International

 ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ ਗੁਪਤ ਦਸਤਾਵੇਜ਼ਾਂ ਸਬੰਧੀ ਮਾਮਲੇ ਦੀ ਸੁਣਵਾਈ ਜੱਜ ਨੇ  ਅਣਮਿੱਥੇ ਸਮੇ ਲਈ ਅੱਗੇ ਪਾਈ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਫਲੋਰਿਡਾ ਰਾਜ ਵਿਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ ਗੁਪਤ ਦਸਤਾਵੇਜ਼ਾਂ, ਜਿਨਾਂ ਨੂੰ ਉਹ 2021 ਵਿਚ ਚੋਣਾਂ ਹਾਰਨ ਤੋਂ ਬਾਅਦ ਵਾਈਟ ਹਾਊਸ ਵਿਚਲਾ ਆਪਣਾ ਦਫਤਰ  ਛੱਡਣ ਸਮੇ ਆਪਣੇ ਨਾਲ ਲੈ ਗਏ ਸਨ, ਸਬੰਧੀ ਚੱਲ ਰਹੇ ਮਾਮਲੇ ਦੀ ਸੁਣਵਾਈ ਜੱਜ ਨੇ ਅਣਮਿੱਥੇ ਸਮੇ ਲਈ ਅੱਗੇ ਪਾ ਦਿੱਤੀ ਹੈ। ਜੱਜ ਆਈੇਲੀਨ ਕੈਨਨ ਨੇ ਮਾਮਲੇ ਦੀ ਸੁਣਵਾਈ ਅੱਗੇ ਪਾਉਂਦਿਆਂ ਕਿਹਾ ਕਿ ਗੁਪਤ ਦਸਤਾਵੇਜਾਂ ਸਬੰਧੀ ਸਬੂਤਾਂ ਨੂੰ ਲੈ ਕੇ ਅਹਿਮ ਮੁੱਦਿਆਂ ਦਾ ਨਿਪਟਾਰਾ ਹੋਣਾ ਬਾਕੀ ਹੈ। ਜੱਜ ਨੇ ਕਿਹਾ ਕਿ ਇਸ ਉੱਚ ਪੱਧਰ ਦੇ ਮਾਮਲੇ ਦੀ ਬਕਾਇਦਾ ਸੁਣਵਾਈ ਸ਼ੁਰੂ ਕਰਨ ਤੋਂ ਪਹਿਲਾਂ  ਸਬੂਤਾਂ ਨਾਲ ਸਬੰਧਤ ਮੁੱਦਿਆਂ ਤੇ ਕਲਾਸੀਫਾਈਡ ਇਨਫਰਮੇਸ਼ਨ ਪ੍ਰੋਸੀਜ਼ਰ ਐਕਟ ਸਬੰਧੀ ਨਿਰਨਾ ਲੈਣ ਦੀ ਲੋੜ ਹੈ। ਜੱਜ ਨੇ ਕਿਹਾ ਕਿ ਮਾਮਲਾ ਜਿਊਰੀ ਦੇ ਹਵਾਲੇ ਕਰਨ  ਤੋਂ ਪਹਿਲਾਂ ਇਸ ਸਬੰਧੀ ਕੰਮ ਮੁਕੰਮਲ ਕੀਤਾ ਜਾਵੇਗਾ। ਆਪਣੇ ਆਦੇਸ਼ ਵਿਚ ਜੱਜ ਨੇ ਸੁਣਵਾਈ ਲਈ ਤੈਅ ਤਰੀਕ 20 ਮਈ ਨੂੰ ਰੱਦ ਕਰ ਦਿੱਤਾ ਹੈ ਤੇ ਅਜੇ ਨਵੀਂ ਤਰੀਕ ਨਹੀਂ ਮਿੱਥੀ ਹੈ।  ਸਾਬਕਾ ਰਾਸ਼ਟਰਪਤੀ ਨੂੰ ਸੈਂਕੜੇ ਗੁਪਤ ਦਸਤਾਵੇਜ਼ਾਂ ਸਬੰਧੀ ਵੱਖ ਵੱਖ 40 ਸੰਘੀ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਦਸਤਾਵੇਜ਼ ਉਹ ਨਵੰਬਰ 2021 ਵਿਚ ਆਪਣਾ ਕਾਰਜਕਾਲ ਪੂਰਾ ਹੋਣ ‘ਤੇ ਵਾਈਟ ਹਾਊਸ ਤੋਂ ਆਪਣੀ ਮਾਰ-ਏ- ਲਾਗੋ ਸਥਿੱਤ ਨਿੱਜੀ ਰਿਹਾਇਸ਼ ਤੇ ਫਲੋਰਿਡਾ ਸਥਿੱਤ ਆਪਣੀ ਕਲੱਬ ਵਿਚ ਲੈ ਗਏ ਸਨ ਜਦ ਕਿ ਉਹ ਅਜਿਹਾ ਨਹੀਂ ਕਰ ਸਕਦੇ ਸਨ। ਟਰੰਪ ਉਪਰ ਇਹ ਵੀ ਦੋਸ਼ ਹੈ ਕਿ ਇਨਾਂ ਦਸਤਾਵੇਜ਼ਾਂ ਨੂੰ ਸਰਕਾਰ ਵੱਲੋਂ ਵਾਪਿਸ ਲਿਆਉਣ ਦੀਆਂ ਕੋਸ਼ਿਸ਼ਾਂ ਵਿਚ ਵੀ ਉਸ ਨੇ ਅੜਿਕਾ ਪਾਉਣ ਦੀ  ਸਾਜਿਸ਼ ਰਚੀ। ਟਰੰਪ ਕਹਿ ਚੁੱਕੇ ਹਨ ਉਹ ਨਿਰਦੋਸ਼ ਹਨ ਤੇ ਉਨਾਂ ਨੂੰ ਸੋਚ ਸਮਝ ਕੇ ਫਸਾਇਆ ਜਾ ਰਿਹਾ ਹੈ। ਇਥੇ ਜਿਕਰਯੋਗ ਹੈ ਕਿ ਯੂ ਐਸ ਡਿਸਟ੍ਰਿਕਟ ਜੱਜ ਆਈਲੀਨ ਕੈਨਨ ਨੂੰ 2020 ਵਿਚ ਟਰੰਪ ਦੁਆਰਾ ਫੈਡਰਲ ਬੈਂਚ ਵਿਚ ਨਿਯੁਕਤ ਕੀਤਾ ਗਿਆ ਸੀ। ਤਕਰੀਬਨ ਪਿਛਲੇ 10 ਮਹੀਨਿਆਂ ਤੋਂ ਉਹ ਮਾਮਲੇ ਦੇ ਸਾਰੇ ਪੱਖਾਂ ਨੂੰ ਆਪਣੇ ਨਜਰੀਏ ਤੋਂ ਵੇਖ ਰਹੇ ਹਨ ਤੇ ਆਪਣਾ ਆਦੇਸ਼ ਜਾਰੀ ਕਰਨ ਵਿੱਚ ਦੇਰੀ ਕਰ ਰਹੇ ਹਨ। ਕਾਨੂੰਨੀ ਮਾਹਿਰਾਂ ਦਾ ਇਸ ਸਬੰਧ ਵਿੱਚ ਕਹਿਣਾ ਹੈ ਕਿ ਜੱਜ ਵੱਲੋਂ ਉਠਾਏ ਮੁੱਦੇ ਕਾਨੂੰਨੀ ਸਵਾਲ ਹਨ ਜਿਨਾਂ ਨੂੰ ਮੁਕੱਦਮਾ ਸ਼ੁਰੂ ਕਰਨ ਤੋਂ ਪਹਿਲਾਂ ਹੱਲ ਕੀਤਾ ਜਾਣਾ ਜਰੂਰੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੱਜ ਇਨਾਂ ਮੁੱਦਿਆਂ ਬਾਰੇ ਨਿਰਨਾ ਲੈਣ ਲਈ ਜਿੰਨਾ ਜਿਆਦਾ ਸਮਾਂ ਲਵੇਗੀ, ਓਨੀ ਹੀ ਇਸ ਗੱਲ ਦੀ ਸੰਭਾਵਨਾ ਹੈ ਕਿ ਮਾਮਲੇ ਦੀ ਸੁਣਵਾਈ ਇਸ ਸਾਲ ਨਵੰਬਰ ਵਿਚ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਨਹੀਂ ਸ਼ੁਰੂ ਹੋਵੇਗੀ।

Show More

Related Articles

Leave a Reply

Your email address will not be published. Required fields are marked *

Close