਜੇ ਵਜੋਂ ਰਾਜਗੱਦੀ ਸਾਂਭਣਗੇ।ਡਿਊਕ ਆਫ ਕੈਂਬਿ੍ਰੱਜ ਪਿ੍ਰੰਸ ਵਿਲੀਅਮ ਉਨ੍ਹਾਂ ਦੇ ਜਾਨਸ਼ੀਨ ਹੋਣਗੇ। ਰਾਜਾ ਚਾਰਲਸ ਵੱਲੋਂ ਆਪਣੀ ਮਾਂ ਦੀ ਮੌਤ ਉੱਤੇ ਦਿੱਤੇ ਬਿਆਨ ਨੂੰ ਬਕਿੰਘਮ ਪੈਲੇਸ ਵੱਲੋਂ ਉਨ੍ਹਾਂ ਦੇ ਪੱਖ ਉੱਤੇ ਪੜ੍ਹ ਕੇ ਸੁਣਾਇਆ ਗਿਆ। ਉਨ੍ਹਾਂ ਆਪਣੇ ਬਿਆਨ ਵਿੱਚ ਆਖਿਆ ਕਿ ਉਨ੍ਹਾਂ ਦੀ ਮਾਂ ਮਹਾਰਾਣੀ ਐਲਿਜ਼ਾਬੈੱਥ ਦੀ ਮੌਤ ਉਨ੍ਹਾਂ ਲਈ ਤੇ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਦੁੱਖ ਦੀ ਘੜੀ ਹੈ। ਇਸ ਮੌਕੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਟਰੱਸ ਨੇ ਆਖਿਆ ਕਿ ਮਹਾਰਾਣੀ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਨਾ ਸਿਰਫ ਸਥਿਰਤਾ ਮੁਹੱਈਆ ਕਰਵਾਈ ਸਗੋਂ ਸਾਨੂੰ ਔਖੇ ਵੇਲਿਆਂ ਵਿੱਚ ਮਜ਼ਬੂਤ ਰਹਿਣਾ ਵੀ ਸਿਖਾਇਆ। ਮਹਾਰਾਣੀ ਦੀ ਮੌਤ ਨਾਲ ਸਾਨੂੰ ਬਹੁਤ ਵੱਡਾ ਘਾਟਾ ਪਿਆ ਹੈ।
ਮਹਾਰਾਣੀ ਐਲਿਜ਼ਾਬੈੱਥ ਨੇ ਸੱਤ ਦਹਾਕਿਆਂ ਤੱਕ ਰਾਜਗੱਦੀ ਸਾਂਭੀ।ਬਿ੍ਰਟਿਸ਼ ਰਾਜਸ਼ਾਹੀ ਦੇ ਇਤਿਹਾਸ ਵਿੱਚ ਉਹ ਸੱਭ ਤੋਂ ਲੰਮੇਂ ਸਮੇਂ ਤੱਕ ਰਾਜਗੱਦੀ ਸਾਂਭਣ ਵਾਲੀ ਮਹਾਰਾਣੀ ਬਣੀ।
ਵੀਰਵਾਰ ਨੂੰ ਮਹਾਰਾਣੀ ਐਲਿਜ਼ਾਬੈੱਥ ਦੀ ਮੌਤ ਦੀ ਖਬਰ ਦੀ ਪੁਸ਼ਟੀ ਹੋ ਜਾਣ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਿਆਨ ਜਾਰੀ ਕਰਕੇ ਉਨ੍ਹਾਂ ਦੀ ਮੌਤ ਉੱਤੇ ਦੁੱਖ ਪ੍ਰਗਟ ਕੀਤਾ।ਉਨ੍ਹਾਂ ਆਖਿਆ ਕਿ ਮਹਾਰਾਣੀ ਐਲਿਜ਼ਾਬੈੱਥ ਦੀ ਕੈਨੇਡਾ ਨਾਲ ਗੂੜ੍ਹੀ ਸਾਂਝ ਸੀ ਤੇ ਉਹ ਕੈਨੇਡੀਅਨਜ਼ ਨੂੰ ਬਹੁਤ ਪਿਆਰ ਕਰਦੀ ਸੀ।ਟਰੂਡੋ ਨੇ ਆਖਿਆ ਕਿ ਮਹਾਰਾਣੀ ਉਨ੍ਹਾਂ ਦੇ ਕੁੱਝ ਚੁਨਿੰਦਾ ਪਸੰਦੀਦਾ ਲੋਕਾਂ ਵਿੱਚੋਂ ਇੱਕ ਸੀ ਤੇ ਉਨ੍ਹਾਂ ਨੂੰ ਉਨ੍ਹਾਂ ਦੀ ਬਹੁਤ ਯਾਦ ਆਵੇਗੀ।

Show More

Related Articles

Leave a Reply

Your email address will not be published. Required fields are marked *

Close