International
ਬ੍ਰੈਗਜਿ਼ਟ ਲਈ ਬ੍ਰਿਟੇਨ ਨੂੰ ਥੋੜ੍ਹੀ ਹੋਰ ਮੋਹਲਤ
ਬਰੱਸਲਜ਼, ਤਿੰਨ ਸਾਲਾਂ ਤੋਂ ਬ੍ਰੈਗਜਿ਼ਟ ਲਈ ਸੰਘਰਸ਼ ਕਰ ਰਹੇ ਲੰਡਨ ਨੂੰ ਵੀਰਵਾਰ ਨੂੰ ਯੂਰਪੀਅਨ ਯੂਨੀਅਨ ਦੇ ਆਗੂਆਂ ਨੇ ਬਲਾਕ ਤੋਂ ਪਾਸੇ ਹੋਣ ਲਈ ਥੋੜ੍ਹਾ ਹੋਰ ਸਮਾਂ ਦੇ ਦਿੱਤਾ। ਪਰ ਇਸ ਨਾਲ ਮੇਅ ਦੀਆਂ ਮੁਸੀਬਤਾਂ ਅਜੇ ਘੱਟ ਨਹੀਂ ਹੋਈਆਂ। ਦੁਪਹਿਰ ਤੋਂ ਸ਼ੁਰੂ ਹੋਈ ਮੀਟਿੰਗ, ਜੋ ਕਿ ਡਿਨਰ ਤੱਕ ਚੱਲੀ, ਵਿੱਚ ਬਲਾਕ ਨੇ ਆਖਿਆ ਕਿ ਬ੍ਰਿਟੇਨ 29 ਮਾਰਚ ਨੂੰ ਹੋਣ ਵਾਲੇ ਆਪਣੇ ਤੋੜ ਵਿਛੋੜੇ ਨੂੰ ਮੁਲਤਵੀ ਕਰ ਸਕਦਾ ਹੈ ਬਸ਼ਰਤੇ ਯੂਕੇ ਦੀ ਪਾਰਲੀਆਮੈਂਟ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਇਸ ਡੀਲ ਉੱਤੇ ਅਗਲੇ ਹਫਤੇ ਮੁਹਰ ਲਾਉਂਦੀ ਹੈ। ਇਸ ਲਈ ਉਸ ਨੂੰ ਹੁਣ 22 ਮਈ ਤੱਕ ਦਾ ਸਮਾਂ ਦਿੱਤਾ ਗਿਆ ਹੈ। ਦੋ ਵਾਰੀ ਰੱਦ ਕੀਤੀ ਜਾ ਚੁੱਕੀ ਇਸ ਡੀਲ ਨੂੰ ਹੁਣ ਜੇ ਤੀਜੀ ਵਾਰੀ ਵੀ ਰੱਦ ਕਰ ਦਿੱਤਾ ਗਿਆ ਤਾਂ ਬਲਾਕ ਨੇ ਆਖਿਆ ਕਿ ਬ੍ਰਿਟੇਨ ਕੋਲ 12 ਅਪਰੈਲ ਤੱਕ ਦਾ ਹੀ ਸਮਾਂ ਹੋਵੇਗਾ ਕਿ ਉਹ ਅਗਲੀ ਕਾਰਵਾਈ ਬਾਰੇ ਦੱਸੇ। ਯੂਰਪੀਅਨ ਕਾਉਂਸਲ ਦੇ ਪ੍ਰੈਜ਼ੀਡੈਂਟ ਡੌਨਲਡ ਟਸਕ ਨੇ ਆਖਿਆ ਕਿ ਮੇਅ ਨੇ ਇਸ ਯੋਜਨਾ ਲਈ ਸਹਿਮਤੀ ਦਿੱਤੀ ਹੈੇ।