International

“ਇਟਲੀ ਵਿੱਚ ਕੰਮ ਤੇ ਹੋਏ ਝਗੜੇ ਦੌਰਾਨ ਦੋ ਪੰਜਾਬੀ ਭਰਾਵਾਂ ਵਲੋਂ ਪੰਜਾਬੀ ਨੌਜਵਾਨ ਦਾ ਹੀ ਬੇਰਹਿਮੀ ਨਾਲ ਕੀਤਾ ਕਤਲ”

 *ਪੁਲਿਸ ਵਲੋਂ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ* 'ਜਾਤ-ਪਾਤ ਦਾ ਕੀੜਾ ਵਿਦੇਸ਼ਾਂ ਵਿੱਚ ਵੀ ਖਾ ਰਿਹਾ ਪੰਜਾਬੀਆਂ ਨੂੰ'

ਰੋਮ ਇਟਲੀ  ਗੁਰਸ਼ਰਨ ਸਿੰਘ ਸੋਨੀ)”” ਕੁਝ ਲੋਕਾਂ ਦੇ ਸੁਭਾਅ ਵਿੱਚ ਐਨੀ ਗਰਮੀ ਤੇ ਤਲਖੀ ਹੁੰਦੀ ਹੈ ਕਿ ਉਹ ਵਿਦੇਸ਼ੀ ਧਰਤੀ ਤੇ ਜਾ ਕੇ ਵੀ ਹੋਸ਼ ਗੁਆ ਲੈਂਦੇ ਹਨ ਜਿਸ ਨਾਲ ਸਮੁੱਚੀ ਕੌਮ ਦਾ ਸਿਰ ਸ਼ਰਮ ਨਾਲ ਨੀਵਾਂ ਹੋ ਜਾਂਦਾ ਹੈ ਅਜਿਹੀ ਬੇਹੱਦ ਮਾੜੀ, ਸ਼ਰਮਨਾਕ ਅਤੇ ਦੁੱਖਦਾਈ ਘਟਨਾ ਇਟਲੀ ਦੇ ਲੰਬਾਰਦੀਆ ਸੂਬੇ ਦੇ ਸੁਜ਼ਾਰਾ (ਮਾਨਤੋਵਾ) ਨੇੜੇ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਲੋਹੇ ਦੇ ਕੰਮਕਾਜ ਦੀ ਇਕ ਫੈਕਟਰੀ ਵਿੱਚ ਕੰਮ ਕਰ ਰਹੇ ਕੁਝ ਪ੍ਰਵਾਸੀ ਪੰਜਾਬੀ ਭਾਰਤੀਆਂ ਵਿੱਚ ਕੁੱਝ ਮੱਤਭੇਦ ਨੂੰ ਲੈ ਕੇ ਆਪਸੀ ਬਹਿਸ ਛਿੜ ਗਈ ਜੋ ਇਸ ਹੱਦ ਤੱਕ ਵਧ ਗਈ ਦੋ ਪੰਜਾਬੀ ਕਾਮਿਆਂ (ਜਿਨ੍ਹਾਂ ਦੀ ਉਮਰ 40/41 ਦੇ ਕਰੀਬ ਦੱਸੀ ਜਾ ਰਹੀ ਹੈ ਜੋ ਆਪਸ ਵਿੱਚ ਸਕੇ ਭਰਾ ਹਨ) ਨੇ ਰਣਜੀਤ ਬੈਂਸ ਨਾਮੀ 38 ਸਾਲ ਦੇ ਨੌਜਵਾਨ ਉੱਪਰ ਰਾਡਾਂ ਤੇ ਬੇਲਚੇ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸਦੀ ਮੌਤ ਹੋ ਗਈ। ਮੌਕੇ ਤੇ ਮਿਲੀ ਜਾਣਕਾਰੀ ਮੁਤਾਬਕ ਕੁੱਝ ਲੋਕਾਂ ਨੇ ਮੌਕੇ ਤੇ ਤੁਰੰਤ ਹੀ ਸਥਾਨਕ ਪੁਲਸ (ਕਾਰਾਬਨੇਰੀ) ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਨੇ ਕੁੱਝ
ਮਿੰਟਾਂ ਵਿਚ ਹੀ ਘਟਨਾ ਸਥਾਨ ਤੇ ਪਹੁੰਚ ਕੇ ਤੁਰੰਤ ਹੀ ਏਅਰ ਐਂਬੂਲੈਂਸ ਦੀ ਸਹਾਇਤਾ ਨਾਲ ਗੰਭੀਰ ਜਖਮੀ ਰਣਜੀਤ ਦੀ ਜਾਨ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਸ ਜਦੋਜਹਿਦ ਦੌਰਾਨ ਹੀ ਉਹ ਦਮ ਤੋੜ ਗਿਆ। ਪੁਲਸ ਨੇ ਇਸ ਕਤਲ ਦੇ ਮੁੱਖ ਦੋਸ਼ੀ ਦੋਵੇਂ ਭਰਾਵਾਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਘਟਨਾ ਦੇ ਅਸਲੀ ਕਾਰਨਾਂ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੱਸਿਆ ਗਿਆ ਕਿ ਮ੍ਰਿਤਕ ਰਣਜੀਤ ਬੈਂਸ ਤਕਰੀਬਨ ਪਿਛਲੇ 22 ਸਾਲ ਤੋਂ ਆਪਣੇ ਪਰਿਵਾਰ ਸਮੇਤ ਇਟਲੀ ਵਿੱਚ ਰਹਿ ਰਿਹਾ ਸੀ ਅਤੇ ਉਸ ਕੋਲ ਇਟਾਲੀਅਨ ਪਾਸਪੋਰਟ (ਸਿਟੀਜ਼ਨਸ਼ਿੱਪ) ਸੀ। ਉਹ ਪੰਜਾਬ ਦੇ ਨਿਆਲ ਪਿੰਡ ਨਾਲ ਸਬੰਧਿਤ ਸੀ। ਉਹ ਇਟਲੀ ਵਿੱਚ ਆਪਣੀ ਪਤਨੀ ਦੋ ਬੇਟੇ 4 ਤੇ 8 ਸਾਲ ਨੂੰ ਦੁੱਖਦਾਈ ਵਿਛੋੜਾ ਦੇ ਗਿਆ। ਇਸ ਘਟਨਾ ਕਾਰਨ ਭਾਰਤੀ ਭਾਈਚਾਰੇ ਵਲੋਂ ਭਾਰੀ ਨਿਮੋਸ਼ੀ ਅਤੇ ਗਮਗੀਨ ਮਹੌਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਵੀ ਜਾਤੀ ਵਿਤਕਰੇ ਨੂੰ ਲੈ ਕੇ ਕਈ ਵਾਰ ਇਨ੍ਹਾਂ ਵਿਚਕਾਰ ਬਹਿਸ ਹੋਈ ਸੀ ਅਤੇ ਹੁਣ ਉਕਤ ਦੋਸ਼ੀ ਇਸ ਨੌਜਵਾਨ ਰਣਜੀਤ ਬੈਂਸ ਨੂੰ ਕੰਮ ਛੱਡਣ ਲਈ ਮਜਬੂਰ ਕਰ ਰਹੇ ਸਨ ਤਾਂ ਜੋ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਕੰਮ ਤੇ ਲਗਾਉਣਾ ਚਾਹੁੰਦੇ ਸਨ ਕਿਉਂ ਕਿ ਮ੍ਰਿਤਕ ਅਨੁਸੂਚਿਤ ਜਾਤੀ ਨਾਲਸੰਬੰਧਤ ਸੀ।ਭਾਰਤੀ ਸਮਾਜ ਦੇ ਮੋਹਤਬਰਾਂ, ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਅਜਿਹੀ ਘਟਨਾ ਤੋਂ ਸਬਕ ਲੈਂਦੇ ਹੋਏ ਸਮੁੱਚੇ ਭਾਰਤੀ ਭਾਈਚਾਰੇ ਨੂੰ ਬਿਨਾਂ ਕਿਸੇ ਤਰ੍ਹਾਂ ਦੇ ਭੇਦਭਾਵ ਤੋਂ ਰਲਮਿਲ ਕੇ ਇੱਕ ਦੂਜੇ ਨਾਲ ਦੁੱਖ-ਸੁੱਖ ਮੌਕੇ ਸਹਾਇਕ ਬਣ ਕੇ ਪਿਆਰ ਨਾਲ ਰਹਿਣ ਦੀ ਪੁਰਜੋਰ ਅਪੀਲ ਕੀਤੀ ਜਾ ਰਹੀ ਹੈ।ਹੈਰਾਨੀ ਦੀ ਗਿੱਲ ਹੈ ਕਿ ਜਾਤ-ਪਾਤ ਦਾ ਕੀੜਾ ਵਿਦੇਸ਼ਾਂ ਵਿੱਚ ਵੀ ਪੰਜਾਬੀਆਂ ਦੀ ਸੋਚ ਨੂੰ ਲੱਗਾ ਹੋਇਆ ਹੈ ਜੋ ਕਿ ਸਮੁੱਚੇ ਪੰਜਾਬੀ ਭਾਈਚਾਰੇ ਲਈ ਵਿਚਾਰਨਯੋਗ ਵਿਸ਼ਾ ਹੈ!

Show More

Related Articles

Leave a Reply

Your email address will not be published. Required fields are marked *

Close