National

ਦਿੱਲੀ ’ਚ ਲੌਕਡਾਉੂਨ ਦਾ ਐਲਾਨ ਹੁੰਦੇ ਹੀ ਠੇਕਿਆਂ ਦੇ ਬਾਹਰ ਲੱਗੀਆਂ ਲੰਬੀਆਂ ਕਤਾਰਾਂ

ਨਵੀਂ ਦਿੱਲੀ-  ਭਾਰਤ ਵਿੱਚ ਕੋਰੋਨਾ ਦੇ ਮਾਮਲੇ ਖ਼ਤਰਨਾਕ ਰਫ਼ਤਾਰ ਨਾਲ ਵਧ ਰਹੇ ਹਨ। ਇਸੇ ਵਿਚਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਛੇ ਦਿਨਾਂ ਲਈ ਲੌਕਡਾਊਨ ਲਾਉਣ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਦੇ ਐਲਾਨ ਤੋਂ ਤੁਰੰਤ ਬਾਅਦ ਦਿੱਲੀ ’ਚ ਸ਼ਰਾਬ ਦੇ ਠੇਕਿਆਂ ਦੇ ਬਾਹਰ ਲੰਬੀਆਂ-ਲੰਬੀਆਂ ਕਤਾਰਾਂ ਲੱਗ ਗਈਆਂ। ਲੌਕਡਾਊਨ ਦੌਰਾਨ ਠੇਕਿਆਂ ਦੇ ਬੰਦ ਹੋਣ ਦੇ ਸ਼ੰਕਿਆਂ ਦੇ ਚਲਦਿਆਂ ਲੋਕਾਂ ਨੇ ਸ਼ਰਾਬ ਖਰੀਦਣੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਨੂੰ ਆਪਣੇ ਘਰ ’ਚ ਜਮ੍ਹਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੌਕਡਾਊਨ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਬਹੁਤ ਔਖਾ, ਪਰ ਜ਼ਰੂਰੀ ਕਦਮ ਹੈ ਤਾਂ ਜੋ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਦੱਸ ਦੇਈਏ ਕਿ ਦਿੱਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ ਲਗਭਗ 23 ਹਜ਼ਾਰ 500 ਮਾਮਲੇ ਸਾਹਮਣੇ ਆਏ ਹਨ। ਦਿੱਲੀ ਦੇ ਹਸਪਤਾਲਾਂ ’ਚ ਬੈੱਡ ਦੀ ਭਾਰੀ ਘਾਟ ਹੈ। ਆਈਸੀਯੂ ਬੈੱਡ ਲਗਭਗ ਖਤਮ ਹੋ ਚੁੱਕੇ ਹਨ। 100 ਤੋਂ ਵੀ ਘੱਟ ਆਈਸੀਯੂ ਬੈੱਡ ਬਾਕੀ ਬਚੇ ਹਨ। ਦਵਾਈਆਂ ਦੀ ਘਾਟ ਹੈ। ਵਪਾਰੀ ਸੰਗਠਨ ਕਨਫੈਡਰੇਸ਼ਨ ਆਫ਼ ਆਲ ਇੰਡੀਆ ਟ੍ਰੇਡਰਜ਼ (ਕੈਟ) ਨੇ ਐਤਵਾਰ ਨੂੰ ਦਿੱਲੀ ਸਰਕਾਰ ਨੂੰ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਘੱਟੋ ਘੱਟ 15 ਦਿਨਾਂ ਦਾ ‘ਲੌਕਡਾਊਨ’ ਲਗਾਉਣ ਦੀ ਅਪੀਲ ਕੀਤੀ ਸੀ। ਕੈਟ ਨੇ ਕਿਹਾ ਕਿ ਇਹ ਦਿੱਲੀ ਦੇ ਲੋਕਾਂ ਅਤੇ ਵਪਾਰੀਆਂ ਦੇ ਹਿੱਤ ਲਈ ਜ਼ਰੂਰੀ ਹੈ। ਕੈਟ ਨੇ ਕਿਹਾ ਕਿ ਇਹ ਸਹੀ ਹੈ, ਦਿੱਲੀ ਵਿੱਚ ਲੌਕਡਾਊਨ ਨਾਲ ਕਾਰੋਬਾਰੀ ਅਤੇ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਹੋਣਗੀਆਂ, ਪਰ ਲੋਕਾਂ ਦੀ ਜ਼ਿੰਦਗੀ ਪਹਿਲੀ ਤਰਜੀਹ ਹੈ। ਵਪਾਰੀ ਐਸੋਸੀਏਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਦਿੱਲੀ ਦੇ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਸਾਰੇ ਸਰਹੱਦੀ ਇਲਾਕਿਆਂ ’ਤੇ ਕੋਰੋਨਾ ਦੀ ਜਾਂਚ ਕਰਨ ਲਈ ਸਖ਼ਤ ਉਪਾਅ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਕੋਵਿਡ-19 ਮਹਾਂਮਾਰੀ ਨੂੰ ਨੱਥ ਪਾਈ ਜਾ ਸਕੇ ਅਤੇ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ।

Show More

Related Articles

Leave a Reply

Your email address will not be published. Required fields are marked *

Close