Punjab

‘ਆਪ’ ਨੇ ਝੂਠ ਤੇ ਧੋਖੇ ਦੀ ਰਾਜਨੀਤੀ ’ਚ ਮੁਹਾਰਤ ਹਾਸਲ ਕੀਤੀ: ਸੁਖਬੀਰ

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਲੰਧਰ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਜਿੱਤਣ ਤੋਂ ਤੁਰੰਤ ਬਾਅਦ ਹਰ ਵਰਗ ਦੇ ਖ਼ਪਤਕਾਰਾਂ ਲਈ ਬਿਜਲੀ ਦਰਾਂ ਵਿਚ ਚੋਖਾ ਵਾਧਾ ਕਰ ਕੇ ਝੂਠ ਤੇ ਧੋਖੇ ਦੀ ਰਾਜਨੀਤੀ ਵਿਚ ਮੁਹਾਰਤ ਹਾਸਲ ਕਰ ਲਈ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ‘ਆਪ’ ਨੇ 300 ਯੂਨਿਟ ਮੁਫ਼ਤ ਬਿਜਲੀ ਸਕੀਮ ਦੇ ਨਾਂ ’ਤੇ ਜਲੰਧਰ ਜ਼ਿਮਨੀ ਚੋਣ ਵਿੱਚ ਵੋਟਾਂ ਮੰਗੀਆਂ ਸਨ। ਉਨ੍ਹਾਂ ਕਿਹਾ ਕਿ ਅੱਜ ਦੇ ਵਾਧੇ ਨਾਲ ਇਹ ਸਕੀਮ ਵੀ ਅਸਿੱਧੇ ਤੌਰ ’ਤੇ ਖ਼ਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਦਾਅਵਾ ਕਰ ਰਹੇ ਹਨ ਕਿ ਸਰਕਾਰ ਦਰਾਂ ਵਿਚ ਵਾਧੇ ਨਾਲ ਖ਼ਪਤਕਾਰਾਂ ਸਿਰ ਪਏ ਬੋਝ ਦਾ ਖ਼ਰਚਾ ਆਪ ਚੁੱਕੇਗੀ ਪਰ ਅਸਲੀਅਤ ਇਸ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਪੀਐਸਪੀਸੀਐਲ ਦਾ 20,400 ਕਰੋੜ ਰੁਪਿਆ ਦੇਣਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਨੇ ਸਾਰੇ ਵਰਗਾਂ ਲਈ ਬਿਜਲੀ ਦਰਾਂ ਵਿਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਵਾਧਾ ਜਲੰਧਰ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਤੱਕ ਲਈ ਟਾਲ ਦਿੱਤਾ ਸੀ ਤੇ ‘ਆਪ’ ਆਗੂ ਵਾਰ ਵਾਰ ਖ਼ਪਤਕਾਰਾਂ ਨੂੰ ਝੂਠ ਬੋਲਦੇ ਰਹੇ ਕਿ ਉਹ ਕਮਜ਼ੋਰ ਵਰਗਾਂ ਨੂੰ ਸਬਸਿਡੀ ਦੇਣਗੇ। ਸ੍ਰੀ ਬਾਦਲ ਨੇ ਕਿਹਾ ਕਿ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਬਦਲਾਅ ਵਾਲੀ ਸਰਕਾਰ ਨੇ ਫਿਕਸ ਚਾਰਜਿਜ਼ ਵਿਚ ਵੀ 15 ਰੁਪਏ ਪ੍ਰਤੀ ਕਿਲੋਵਾਟ ਵਧਾ ਦਿੱਤੇ ਹਨ। ਖੇਤੀਬਾੜੀ ਸਪਲਾਈ ਵਾਸਤੇ ਪੰਪ ਸੈਟਾਂ ਲਈ ਵੀ ਦਰਾਂ ਵਧਾ ਦਿੱਤੀਆਂ ਹਨ।

Show More

Related Articles

Leave a Reply

Your email address will not be published. Required fields are marked *

Close