National

ਕੀ ਤੀਜੀ ਵਾਰ ਫਿਰ ਟਲ਼ ਜਾਵੇਗੀ ਬਲਾਤਕਾਰ ਤੇ ਕਤਲ ਦੇ 4 ਦੋਸ਼ੀਆਂ ਦੀ ਫਾਂਸੀ?

16 ਦਸੰਬਰ, 2012 ਨੂੰ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ’ਚ ਪੈਰਾ–ਮੈਡੀਕਲ ਦੀ ਇੱਕ ਵਿਦਿਆਰਥਣ ਨਾਲ ਵਾਪਰੇ ਸਮੂਹਕ ਬਲਾਤਕਾਰ ਤੇ ਕਤਲ ਕਾਂਡ (ਜਿਸ ਨੂੰ ਨਿਰਭਯਾ ਕੇਸ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ) ਦੇ ਚਾਰ ਦੋਸ਼ੀਆਂ ਦਾ ਨਵਾਂ ਡੈੱਥ ਵਾਰੰਟ ਕੱਲ੍ਹ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਜਾਰੀ ਕਰ ਦਿੱਤਾ ਹੈ। ਇਨ੍ਹਾਂ ਦੋਸ਼ੀਆਂ ਨੂੰ ਮੰਗਲਵਾਰ 3 ਮਾਰਚ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ।

ਨਵਾਂ ਡੈੱਥ ਵਾਰੰਟ ਜਾਰੀ ਹੋਣ ਤੋਂ ਬਾਅਦ ਹੁਣ ਇੱਕ ਵਾਰ ਫਿਰ ਇਹ ਸੁਆਲ ਉੱਠਣ ਲੱਗਾ ਕਿ ਕੀ ਦੋਸ਼ੀਆਂ ਨੂੰ 3 ਮਾਰਚ ਨੁੰ ਫਾਂਸੀ ਹੋ ਜਾਵੇਗੀ। ਅਜਿਹਾ ਇਸ ਲਈ ਪੁੱਛਿਆ ਜਾ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਦੋ ਵਾਰ ਇਨ੍ਹਾਂ ਦੋਸ਼ੀਆਂ ਦਾ ਡੈੱਥ ਵਾਰੰਟ ਰੱਦ ਹੋ ਚੁੱਕਾ ਹੈ।

ਦੋਸ਼ੀਆਂ ਨੂੰ ਫਾਂਸੀ ਲਈ 22 ਜਨਵਰੀ ਤੇ ਉਸ ਤੋਂ ਬਾਅਦ 1 ਫ਼ਰਵਰੀ, 2020 ਨੂੰ ਫਾਂਸੀ ਦਿੱਤੇ ਜਾਣ ਦਾ ਡੈੱਥ–ਵਾਰੰਟ ਜਾਰੀ ਕੀਤਾ ਗਿਆ ਸੀ ਪਰ ਕਾਨੁੰਨੀ ਅੜਿੱਕਿਆਂ ਕਾਰਨ ਡੈੱਥ–ਵਾਰੰਟ ਰੱਦ ਕਰ ਦਿੱਤਾ ਗਿਆ ਸੀ।

ਇਸ ਮਾਮਲੇ ’ਚ ਦੋਸ਼ੀ ਮੁਕੇਸ਼, ਅਕਸ਼ੇ ਅਤੇ ਵਿਨੇ ਕੋਲ ਤਾਂ ਫਾਂਸੀ ਤੋਂ ਬਚਣ ਦੇ ਸਾਰੇ ਕਾਨੂੰਨੀ ਰਾਹ ਖ਼ਤਮ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਇੱਕ ਵਾਰ ਅਕਸ਼ੇ ਅਤੇ ਇੱਕ ਵਾਰ ਵਿਨੇ ਦੀ ਰਹਿਮ ਦੀ ਪਟੀਸ਼ਨ ਰਾਸ਼ਟਰਪਤੀ ਕੋਲ ਮੁਲਤਵੀ ਪਈ ਹੋਣ ਕਾਰਨ ਡੈੱਥ–ਵਾਰੰਟ ਰੱਦ ਕਰ ਦਿੱਤਾ ਗਿਆ ਸੀ।

ਅਦਾਲਤ ਦੇ ਫ਼ੈਸਲੇ ਤੋਂ ਬਾਅਦ ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਹਾਲੇ ਦੋਸ਼ੀ ਵਾਰ–ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਕਾਨੂੰਨ ਦਾ ਮਜ਼ਾਕ ਬਣਾ ਰਹੇ ਹਨ। ਹਰ ਵਾਰ ਇੱਕ ਨਵੀਂ ਤਰੀਕ ਮਿਲ ਰਹੀ ਹੈ। ਦੋ ਵਾਰ ਡੈੱਥ ਵਾਰੰਟ ਜਾਰੀ ਹੋਣ ਦੇ ਬਾਵਜੂਦ ਦੋਸ਼ੀਆਂ ਨੂੰ ਫਾਂਸੀ ਨਹੀਂ ਦਿੱਤੀ ਗਈ।

ਨਿਰਭਯਾ ਗੈਂਗਰੇਪ ਤੇ ਕਤਲ ਕੇਸ ਵਿੱਚ ਪਵਨ ਗੁਪਤਾ ਨੂੰ ਛੱਡ ਕੇ ਸਾਰੇ ਦੋਸ਼ੀਆਂ ਦੀ ਰਿਹਿਮ ਦੀ ਪਟੀਸ਼ਨ ਤੇ ਸਮੀਖਿਆ ਪਟੀਸ਼ਨ ਦਾਖ਼ਲ ਕਰਨ ਦੇ ਸਾਰੇ ਕਾਨੂੰਨੀ ਰਾਹ ਖ਼ਤਮ ਹੋ ਚੁੱਕੇ ਹਨ।

ਅਦਾਲਤ ਨੇ ਇਸ ਮਾਮਲੇ ’ਚ ਹੁਣ 14 ਦਿਨਾਂ ਦਾ ਸਮਾਂ ਦਿੰਦਿਆਂ ਨਵਾਂ ਡੈੱਥ ਵਾਰੰਟ ਜਾਰੀ ਕਰ ਦਿੱਤਾ ਹੈ। ਇਨ੍ਹਾਂ 14 ਦਿਨਾਂ ’ਚ ਪਵਨ ਗੁਪਤਾ ਨੂੰ ਇਨ੍ਹਾਂ ਦੋਵੇਂ ਕਾਨੂੰਨੀ ਵਿਕਲਪਾਂ ਦਾ ਨਿਬੇੜਾ ਕਰਨਾ ਹੋਵੇਗਾ।

ਚੇਤੇ ਰਹੇ ਕਿ 16 ਦਸੰਬਰ, 2012 ਨੂੰ ਪੈਰਾ–ਮੈਡੀਕਲ ਦੀ ਇੱਕ ਵਿਦਿਆਰਥਣ ਨਾਲ ਛੇ ਜਣਿਆਂ ਨੇ ਬਹੁਤ ਵਹਿਸ਼ੀਆਨਾ ਤਰੀਕੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਫਿਰ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਉਸ ਨੂੰ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ’ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।

ਉਸ ਦਾ ਬਹੁਤ ਇਲਾਜ ਕੀਤਾ ਗਿਆ ਪਰ ਉਹ ਠੀਕ ਨਹੀਂ ਹੋ ਰਹੀ ਸੀ। ਤਦ ਉਸ ਨੂੰ ਸਿੰਗਾਪੁਰ ਭੇਜਿਆ ਗਿਆ ਸੀ; ਜਿੱਥੇ ਉਹ 29 ਦਸੰਬਰ, 2012 ਨੂੰ ਦਮ ਤੋੜ ਗਈ ਸੀ। ਅਦਾਲਤ ਨੇ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।

ਇੱਕ ਦੋਸ਼ੀ ਰਾਮ ਸਿੰਘ ਪਹਿਲਾਂ ਹੀ ਤਿਹਾੜ ਜੇਲ੍ਹ ਵਿੱਚ ਖ਼ੁਦਕੁਸ਼ੀ ਕਰ ਗਿਆ ਸੀ ਤੇ ਇੱਕ ਨਾਬਾਲਗ਼ ਦੋਸ਼ੀ ਨੂੰ ਤਿੰਨ ਸਾਲ ਬਾਲ–ਸੁਧਾਰ ਘਰ ਵਿੱਚ ਰੱਖ ਕੇ ਰਿਹਾਅ ਕਰ ਦਿੱਤਾ ਗਿਆ ਸੀ।

Show More

Related Articles

Leave a Reply

Your email address will not be published. Required fields are marked *

Close