Punjab

ਜੇਕਰ ਬਾਦਲ ਇਕ ਵਾਰ ਨਾਂਹ ਕਰ ਦਿੰਦੇ ਤਾਂ ਖੇਤੀ ਕਾਨੂੰਨ ਨਾ ਬਣਦੇ : ਹੰਸ ਰਾਜ ਹੰਸ

ਫ਼ਰੀਦਕੋਟ ਹਲਕੇ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਆਪਣਾ ਵਿਰੋਧ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਹਿੰਮਤ ਦਿਖਾਈ। ਹੰਸ ਨੇ ਹਰਸਿਮਰਤ ਕੌਰ ਅਤੇ ਬਾਦਲਾਂ ਦਾ ਨਾਮ ਨਾ ਲਏ ਬਗੈਰ ਖੇਤੀ ਕਾਨੂੰਨਾਂ ਬਾਰੇ ਉਨ੍ਹਾਂ ਨੂੰ ਖੂਬ ਰਗੜੇ ਲਾਏ। ਉਨ੍ਹਾਂ ਅਸਿੱਧੇ ਤੌਰ ’ਤੇ ਆਖਿਆ ਕਿ ਜੇਕਰ ਉਹ ਇਕ ਵਾਰ ਨਾਂਹ ਕਰ ਦਿੰਦੇ ਤਾਂ ਖੇਤੀ ਕਾਨੂੰਨ ਨਾ ਬਣਦੇ। ਹੰਸ ਰਾਜ ਹੰਸ ਨੇ ਆਖਿਆ, ‘ਜਿਨ੍ਹਾਂ ਨੂੰ ਆਪਾਂ ਜ਼ਿਆਦਾ ਖ਼ੈਰ-ਖ਼ਵਾਹ ਮੰਨਦੇ ਸੀ, ਉਹ ਕੇਂਦਰ ’ਚ ਵਜ਼ੀਰ ਸਨ। ਕਈ ਕਿਸਾਨ ਐੱਮਪੀ ਤੇ ਕਈ ਵਜ਼ੀਰ ਸਨ। ਕਾਸ਼! ਉਹ ਵਿਰੋਧ ਕਰ ਦਿੰਦੇ ਤਾਂ ਮੈਂ ਅੱਜ ਖਲਨਾਇਕ ਨਾ ਬਣਦਾ। ਜਦੋਂ ਤਿੰਨੋਂ ਕਾਨੂੰਨ ਬਣਾਉਣ ਲਈ ਆਰਡੀਨੈਂਸ ਪਾਸ ਹੋਇਆ, ਤਾਂ ਉਹੀ ‘ਕਿਸਾਨ’ ਕਹਿੰਦੇ ਸਨ ਕਿ ਸਰਕਾਰ ਨੇ ਕਿਸਾਨਾਂ ਦੀ ਲਾਟਰੀ ਕੱਢ ਦਿੱਤੀ ਹੈ।’ ਭਾਜਪਾ ਆਗੂ ਨੇ ਵਿਰੋਧ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ‘ਕਿਸਾਨ’ ਸ਼ਬਦ ਉਪਰ ਉਚੇਚੇ ਤੌਰ ’ਤੇ ਜ਼ੋਰ ਦਿੱਤਾ ਅਤੇ ਲੁਕੇ-ਛੁਪੇ ਸ਼ਬਦਾਂ ਰਾਹੀਂ ਬਾਦਲਾਂ ’ਤੇ ਚੋਟ ਮਾਰੀ। ਆਪਣੀ ਗੱਲ ਨੂੰ ਭਾਵੁਕ ਲਹਿਜ਼ੇ ਨਾਲ ਅੱਗੇ ਵਧਾਉਂਦਿਆਂ ਹੰਸ ਨੇ ਕਿਹਾ ਕਿ ਉਹ ਪਹਿਲੀ ਵਾਰ ਰੁਲ-ਖੁਲ ਕੇ ਪਾਰਲੀਮੈਂਟ ਗਏ ਸਨ। ‘ਮੈਂ ਜਦੋਂ ਵੀ ਪੰਜਾਬ ਆਇਆ ਹਾਂ, ਉਦਾਸ ਹੋ ਕੇ ਪਰਤਿਆਂ ਹਾਂ। ਮੈਨੂੰ ਇਕ ਵਾਰ ਵੀ ਪੰਜਾਬ ਨੇ ਨਹੀਂ ਜਿਤਾਇਆ। ਹਾਲਾਂਕਿ ਮੇਰਾ ਕੋਈ ਵੀ ਕਸੂਰ ਨਹੀਂ ਹੈ। ਹਾਂ, ਜੇ ਮੈਂ ਕਿਸਾਨਾਂ ਜਾਂ ਪੰਜਾਬ ਖ਼ਿਲਾਫ਼ ਇੱਕ ਵੀ ਲਫ਼ਜ਼ ਬੋਲਿਆ ਹੋਵੇ ਤਾਂ ਮੇਰੀ ਜ਼ੁਬਾਨ ਹੁਣੇ ਕੱਟ ਦਿਓ।’ ਉਨ੍ਹਾਂ ਕਿਹਾ ਕਿ ਉਹ ਝੋਲੀ ਚੁੱਕ ਨਹੀਂ ਬਣੇ ਅਤੇ ਹਮੇਸ਼ਾ ਕਿਸਾਨਾਂ ਦੇ ਭਰਾ ਬਣ ਕੇ ਉਨ੍ਹਾਂ ਨਾਲ ਖੜ੍ਹੇ ਰਹੇ। ‘ਤੁਸੀਂ ਇਸ ਵਾਰ ਮਜ਼ਦੂਰ ਦੇ ਪੁੱਤ ’ਤੇ ਯਕੀਨ ਕਰ ਕੇ ਵੇਖ ਲਓ। ਆਪਣੇ ਬੱਚੇ ਦੇ ਸਿਰ ’ਤੇ ਹੱਥ ਰੱਖੋ। ਮੈਂ ਕੇਂਦਰ ਵਿੱਚ ਤੁਹਾਡਾ ਵਕੀਲ ਬਣਾਂਗਾ ਅਤੇ ਜੇ ਫਿਰ ਵੀ ਤੁਹਾਨੂੰ ਬਾਰਡਰਾਂ ’ਤੇ ਅੰਦੋਲਨ ਕਰਨ ਜਾਣਾ ਪਿਆ, ਤਾਂ ਮੈਂ ਉਸੇ ਵੇਲੇ ਸਿਆਸਤ ਤੋਂ ਸੰਨਿਆਸ ਲੈ ਕੇ ਘਰ ਬੈਠ ਜਾਵਾਂਗਾ। ਮੈਨੂੰ ਇਕ ਵਾਰ ਸ਼ਾਬਾਸ਼ ਦੇ ਦਿਓ, ਮੈਂ ਤੁਹਾਡਾ ਖਾ-ਖਾ ਕੇ ਪਲਿਆ ਹਾਂ, ਇਸ ਲਈ ਮੈਂ ਤੁਹਾਡੇ ਨਾਲ ਗੱਦਾਰੀ ਨਹੀਂ ਕਰ ਸਕਦਾ।’

Show More

Related Articles

Leave a Reply

Your email address will not be published. Required fields are marked *

Close