Sports
ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟ੍ਰੇਲੀਆ ਏ ਨੂੰ 2-1 ਨਾਲ ਹਰਾਇਆ
ਐਡੀਲੇਡ : ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟ੍ਰੇਲੀਆ ਦੌਰੇ ਦੇ ਅਪਣੇ ਪੰਜਵੇਂ ਅਤੇ ਆਖ਼ਰੀ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ਨੀਵਾਰ ਨੂੰ ਇਥੇ ਆਸਟ੍ਰੇਲੀਆ ਏ ਨੂੰ 2-1 ਨਾਲ ਹਰਾ ਦਿਤਾ। ਭਾਰਤ ਲਈ ਨਵਨੀਤ ਕੌਰ (10ਵੇਂ ਮਿੰਟ) ਅਤੇ ਦੀਪ ਗ੍ਰੇਸ ਏਕਾ (25ਵੇਂ ਮਿੰਟ) ਨੇ ਗੋਲ ਕੀਤੇ। ਆਸਟ੍ਰੇਲੀਆ ਏ ਲਈ ਏਬੀਗੇਲ ਵਿਲਸਨ (22’) ਨੇ ਇਕਲੌਤਾ ਗੋਲ ਕੀਤਾ।
ਪਿਛਲੇ ਮੈਚ ਵਿਚ 3-2 ਨਾਲ ਜਿੱਤ ਦਰਜ ਕਰਨ ਵਾਲੀ ਆਸਟ੍ਰੇਲੀਆ ਏ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਗੁਰਜੀਤ ਕੌਰ ਨੇ ਭਾਰਤੀ ਡਿਫ਼ੈਂਸ ਵਿਚ ਸਥਿਰ ਰਹੀ ਅਤੇ ਵਿਰੋਧੀ ਟੀਮ ਨੂੰ ਦਾਇਰੇ ਵਿਚ ਨਹੀਂ ਵੜਨ ਦਿਤਾ। ਭਾਰਤ ਨੇ ਇਸ ਤੋਂ ਬਾਅਦ ਲਗਾਤਾਰ ਤਿੰਨ ਪੈਨਲਟੀ ਕਾਰਨਰ ਹਾਸਲ ਕਰ ਕੇ ਆਸਟ੍ਰੇਲੀਆ ਏ ‘ਤੇ ਦਬਾਅ ਬਣਾਇਆ। ਨਵਨੀਤ ਕੌਰ ਨੇ ਰਿਵਰਸ ਹਿੱਟ ਤੋਂ ਭਾਰਤ ਲਈ ਪਹਿਲਾ ਗੋਲ ਕੀਤਾ।
ਭਾਰਤ ਨੇ ਦੂਜੇ ਕੁਆਰਟਰ ਵਿਚ ਅਪਣੀ ਗਤੀ ਬਰਕਰਾਰ ਰੱਖੀ ਪਰ ਆਸਟ੍ਰੇਲੀਆਈਆਂ ਨੇ ਜਵਾਬੀ ਹਮਲਾ ਕੀਤਾ। ਭਾਰਤੀ ਗੋਲਕੀਪਰ ਸਵਿਤਾ ਨੇ ਹਾਲਾਂਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ‘ਤੇ ਪਾਣੀ ਫੇਰ ਦਿਤਾ। ਆਸਟ੍ਰੇਲੀਆ ਏ ਨੇ ਫਿਰ ਅਪਣਾ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ ਜਿਸ ਨੂੰ ਅਬੀਗੇਲ ਨੇ ਬਦਲਣ ਵਿਚ ਕੋਈ ਗ਼ਲਤੀ ਨਹੀਂ ਕੀਤੀ। ਹਾਲਾਂਕਿ ਇਸ ਤੋਂ ਤੁਰਤ ਬਾਅਦ ਭਾਰਤ ਨੇ ਪੈਨਲਟੀ ਕਾਰਨਰ ਜਿਤਿਆ, ਜਿਸ ਨੂੰ ਏਕਾ ਨੇ ਗੋਲ ਕਰ ਕੇ ਟੀਮ ਨੂੰ ਮੁੜ ਬੜ੍ਹਤ ਦਿਵਾਈ।