International

ਪਾਕਿਸਤਾਨ ਅੱਤਵਾਦ ਨੂੰ ਪਨਾਹ ਦੇਣੀ ਬੰਦ ਕਰੇ: ਭਾਰਤ ਤੇ ਅਮਰੀਕਾ

ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਤੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਵਿਚਾਲੇ ਅੱਜ ਸੋਮਵਾਰ ਨੂੰ ਹੋਈ ਗੱਲਬਾਤ ਦੌਰਾਨ ਭਾਰਤ ਤੇ ਅਮਰੀਕਾ ਇਸ ਗੱਲ ਉੱਤੇ ਸਹਿਮਤ ਹੋਏ ਕਿ ਪਾਕਿਸਤਾਨ ਅੱਤਵਾਦੀ ਢਾਂਚੇ ਨੂੰ ਬਰਬਾਦ ਕਰਨ ਲਈ ਸੰਗਠਤ ਕਾਰਵਾਈ ਕਰੇ ਤੇ ਆਪਣੀ ਧਰਤੀ ਉੱਤੇ ਸਾਰੀਆਂ ਅੱਤਵਾਦੀ ਜੱਥੇਬੰਦੀਆਂ ਨੂੰ ਪਨਾਹਗਾਹ ਮੁਹੱਈਆ ਕਰਨਾ ਬੰਦ ਕਰੇ।
ਜੰਮੂ–ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਇਹ ਪਹਿਲੀ ਉੱਚ–ਪੱਧਰੀ ਮੀਟਿੰਗ ਸੀ। ਗੋਖਲੇ ਤੇ ਪੋਂਪੀਓ ਨੇ ਵਿਦੇਸ਼ ਨੀਤੀ ਤੇ ਸੁਰੱਖਿਆ ਨਾਲ ਜੁੜੇ ਅਹਿਮ ਮੁੱਦਿਆਂ ਉੱਤੇ ਚਰਚਾ ਕੀਤੀ। ਗ਼ੌਰਤਲਬ ਹੈ ਕਿ ਇਸ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਵਿਚਾਲੇ ਤਣਾਅ ਵਧ ਗਿਆ ਸੀ। ਸ੍ਰੀ ਗੋਖਲੇ ਕੱਲ੍ਹ ਐਤਵਾਰ 10 ਮਾਰਚ ਨੂੰ ਅਮਰੀਕਾ ਪੁੱਜੇ। ਉਹ ਅਮਰੀਕੀ ਵਿਦੇਸ਼ ਮੰਤਰੀ ਪੌਂਪੀਓ, ਵਿਦੇਸ਼ ਮੰਤਰਾਲੇ ਵਿੱਚ ਸਿਆਸੀ ਮਾਮਲਿਆਂ ਦੇ ਉੱਪ–ਮੰਤਰੀ ਡੇਵਿਡ ਹੇਲੇ ਤੇ ਮੰਤਰਾਲੇ ਵਿੱਚ ਹਥਿਆਰਾਂ ਉੱਤੇ ਕੰਟਰੋਲ ਅਤੇ ਕੌਮਾਂਤਰੀ ਸੁਰੱਖਿਆ ਮਾਮਲਿਆਂ ਦੀ ਉੱਪ–ਮੰਤਰੀ ਆਂਦਰੀਆ ਥਾਂਪਸਨ ਦੇ ਨਾਲ ਵਿਦੇਸ਼ ਮੰਤਰਾਲੇ ਦੀ ਦੁਵੱਲੀ ਗੱਲਬਾਤ ਤੇ ਰਣਨੀਤਕ ਸੁਰੱਖਿਆ ਵਾਰਤਾ ਕਰਨ ਲਈ ਇੱਥੇ ਪੁੱਜੇ ਹਨ।
ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਦੋਵੇਂ ਇਸ ਗੱਲ ਉੱਤੇ ਸਹਿਮਤ ਹੋਏ ਕਿ ਪਾਕਿਸਤਾਨ ਨੂੰ ਅੱਤਵਾਦੀ ਢਾਂਚੇ ਖ਼ਤਮ ਕਰਨ ਤੇ ਆਪਣੀ ਧਰਤੀ ਉੱਤੇ ਸਾਰੇ ਅੱਤਵਾਦੀ ਸੰਗਠਨਾਂ ਦੀਆਂ ਪਨਾਹਗਾਹਾਂ ਬੰਦ ਕਰਨ ਲਈ ਠੋਸ ਕਾਰਵਾਈ ਦੀ ਲੋੜ ਹੈ।
ਉਹ ਇਸ ਗੱਲ ਉੱਤੇ ਵੀ ਸਹਿਮਤ ਹੋਏ ਕਿ ਜਿਹੜੇ ਲੋਕ/ਦੇਸ਼ ਕਿਸੇ ਵੀ ਤਰ੍ਹਾਂ ਅੱਤਵਾਦ ਦੀ ਹਮਾਇਤ ਕਰਦੇ ਹਨ ਜਾਂ ਹੱਲਾਸ਼ੇਰੀ ਦਿੰਦੇ ਹਨ, ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਵੇ।
ਪੌਂਪੀਓ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨੀ ਲੀਡਰਸ਼ਿਪ ਦੇ ਸੰਪਰਕ ਵਿੱਚ ਸਨ ਤੇ ਉਨ੍ਹਾਂ ਘਟਨਾਕ੍ਰਮਾਂ ਦੀ ਨਿਗਰਾਨੀ ਕੀਤੀ ਸੀ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦੱਖਣੀ ਏਸ਼ੀਆ ਵਿੱਚ ਸੁਰੱਖਿਆ ਸਥਿਤੀ ਬਦਤਰ ਨਾ ਹੋਵੇ। ਗੋਖਲੇ ਤੇ ਪੌਂਪੀਓ ਨੇ ਅਫ਼ਗ਼ਾਨਿਸਤਾਨ ਤੇ ਭਾਰਤ–ਪ੍ਰਸ਼ਾਂਤ ਮਹਾਂਸਾਗਰ ਖੇਤਰ ਵਿੱਚ ਆਪਸੀ ਹਿਤਾਂ ਦੇ ਮੁੱਦਿਆਂ ਸਮੇਤ ਹੋਰਨਾਂ ਵਿਸ਼ਿਆਂ ਉੱਤੇ ਵੀ ਚਰਚਾ ਕੀਤੀ। ਵਿਦੇਸ਼ ਸਕੱਤਰ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਪਿਛਲੇ ਤਿੰਨ ਵਰਿ੍ਹਆਂ ਦੌਰਾਨ ਵਪਾਰ ਘਾਟੇ ਵਿੱਚ ਅਹਿਮ ਕਮੀ ਆਈ ਹੈ।
ਪਾਕਿਸਤਾਨੀ ਅੱਤਵਾਦੀ ਜੱਥੇਬੰਦੀ ਜੈਸ਼–ਏ–ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵੱਲੋਂ ਇੱਕ ਵਿਸ਼ਵ ਅੱਤਵਾਦੀ ਐਲਾਨਣ ਲਈ ਭਾਰਤ ਦੀਆਂ ਕੋਸ਼ਿਸ਼ਾਂ ਤੇਜ਼ ਕਰਨ ਦਰਮਿਆਨ ਸ੍ਰੀ ਗੋਖਲੇ ਦੀ ਇਹ ਯਾਤਰਾ ਹੋ ਰਹੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪਹਿਲਾਂ ਮੰਤਰੀ ਪੱਧਰ ਦੀ 2+2 ਵਾਰਤਾ ਲਈ ਸਤੰਬਰ 2018 ਵਿੱਚ ਅਮਰੀਕੀ ਵਿਦੇਸ਼ ਮੰਤਰੀ ਪੌਂਪੀਓ ਦੇ ਭਾਰਤ ਦੀ ਯਾਤਰਾ ਕਰਨ ਦੇ ਬਾਅਦ ਤੋਂ ਭਾਰਤ–ਅਮਰੀਕਾ ਰਣਨੀਤਕ ਭਾਈਵਾਲੀ ਦੀ ਗੁਣਵੱਤਾ ਤੇ ਇਸ ਦਿਸ਼ਾ ਵਿੱਚ ਅਹਿਮ ਪ੍ਰਗਤੀ ਉੱਤੇ ਦੋਵੇਂ ਦੇਸ਼ਾਂ ਨੇ ਤਸੱਲੀ ਪ੍ਰਗਟਾਈ।
ਵਿਦੇਸ਼ ਸਕੱਤਰ ਨੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੂੰ ਅਮਰੀਕਾ ਤੋਂ ਮਿਲੀ ਹਮਾਇਤ ਨੂੰ ਲੈ ਕੇ ਅਮਰੀਕੀ ਸਰਕਾਰ ਤੇ ਪੌਂਪੀਓ ਦੀ ਸ਼ਲਾਘਾ ਕੀਤੀ। ਪੌਂਪੀਓ ਨੇ ਸਰਹੱਦ ਪਾਰ (ਪਾਕਿਸਤਾਨ) ਤੋਂ ਹੋਣ ਵਾਲੇ ਅੱਤਵਾਦ ਬਾਰੇ ਭਾਰਤ ਦੀਆਂ ਚਿੰਤਾਵਾਂ ਸਮਝਣ ਦੀ ਗੱਲ ਆਖੀ। ਪਾਕਿਸਤਾਨ ਦੇ ਬਾਲਾਕੋਟ ਵਿਖੇ ਜੈਸ਼ ਦੇ ਟਿਕਾਣੇ ਉੱਤੇ ਭਾਰਤੀ ਹਵਾਈ ਫ਼ੌਜ ਦੇ ਹਮਲੇ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਵਧਣ ਦੇ ਮੱਦੇਨਜ਼ਰ ਇਸ ਗੱਲਬਾਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
ਭਾਵੇਂ ਪ੍ਰੋਟੋਕੋਲ ਮੁਤਾਬਕ ਪੌਂਪੀਓ ਦਾ ਗੋਖਲੇ ਨੂੰ ਮਿਲਣਾ ਅਸਾਧਾਰਣ ਹੈ ਪਰ ਪਿਛਲੇ ਕੁਝ ਵਰਿ੍ਹਆਂ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਨੇ ਸ੍ਰੀ ਗੋਖਲੇ ਤੋਂ ਪਹਿਲਾਂ ਦੇ ਅਧਿਕਾਰੀ ਐੱਸ. ਜੈਸ਼ੰਕਰ ਨਾਲ ਵੀ ਮੁਲਾਕਾਤ ਕੀਤੀ ਸੀ। ਵਿਦੇਸ਼ ਵਿਭਾਗ ਦੇ ਉੱਪ–ਬੁਲਾਰੇ ਰਾਬਰਟ ਪੱਲਾਡਿਨੋ ਨੇ ਪਿਛਲੇ ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਸੀ ਕਿ ਵਿਦੇਸ਼ ਮੰਤਰੀ ਪੌਂਪੀਓ ਨੇ ਦੋਵੇਂ ਦੇਸ਼ਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦੂਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ ਸੀ ਕਿ ਪੌਂਪੀਓ ਨੇ ਪ੍ਰਤੱਖ ਤੌਰ ਉੱਤੇ ਕੂਟਨੀਤਕ ਵਾਰਤਾ ਕੀਤੀ ਸੀ ਤੇ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਦੂਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਆਪਣੀ ਯਾਤਰਾ ਦੌਰਾਨ ਵਿਦੇਸ਼ ਸਕੱਤਰ ਵੱਲੋਂ ਅਮਰੀਕੀ ਪ੍ਰਸ਼ਾਸਨ ਤੇ ਅਮਰੀਕੀ ਸੰਸਦ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਮੁਲਕਾਤ ਕੀਤੇ ਜਾਣ ਦੀ ਸੰਭਾਵਨਾ ਹੈ। ਗੋਖਲੇ ਤੇ ਪੌਂਪੀਓ ਦੀ ਗੱਲਬਾਤ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਮਰੀਕੀ ਰਾਸ਼ਟਰੀ ਸਲਾਹਕਾਰ ਜੌਨ ਬੋਲਟਨ ਨਾਲ ਫ਼ੋਨ ਉੱਤੇ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨਾਲ ਤਣਾਅ ਦੂਰ ਕਰਨ ਲਈ ਇਸਲਾਮਾਬਾਦ ਵੱਲੋਂ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੱਤੀ।

Show More

Related Articles

Leave a Reply

Your email address will not be published. Required fields are marked *

Close