Punjab
ਪੰਜਾਬ ਬੰਦ ਅਤੇ ਰੇਲ ਰੋਕੋ ਦੇ ਐਲਾਨ ਦੇ ਨਾਲ ਕਿਸਾਨਾਂ ਨੇ 8ਵੇਂ ਦਿਨ ਪਟਿਆਲਾ ਅਤੇ ਬਾਦਲ ਪਿੰਡ ਤੋਂ ਧਰਨਾ ਹਟਾਇਆ, ਅਕਾਲੀ ਦਲ ਵੀ 25 ਨੂੰ ਕਰੇਗਾ ਚੱਕਾ ਜਾਮ
ਖੇਤੀਬਾੜੀ ਬਿੱਲ ਦੇ ਵਿਰੋਧ ‘ਚ ਮੁਕਤਸਰ ਦੇ ਪਿੰਡ ਬਾਦਲ ਅਤੇ ਪਟਿਆਲਾ ਦੇ ਪੁੱਡਾ ਗਰਾਉਂਡ ‘ਚ ਚੱਲ ਰਹੇ ਪੱਕੇ ਧਰਨੇ 8ਵੇਂ ਦਿਨ ਕਿਸਾਨ ਸੰਗਠਨਾਂ ਨੇ ਬੰਦ ਅਤੇ ਰੇਲ ਰੋਕੋ ਦੇ ਐਲਾਨ ਨਾਲ ਸਮਾਪਤ ਕਰ ਦਿੱਤੇ ਹਨ। ਉਥੇ ਹੀ ਅਕਾਲੀ ਦਲ ਵੀ ਕਿਸਾਨਾਂ ਦੇ ਨਾਲ ਖੜਾ ਹੋ ਗਿਆ ਹੈ। ਕੋਰ ਕਮੇਟੀ ਦੀ ਮੀਟਿੰਗ ‘ਚ ਫੈਸਲਾ ਲਿਆ ਹੈ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਪਿੰਡਾਂ ‘ਚ ਅਕਾਲੀ ਦਲ 25 ਸਤੰਬਰ ਨੂੰ 3 ਘੰਟੇ ਚੱਕਾ ਜਾਮ ਕਰੇਗਾ। ਪਾਰਟੀ ਤਿੰਨ ਘੰਟੇ ਦਾ ਪ੍ਰੋਗਰਾਮ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰੇਗੀ। ਹਾਲਾਂਕਿ ਐਮਰਜੈਂਸੀ ਸੇਵਾਵਾਂ ਨੂੰ ਨਾ ਰੋਕਣ ਲਈ ਵੀ ਪਾਰਟੀ ਕਰਮੀਆਂ ਨੂੰ ਕਿਹਾ ਗਿਆ ਹੈ। ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ 1 ਅਕਤੂਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਕੇਸਗੜ੍ਹ ਸਾਹਿਬ ਤੋਂ ਕਿਸਾਨ ਮਾਰਚ ਕੱਢਿਆ ਜਾਵੇਗਾ। ਇੱਕ ਪ੍ਰਤੀਨਿਧੀ ਮੰਡਲ ਰਾਸ਼ਟਰਪਤੀ ਲਈ ਰਾਜਪਾਲ ਨੂੰ ਮੈਮੋਰੰਡਮ ਦੇਵੇਗਾ।