International

ਅਮਰੀਕਾ ਵਿਚ ਇਸਰਾਈਲ ਵਿਰੁੱਧ ਪ੍ਰਦਰਸ਼ਨਾਂ ਦਾ ਮਾਮਲਾ

 ਭਾਰਤੀ ਵਿਦੇਸ਼ ਮੰਤਰਾਲੇ ਨੇ ਭਾਰਤੀ ਵਿਦਿਆਰਥੀਆਂ ਨੂੰ ਸਥਾਨਕ ਕਾਨੂੰਨ ਦੀ ਪਾਲਣਾ ਕਰਨ ਲਈ ਕਿਹਾ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਭਰ ਦੀਆਂ ਉੱਚ ਸਿੱਖਿਆ ਸੰਸਥਾਵਾਂ ਵਿਚ ਗਾਜ਼ਾ ਵਿਚ ਇਸਰਾਈਲ ਵੱਲੋਂ ਵਿੱਢੀ ਜੰਗ ਵਿਰੁੱਧ ਹੋ ਰਹੇ ਪ੍ਰਦਰਸ਼ਨਾਂ ਦਰਮਿਆਨ ਭਾਰਤੀ ਵਿਦੇਸ਼ ਮੰਤਰਾਲੇ ਨੇ ਭਾਰਤੀ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਥਾਨਕ ਕਾਨੂੰਨਾਂ ਤੇ ਨਿਯਮਾਂ ਦੀ ਪਾਲਣਾ ਕਰਨ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਧੀਰ ਜੈਸਵਾਲ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਅਜੇ ਤੱਕ ਭਾਰਤੀ ਵਿਦਿਆਰਥੀਆਂ ਦੇ ਇਸਰਾਈਲ ਵਿਰੁੱਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਦੀ ਕੋਈ ਰਿਪੋਰਟ ਨਹੀਂ ਹੈ ਤੇ ਨਾ ਹੀ ਕਿਸੇ ਵਿਦਿਆਰਥੀ ਜਾਂ ਪਰਿਵਾਰ ਨੇ ਮੱਦਦ ਲਈ ਭਾਰਤੀ ਮਿਸ਼ਨ ਨਾਲ ਸੰਪਰਕ ਕੀਤਾ ਹੈ। ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਹੋਏ ਪ੍ਰਦਰਸ਼ਨ ਦੇ ਮੁੱਦੇ ‘ਤੇ ਬੁਲਾਰੇ ਨੇ ਸਪਸ਼ਟ ਕੀਤਾ ਹੈ ਕਿ ਪ੍ਰਦਰਸ਼ਨ ਵਿਚ  ਹਿੱਸਾ ਲੈਣ ਕਾਰਨ ਯੁਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੀਤੀ ਅਨੁਸ਼ਾਸਨੀ ਕਾਰਵਾਈ ਨੂੰ ਲੈ ਕੇ ਕਿਸੇ ਵੀ ਭਾਰਤੀ ਵਿਦਿਆਰਥੀ ਜਾਂ ਉਨਾਂ ਦੇ ਪਰਿਵਾਰਾਂ ਨੇ ਸਹਾਇਤਾ ਲਈ ਸਾਡੇ ਤੱਕ ਪਹੁੰਚ ਨਹੀਂ ਕੀਤੀ। ਇਥੇ ਜਿਕਰਯੋਗ ਹੈ ਕਿ ਕੋਲੰਬੀਆ ਯੁਨੀਵਰਸਿਟੀ ਵੱਲੋਂ ਕੀਤੀ ਅਨੁਸ਼ਾਸਨੀ ਕਾਰਵਾਈ ਤਹਿਤ ਕੁਝ ਵਿਦਿਆਰਥੀਆਂ ਨੂੰ ਮੁਅੱਤਲ ਕਰ ਦੇਣ ਦੀ ਰਿਪੋਰਟ ਹੈ।  ਬੀਤੇ ਦਿਨ ਹੋਏ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਦੀ ਪੁਲਿਸ ਨਾਲ ਹੱਥੋਪਾਈ ਵੀ ਹੋਈ ਸੀ ਤੇ ਇਸ ਉਪਰੰਤ ਪੁਲਿਸ ਨੇ ਕਈ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈ ਲਿਆ ਸੀ। ਕਾਲਜ ਪ੍ਰਸ਼ਾਸਨ ਤੇ ਲਾਅ ਇਨਫੋਰਸਮੈਂਟ ਏਜੰਸੀਆਂ ਨੇ ਦੋਸ਼ ਲਾਇਆ ਹੈ ਕਿ ਬਾਹਰੇ ਲੋਕ ਵਿਦਿਆਰਥੀਆਂ ਦੇ ਪ੍ਰਦਰਸ਼ਨ ਵਿਚ ਹਿੱਸਾ ਲੈ ਰਹੇ ਹਨ ਜਿਸ ਕਾਰਨ ਹਿੰਸਾ ਹੋਈ ਹੈ। ਨਿਊਯਾਰਕ ਪੁਲਿਸ ਅਨੁਸਾਰ ਕੋਲੰਬੀਆ ਯੁਨੀਵਰਸਿਟੀ ਵਿਚ ਹੋ ਰਹੇ ਪ੍ਰਦਰਸ਼ਨਾਂ ਵਿਚ ਕੁਝ ਪੇਸ਼ਾਵਰ ਪ੍ਰਦਰਸ਼ਨਕਾਰੀ ਸ਼ਾਮਿਲ ਹੋ ਗਏ ਹਨ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵਾਈਟ ਹਾਊਸ ਤੋਂ ਦਿੱਤੇ ਇਕ ਬਿਆਨ ਵਿਚ ਕਿਹਾ ਹੈ ਕਿ ਪ੍ਰਦਰਸ਼ਨ ਦੀ ਆਜ਼ਾਦੀ ਦੇ ਨਾਲ ਕਾਨੂੰਨ ਦੀ ਪਾਲਣਾ ਕਰਨੀ ਜਰੂਰੀ ਹੈ। ਰਾਸ਼ਟਰਪਤੀ ਨੇ ਕਿਹਾ ਹੈ ਕਿ ਜੇਕਰ ਹਿੰਸਾ ਹੁੰਦੀ ਹੈ ਤਾਂ ਇਹ ਕਾਨੂੰਨ ਦੇ ਵਿਰੁੱਧ ਹੈ। ਅਜਿਹਾ ਕਿਸੇ ਵੀ ਹਾਲਤ ਵਿਚ ਨਹੀਂ ਹੋਣਾ ਚਾਹੀਦਾ। ਉਨਾਂ ਹੋਰ ਕਿਹਾ ਕਿ ਨਸਲਵਾਦ ਲਈ ਅਮਰੀਕਾ ਵਿਚ ਕੋਈ ਥਾਂ ਨਹੀਂ ਹੈ।

Show More

Related Articles

Leave a Reply

Your email address will not be published. Required fields are marked *

Close