International

ਜੰਗ ’ਚ ਯੂਕਰੇਨ ਦੀ ਸਹਾਇਤਾ ਲਈ ਅਮਰੀਕਾ ਭੇਜੇਗਾ ਰਾਕੇਟ ਪ੍ਰਣਾਲੀ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਯੂਕਰੇਨ ਨੂੰ ਉੱਚ ਤਕਨੀਕ ਵਾਲੀਆਂ ਦਰਮਿਆਨੀ ਦੂਰੀ ਦੀਆਂ ਰਾਕੇਟ ਪ੍ਰਣਾਲੀਆਂ ਭੇਜਣ ਦਾ ਐਲਾਨ ਕੀਤਾ ਹੈ। ਯੂਕਰੇਨ ਦੇ ਡੋਨਬਾਸ ਖੇਤਰ ਵਿੱਚ ਰੂਸ ਦੀ ਵਧਦੀ ਪੇਸ਼ਕਦਮੀ ਨੂੰ ਰੋਕਣ ਲਈ ਜੂਝ ਰਹੇ ਯੂਕਰੇਨੀ ਆਗੂ ਅਮਰੀਕਾ ਤੋਂ ਲਗਾਤਾਰ ਇਸ ਦੀ ਮੰਗ ਕਰ ਰਹੇ ਹਨ।
ਅਮਰੀਕੀ ਪ੍ਰਸ਼ਾਸਨ ਦੇ ਦੋ ਸੀਨੀਅਰ ਅਧਿਕਾਰੀਆਂ ਨੇ ਆਪਣਾ ਨਾਮ ਨਸ਼ਰ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਯੂਕਰੇਨ ਦੀ ਸੁਰੱਖਿਆ ਸਹਾਇਤਾ ਲਈ ਜਾਰੀ ਕੀਤੀ ਗਈ 70 ਕਰੋੜ ਡਾਲਰ ਦੀ ਨਵੀਂ ਕਿਸ਼ਤ ਤਹਿਤ ਇਹ ਰਾਕੇਟ ਪ੍ਰਣਾਲੀਆਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਹੈਲੀਕਾਪਟਰ, ਜੈਵਲਿਨ ਐਂਟੀ-ਟੈਂਕ ਹਥਿਆਰ ਪ੍ਰਣਾਲੀ, ਟੈਕਟੀਕਲ ਵਾਹਨ, ਕਲਪੁਰਜ਼ੇ ਆਦਿ ਸ਼ਾਮਲ ਹਨ। ਅਧਿਕਾਰੀਆਂ ਮੁਤਾਬਕ ਬੁੱਧਵਾਰ ਨੂੰ ਇਸ ਸਬੰਧੀ ਅਧਿਕਾਰਤ ਐਲਾਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਯੂਕਰੇਨ ਵਿੱਚ ਲੰਮੀ ਦੂਰੀ ਦੀ ਰਾਕੇਟ ਪ੍ਰਣਾਲੀ ਭੇਜਣ ਦੀ ਕੋਈ ਯੋਜਨਾ ਨਹੀਂ ਹੈ। ਬਾਇਡਨ ਨੇ ਵ੍ਹਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ, ‘‘ਅਸੀਂ ਰੂਸ ਨੂੰ ਨਿਸ਼ਾਨਾ ਬਣਾਉਣ ਵਾਲੀ ਰਾਕੇਟ ਪ੍ਰਣਾਲੀ ਯੂਕਰੇਨ ਨਹੀਂ ਭੇਜ ਰਹੇ ਹਾਂ।’’ ਬਾਇਡਨ ਦੇ ਬਿਆਨ ਦੇ ਪ੍ਰਤੀਕਰਮ ਵਿੱਚ ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਉਪ ਮੁਖੀ ਦਮਿੱਤਰੀ ਮੈਦਵੇਦੇਵ ਨੇ ਕਿਹਾ ਸੀ ਕਿ ਇਹ ਇਕ ‘ਸਹੀ’ ਫੈਸਲਾ ਹੈ। -ਪੀਟੀਆਈ

Show More

Related Articles

Leave a Reply

Your email address will not be published. Required fields are marked *

Close