Canada

ਕੈਨੇਡਾ ਜਲਦ ਪੇਸ਼ ਕਰੇਗਾ ਡਿਜੀਟਲ ਚਾਰਟਰ : ਟਰੂਡੋ

ਕੈਨੇਡਾ, ਵੀਰਵਾਰ ਨੂੰ ਪੈਰਿਸ ਵਿੱਚ ਤਕਨਾਲੋਜੀ ਨਾਲ ਸਬੰਧਤ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਹੇਟ ਸਪੀਚ, ਗਲਤ ਜਾਣਕਾਰੀ ਤੇ ਚੋਣਾਂ ਵਿੱਚ ਹੋਣ ਵਾਲੀ ਆਨਲਾਈਨ ਦਖਲਅੰਦਾਜ਼ੀ ਨੂੰ ਰੋਕਣ ਲਈ ਕੈਨੇਡਾ ਨਵਾਂ ਡਿਜੀਟਲ ਚਾਰਟਰ ਪੇਸ਼ ਕਰਨਾ ਚਾਹੁੰਦਾ ਹੈ।  ਟਰੂਡੋ ਨੇ ਇਹ ਐਲਾਨ ਵੀਵਾਟੈਕ ਕਾਨਫਰੰਸ ਵਿੱਚ ਦਿੱਤੇ ਆਪਣੇ ਭਾਸ਼ਣ ਦੌਰਾਨ ਕੀਤਾ। ਇਹ ਕੌਮਾਂਤਰੀ ਸਿਖਰਵਾਰਤਾ ਨਵਾਂ ਕਾਰੋਬਾਰ ਸ਼ੁਰੂ ਕਰਨ ਵਾਲਿਆਂ ਤੇ ਤਕਨਾਲੋਜੀ ਦੇ ਖੇਤਰ ਵਿੱਚ ਲੀਡਰਜ਼ ਨੂੰ ਇੱਕ ਮੰਚ ਉੱਤੇ ਇੱਕਠਾ ਕਰਦੀ ਹੈ। ਭਾਵੇਂ ਟਰੂਡੋ ਨੇ ਇਸ ਸਬੰਧੀ ਆਪਣੀ ਨਵੀਂ ਯੋਜਨਾ ਉੱਤੇ ਖੁੱਲ੍ਹ ਕੇ ਚਾਨਣਾ ਨਹੀਂ ਪਾਇਆ ਪਰ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਉਨ੍ਹਾਂ ਦੀ ਸਰਕਾਰ, ਜੋ ਵੀ ਫਰੇਮਵਰਕ ਮੁਹੱਈਆ ਕਰਾਵੇਗੀ ਉਸ ਨਾਲ ਨਾਗਰਿਕਾਂ ਦਾ ਆਨਲਾਈਨ ਪਲੇਟਫਾਰਮਾਂ ਦੀ ਜਵਾਬਦੇਹੀ ਤੈਅ ਕਰਨ ਵਿੱਚ ਵਿਸ਼ਵਾਸ ਹੀ ਮੁੜ ਕਾਇਮ ਹੋਵੇਗਾ। ਟਰੂਡੋ ਨੇ ਆਖਿਆ ਕਿ ਉਹ ਇੰਟਰਨੈੱਟ ਕੰਪਨੀਆਂ ਦੇ ਨਾਲ ਰਲ ਕੇ ਕੰਮ ਕਰਨਾ ਚਾਹੁੰਦੇ ਹਨ ਪਰ ਜੇ ਇਹ ਕੰਪਨੀਆਂ ਕਿਸੇ ਸਿ਼ਕਾਇਤ ਖਿਲਾਫ ਕਾਰਵਾਈ ਨਹੀਂ ਕਰਨਗੀਆਂ ਤਾਂ ਕੈਨੇਡੀਅਨਾਂ ਦੀ ਹਿਫਾਜ਼ਤ ਲਈ ਜੋ ਸਹੀ ਬੈਠੇਗਾ ਅਸੀਂ ਉਹ ਕਰਾਂਗੇ। ਉਨ੍ਹਾਂ ਆਖਿਆ ਕਿ ਆਉਣ ਵਾਲੇ ਹਫਤਿਆਂ ਤੇ ਮਹੀਨਿਆਂ ਵਿੱਚ ਜਿਸ ਤਰ੍ਹਾਂ ਦੇ ਟੂਲਜ਼ ਦੀ ਵਰਤੋਂ ਅਸੀਂ ਕਰਾਂਗੇ ਉਸ ਬਾਰੇ ਵੀ ਅਜੇ ਕਾਫੀ ਕੁੱਝ ਦੱਸਣਾ ਬਾਕੀ ਹੈ। ਉਨ੍ਹਾਂ ਅੱਗੇ ਆਖਿਆ ਕਿ ਕੈਨੇਡੀਅਨ ਚਾਹੁੰਦੇ ਹਨ ਕਿ ਅਸੀਂ ਉਨ੍ਹਾਂ ਨੂੰ ਸੇਫ ਰੱਖ ਸਕੀਏ, ਫਿਰ ਭਾਵੇਂ ਇਹ ਮਾਮਲਾ ਉਨ੍ਹਾਂ ਦੀ ਅਸਲ ਜਿ਼ੰਦਗੀ ਦਾ ਹੋਵੇ ਜਾਂ ਆਨਲਾਈਨ ਵਾਲਾ ਕੋਈ ਮਸਲਾ ਹੋਵੇ ਅਤੇ ਅਸੀਂ ਇਹੋ ਕਰ ਰਹੇ ਹਾਂ। ਇੱਥੇ ਦੱਸਣਾ ਬਣਦਾ ਹੈ ਕਿ ਮਈ ਦੇ ਅੰਤ ਵਿੱਚ ਓਟਵਾ ਵਿੱਚ ਹੋਣ ਵਾਲੀ ਡਿਜੀਟਲ ਗਵਰਨੈਂਸ ਸਬੰਧੀ ਸਿਖਰ ਵਾਰਤਾ ਵਿੱਚ ਇਨੋਵੇਸ਼ਨ ਮੰਤਰੀ ਨਵਦੀਪ ਬੈਂਸ ਵੱਲੋਂ ਇਸ ਸਬੰਧ ਵਿੱਚ ਹੋਰ ਵੇਰਵੇ ਮੁਹੱਈਆ ਕਰਵਾਏ ਜਾਣ ਦੀ ਸੰਭਾਵਨਾ ਹੈ। ਆਪਣੇ ਦੋ ਰੋਜ਼ਾ ਫਰਾਂਸ ਦੌਰੇ ਨੂੰ ਖ਼ਤਮ ਕਰ ਚੁੱਕੇ ਟਰੂਡੋ ਦੇ ਮੁੱਖ ਏਜੰਡੇ ਉੱਤੇ ਸੋਸ਼ਲ ਮੀਡੀਆ ਤੇ ਆਨਲਾਈਨ ਅੱਤਵਾਦ ਨੂੰ ਖ਼ਤਮ ਕਰਨਾ ਉਚੇਚੇ ਤੌਰ ਉੱਤੇ ਸ਼ਾਮਲ ਹੈ।

Show More

Related Articles

Leave a Reply

Your email address will not be published. Required fields are marked *

Close