International

ਇਮਰਾਨ ਖਾਨ ਵੱਲੋਂ ਪਾਕਿ ਫੌਜ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਫੌਜ, ਹਵਾਈ ਫੌਜ ਅਤੇ ਨੌ ਸੈਨਾ ਦੇ ਉਚ ਅਧਿਕਾਰੀਆਂ ਨਾਲ ਦੇਸ਼ ਦੇ ਸੁਰੱਖਿਆ ਹਾਲਾਤ ਦੀ ਸਮੀਖਿਆ ਕੀਤੀ। ਇਸ ਦੌਰਾਨ ਭਾਰਤ ਨਾਲ ਲੱਗਦੀ ਪੂਰਵੀ ਸੀਮਾ ਨੂੰ ਲੈ ਕੇ ਵੀ ਚਰਚਾ ਕੀਤੀ ਗਈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਵਾਮਾ ਹਮਲੇ ਦੇ ਬਾਅਦ ਦੋਵਾਂ ਦੇਸ਼ਾਂ ਵਿਚ ਪੈਂਦਾ ਹੋਏ ਤਣਾਅ ਦੇ ਮੱਦੇਨਜ਼ਰ ਇਹ ਮੀਟਿੰਗ ਕੀਤੀ ਗਈ।
ਇਸ ਦੌਰਾਨ ਇਮਰਾਨ ਖਾਨ ਨੇ ਜੁਆਇੰਟ ਚੀਫ ਆਫ ਸਟਾਫ ਕਮੇਟੀ ਦੇ ਚੇਅਰਮੈਨ ਜਨਰਲ ਜੁਬੈਰ ਮੁਹੰਮਦ ਹਿਆਤ, ਫੌਜ ਮੁੱਖੀ ਕਮਰ ਜਾਵੇਦ ਬਾਜਵਾ, ਹਵਾਈ ਫੌਜ ਮੁੱਖੀ ਏਅਰ ਮਾਰਸ਼ਲ ਮੁਜਾਹਿਦ ਅਨਵਰ ਖਾਨ ਅਤੇ ਨੌ ਸੈਨਾ ਮੁੱਖੀ ਏਡਮਿਰਲ ਜਫਰ ਮੁਹੰਮਦ ਅਬਾਸੀ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਪਾਕਿਸਤਾਨ ਦਿਵਸ ਪਰੇਡ ਤੋਂ ਦੋ ਦਿਨ ਪਹਿਲਾਂ ਕੀਤੀ ਗਈ।
ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਮੀਟਿੰਗ ਦੌਰਾਨ ਪਾਕਿਸਤਾਨ ਦੇ ਹਥਿਆਰਬੰਦ ਬਲਾਂ ਨਾਲ ਸਬੰਧਤ ਪੇਸ਼ੇਵਰ ਮਾਮਲਿਆਂ ਸਮੇਤ ਦੇਸ਼ ਦੀ ਸੁਰੱਖਿਆ ਸਥਿਤੀ ਉਤੇ ਚਰਚਾ ਕੀਤੀ ਗਈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਭਾਰਤ ਨਾਲ ਲੱਗੀ ਪੂਰਵੀ ਸਰਹੱਦ ਉਤੇ ਸੁਰੱਖਿਆ ਹਾਲਾਤ ਨੂੰ ਲੈ ਕੇ ਵੀ ਚਰਚਾ ਕੀਤੀ ਗਈ।ਜ਼ਿਕਰਯੋਗ ਹੈ ਕਿ ਬੀਤੇ 14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਹਮਲੇ ਵਿਚ ਕੇਂਦਰੀ ਰਜਿਰਵ ਪੁਲਿਸ ਬਲ (ਸੀਆਰਪੀਐਫ) ਦੇ ਇਕ ਕਾਫਲੇ ਉਤੇ ਆਤਮਘਾਤੀ ਹਮਲੇ ਵਿਚ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਨੇ ਲਈ ਸੀ, ਜਿਸਦਾ ਸਰਗਨਾ ਮਸੂਦ ਅਜਹਰ ਹੈ। ਇਸ ਘਟਨਾ ਦੇ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਕਾਫੀ ਤਣਾਅ ਪੈਦਾ ਹੋ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close