Punjab

ਕਾਂਗਰਸ ਲੀਡਰਸ਼ਿਪ ਨੂੰ ਲੰਮੀ ਨੀਂਦ ਤੋਂ ਜਾਗਣ ਦੀ ਲੋੜ: ਵਿਧਾਇਕ ਵਿਕਰਮਜੀਤ ਸਿੰਘ ਚੌਧਰੀ

ਜਲੰਧਰ- ਕਾਂਗਰਸ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਕੇਪੀ ਵੱਲੋਂ ਸੋਮਵਾਰ ਨੂੰ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਬਾਰੇ ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀ ਉਮੀਦਵਾਰੀ ਨੇ ਜਲੰਧਰ ਕਾਂਗਰਸ ਵਿੱਚ ਤਬਾਹੀ ਮਚਾ ਦਿੱਤੀ ਹੈ ਅਤੇ ਪਾਰਟੀ ਹਾਈਕਮਾਂਡ ਨੂੰ ਡੁੱਬਦੇ ਜਹਾਜ਼ ਨੂੰ ਬਚਾਉਣ ਲਈ ਲੰਮੀ ਨੀਂਦ ਤੋਂ ਜਾਗਣ ਦੀ ਲੋੜ ਹੈ।
ਵਿਧਾਇਕ ਚੌਧਰੀ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਚੰਨੀ ਦੇ ਜਲੰਧਰ ਲੋਕ ਸਭਾ ਹਲਕੇ ਦੀ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਲੋਕ ਅਤੇ ਕਾਂਗਰਸ ਪਾਰਟੀ ਵਰਕਰ ਨਾਖੁਸ਼ ਹਨ, ਜਿਸ ਕਾਰਨ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਵਫ਼ਾਦਾਰ ਲੋਕ ਹੋਰਨਾਂ ਪਾਰਟੀਆਂ ਵਿੱਚ ਵਹੀਰਾਂ ਘੱਤ ਕੇ ਜਾ ਰਹੇ ਹਨ।
ਉਹਨਾਂ ਆਖਿਆ ਕਿ ਮਹਿੰਦਰ ਸਿੰਘ ਕੇਪੀ ਜੀ ਇੱਕ ਸੀਨੀਅਰ ਆਗੂ ਹਨ, ਜਿਨ੍ਹਾਂ ਨੇ ਵਿਧਾਇਕ ਅਤੇ ਸੰਸਦ ਮੈਂਬਰ ਦੇ ਨਾਲ ਨਾਲ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਵਜੋਂ ਵੀ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਦੇ ਪਿਤਾ ਨੇ ਰਾਸ਼ਟਰੀ ਏਕਤਾ ਅਤੇ ਅਖੰਡਤਾ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਜੇਕਰ ਉਨ੍ਹਾਂ ਵਰਗੇ ਸਤਿਕਾਰਯੋਗ ਆਗੂ ਪਾਰਟੀ ਅੰਦਰ ਅਣਦੇਖੀ ਮਹਿਸੂਸ ਕਰਦੇ ਹਨ, ਤਾਂ ਇਹ ਹਾਈਕਮਾਂਡ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਲੰਮੀ ਨੀਂਦ ਤੋਂ ਜਾਗ ਕੇ ਡੁੱਬਦੇ ਜਹਾਜ਼ ਨੂੰ ਬਚਾਵੇ।
ਜਿਕਰਯੋਗ ਹੈ ਕਿ ਵਿਕਰਮਜੀਤ ਚੌਧਰੀ ਨੇ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਵਿੱਚ ਆਖਿਆ ਸੀ ਕਿ ਜੇ ਕਾਂਗਰਸ ਪਾਰਟੀ ਕੇਪੀ ਨੂੰ ਲੋਕ ਸਭਾ ਚੋਣਾਂ ਲਈ ਜਲੰਧਰ ਤੋਂ ਉਮੀਦਵਾਰ ਬਣਾਉਂਦੀ ਤਾਂ ਉਹ ਜ਼ਰੂਰ ਉਹਨਾਂ ਦੀ ਉਮੀਦਵਾਰੀ ਦਾ ਸਮਰਥਨ ਕਰਦੇ।
ਫਿਲੌਰ ਵਿਧਾਇਕ ਨੇ ਚੰਨੀ ਦੇ ਜਲੰਧਰ ਆਉਣ ਦੀ ਤੁਲਨਾ ਮਹਾਂਕਾਵਿ ਮਹਾਂਭਾਰਤ ਵਿੱਚ ਸ਼ਕੁਨੀ ਦੇ ਗੰਧਾਰ ਤੋਂ ਹਸਤਿਨਾਪੁਰ ਆਉਣ ਨਾਲ ਕੀਤੀ। ਉਹਨਾਂ ਆਖਿਆ ਕਿ ਚੰਨੀ ਆਪਣੇ ਆਪ ਨੂੰ ਸੁਦਾਮਾ ਆਖਦੇ ਹਨ ਪਰ ਖੁਦ ਨੂੰ ਸੁਦਾਮਾ ਦੱਸਣ ਵਾਲਾ ਅਸਲ ‘ਚ ਸ਼ਕੁਨੀ ਹੈ ਜਿਸ ਨੇ ਦ੍ਰੋਪਦੀ ਨੂੰ ਖੁਲੇਆਮ ਜ਼ਲੀਲ ਕੀਤਾ, ਆਪਣੇ ਹੀ ਪਰਿਵਾਰ ਦੇ ਮੈਂਬਰਾਂ ਨੂੰ ਧੋਖਾ ਦਿੱਤਾ ਅਤੇ ਉਨ੍ਹਾਂ ਵਿਚਕਾਰ ਜੰਗ ਛੇੜ ਦਿੱਤੀ, ਪਰ ਜਿਸ ਤਰ੍ਹਾਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਸ਼ਕੁਨੀ ਅਤੇ ਉਸ ਦੇ ਸਾਥੀਆਂ ਨੂੰ ਸਜ਼ਾ ਦਿੱਤੀ, ਉਸੇ ਤਰ੍ਹਾਂ ਜਲੰਧਰ ਦੇ ਵੋਟਰ ਚੰਨੀ ਨੂੰ ਸਬਕ ਸਿਖਾਉਣਗੇ।
ਚੰਨੀ ‘ਤੇ ਪਿਛਲੇ ਸਮੇਂ ਦੌਰਾਨ ਲੱਗੇ ‘ਮੀ ਟੂ’ ਦੋਸ਼ਾਂ ਨੂੰ ਯਾਦ ਕਰਦਿਆਂ ਵਿਧਾਇਕ ਚੌਧਰੀ ਨੇ ਚੇਤਾਵਨੀ ਦਿੱਤੀ ਕਿ ਚੰਨੀ ਇਕ ਅਜਿਹਾ ਵਿਅਕਤੀ ਹੈ ਜੋ ਔਰਤਾਂ ਦੀ ਇੱਜ਼ਤ ਨਹੀਂ ਕਰਦਾ, ਜਿਸ ਕਰਕੇ ਜਲੰਧਰ ਦੇ ਲੋਕ ਆਪਣੀਆਂ ਔਰਤਾਂ ਨੂੰ ਚੰਨੀ ਤੋਂ ਬਚਾਉਣ ਅਤੇ ਉਹਨਾਂ ਨੂੰ ਆਪਣੇ ਘਰਾਂ ‘ਚ ਵੜਨ ਨਾ ਦੇਣ।

Show More

Related Articles

Leave a Reply

Your email address will not be published. Required fields are marked *

Close