Punjab

​​​​​​​ਪੰਜਾਬੀ ’ਵਰਸਿਟੀ ਭਾਈ ਕਾਨ੍ਹ ਸਿੰਘ ਨਾਭਾ ਦੇ ‘ਮਹਾਨ ਕੋਸ਼’ ਦੀਆਂ 24,000 ਕਾਪੀਆਂ ਨੂੰ ਦਰੁਸਤ ਕਰ ਕੇ ਮੁੜ ਛਾਪਿਆ ਜਾਵੇਗਾ

ਪੰਜਾਬੀ ਯੂਨੀਵਰਸਿਟੀ ਪਟਿਆਲਾ ਕੋਲ ਹੁਣ ਭਾਈ ਕਾਨ੍ਹ ਸਿੰਘ ਨਾਭਾ ਰਚਿਤ ‘ਮਹਾਨ ਕੋਸ਼’ ਦੀਆਂ 24,000 ਕਾਪੀਆਂ ਨਸ਼ਟ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਬਚਿਆ ਹੈ। ਇਸ ਸੰਸਕਰਨ ਵਿੱਚ ਬਹੁਤ ਸਾਰੀਆਂ ਗ਼ਲਤੀਆਂ ਰਹਿ ਗਈਆਂ ਸਨ ਤੇ ਹੁਣ ਉਨ੍ਹਾਂ ਨੂੰ ਦਰੁਸਤ ਕਰ ਕੇ ਮੁੜ ਛਾਪਿਆ ਜਾਵੇਗਾ।
ਸਾਲ 2017 ਦੌਰਾਨ ਇਤਿਹਾਸਕਾਰਾਂ ਤੇ ਹੋਰ ਬੁੱਧੀਜੀਵੀਆਂ ਦੀ ਅੱਠ–ਮੈਂਬਰੀ ਕਮੇਟੀ ਕਾਇਮ ਕੀਤੀ ਗਈ ਸੀ। ਉਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮਾਹਿਰਾਂ ਨੇ ਇਸ ਮਹਾਨ ਕੋਸ਼ ਵਿੱਚ ਕੁਝ ਵੱਡੀਆਂ ਉਕਾਈਆਂ ਤੇ ਗ਼ਲਤੀਆਂ ਕੱਢੀਆਂ ਸਨ। ਇਸ ਨੂੰ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਤੇ ਪ੍ਰਕਾਸ਼ਨ ਵਿਭਾਗ ਨੇ ਪ੍ਰਕਾਸ਼ਿਤ ਕੀਤਾ ਹੈ। ਪਰ ਹੁਣ ਯੂਨੀਵਰਸਿਟੀ ਨੇ ਗ਼ਲਤੀਆਂ ਨਾਲ ਭਰਪੂਰ ਇਸ ‘ਮਹਾਨ ਕੋਸ਼’ ਦੀ ਵਿਕਰੀ ਉੱਤੇ ਪਹਿਲਾਂ ਹੀ ਪਾਬੰਦੀ ਲਾ ਦਿੱਤੀ ਹੋਈ ਹੈ।
ਇਹ ਪੰਜਾਬੀ ਤੋਂ ਪੰਜਾਬੀ ਦਾ ਸਭ ਤੋਂ ਪੁਰਾਣਾ ਸ਼ਬਦ–ਕੋਸ਼ ਮੰਨਿਆ ਜਾਂਦਾ ਹੈ, ਜਿਸ ਵਿੱਚ ਗੁਰਮੁਖੀ ਭਾਸ਼ਾ ਦੀਆਂ ਦੇ 64,263 ਇੰਦਰਾਜ਼ ਹਨ। ਇਹ ਪਹਿਲੀ ਵਾਰ 1927 ਵਿੱਚ ਪ੍ਰਕਾਸ਼ਿਤ ਹੋਇਆ ਸੀ। ਯੂਨੀਵਰਸਿਟੀ ਨੇ ਇਸ ਨੂੰ 2.75 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਮੁੜ ਪ੍ਰਕਾਸ਼ਿਤ ਕੀਤਾ ਸੀ। ਇਸ ਨੂੰ ਮੁੜ ਛਾਪਣ ਦੀ ਪ੍ਰਕਿਰਿਆ ਸਾਲ 2007 ਦੌਰਾਨ ਸ਼ੁਰੂ ਹੋਈ ਸੀ ਤੇ 2016 ਦੌਰਾਨ ਮੁਕੰਮਲ ਹੋਈ ਸੀ। ਅਨੁਵਾਦਕਾਂ ਨੂੰ ਇਸ ਲਈ 1,600 ਰੁਪਏ ਪ੍ਰਤੀ ਪੰਨੇ ਦੇ ਹਿਸਾਬ ਨਾਲ ਅਦਾਇਗੀ ਕੀਤੀ ਗਈ ਸੀ। ਫਿਰ 1,200 ਰੁਪਏ ਪ੍ਰਤੀ ਪੰਨੇ ਦੇ ਹਿਸਾਬ ਨਾਲ ਕਿਸੇ ਨੇ ਇਸ ਵਿੱਚ ਸੋਧਾਂ ਕੀਤੀਆਂ ਸਨ ਅਤੇ ਪਰੂਫ਼–ਰੀਡਰ ਨੇ 400 ਰੁਪਏ ਪ੍ਰਤੀ ਪੰਨੇ ਦੇ ਹਿਸਾਬ ਨਾਲ ਇਸ ਦੀਆਂ ਗ਼ਲਤੀਆਂ ਲਾਈਆਂ ਸਨ।
ਕਮੇਟੀ ਦੇ ਮੈਂਬਰ ਤੇ ਇਤਿਹਾਸਕਾਰ ਹਰਪਾਲ ਸਿੰਘ ਪਨੂੰ ਨੇ ਦੱਸਿਆ ਕਿ ਕਮੇਟੀ ਨੇ ਇਸ ਕੋਸ਼ ਦੇ ਇਸ ਸੰਸਕਰਨ ਨੂੰ ਬਹੁਤ ਬਾਰੀਕੀ ਨਾਲ ਘੋਖਿਆ ਹੈ। ਇਸ ਦੇ 2,500 ਪੰਨੇ ਹਨ ਤੇ ਇਸ ਦੇ ਪਹਿਲੇ 33 ਪੰਨਿਆਂ ਉੱਤੇ ਹੀ 400 ਗ਼ਲਤੀਆਂ ਹਨ।
ਕਮੇਟੀ ਨੇ ਬੁੱਧਵਾਰ ਨੂੰ ਮੀਟਿੰਗ ਕੀਤੀ ਤੇ ਫ਼ੈਸਲਾ ਕੀਤਾ ਕਿ ‘ਮਹਾਨ ਕੋਸ਼’ ਦੀਆਂ ਸਾਰੀਆਂ ਗ਼ਲਤੀਆਂ ਨੂੰ ਦਰੁਸਤ ਕੀਤਾ ਜਾਵੇਗਾ ਅਤੇ ਫਿਰ ਇਸ ਨੂੰ ਮੁੜ ਛਾਪਿਆ ਜਾਵੇਗਾ। ਕਮੇਟੀ ਨੇ ਸੁਝਾਅ ਦਿੱਤਾ ਹੈ ਕਿ ਯੂਨੀਵਰਸਿਟੀ ਨੂੰ ਇਨ੍ਹਾਂ ਗ਼ਲਤੀਆਂ ਲਈ ਜ਼ਿੰਮੇਵਾਰ ਅਧਿਕਾਰੀਆਂ ਤੇ ਪ੍ਰੋਫ਼ੈਸਰਾਂ ਦੀ ਸ਼ਨਾਖ਼ਤ ਕਰਨੀ ਚਾਹੀਦੀ ਹੈ। ਕਮੇਟੀ ਪਹਿਲਾਂ ਇਸ ‘ਮਹਾਨ ਕੋਸ਼’ ਦੀਆਂ ਗ਼ਲਤੀਆਂ ਨੂੰ ਦਰੁਸਤ ਕਰੇਗੀ ਤੇ ਉਸ ਤੋਂ ਬਾਅਦ ਹੀ ਜ਼ਿੰਮੇਵਾਰ ਅਧਿਕਾਰੀਆਂ ਤੇ ਪ੍ਰੋਫ਼ੈਸਰਾਂ ਦਾ ਪਤਾ ਲਾਇਆ ਜਾਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਵੀ ਪਾਇਆ ਕਿ ਇਸ ਵਿੱਚ ਗ਼ਲਤੀਆਂ ਤਾਂ ਹਨ ਹੀ ਪਰ ਇਸ ਦੇ ਨਾਲ ਹੀ ਇਸ ਕੋਸ਼ ਦੇ ਅਸਲ ਰੂਪ ਨਾਲ ਛੇੜਖਾਨੀ ਵੀ ਕੀਤੀ ਗਈ ਹੈ। ਇਤਿਹਾਸਕਾਰਾਂ ਨੇ ਵੇਖਿਆ ਕਿ ਇਸ ਵਿੱਚ ਸ਼ਬਦ–ਜੋੜਾਂ ਤੇ ਵਿਆਕਰਣ ਦੀਆਂ ਬਹੁਤ ਸਾਰੀਆਂ ਗ਼ਲਤੀਆਂ ਹਨ; ਜੋ ਅਸਲ ਕਾਪੀ ਵਿੱਚ ਨਹੀਂ ਹਨ। ਅੰਗਰੇਜ਼ੀ ਤੇ ਹਿੰਦੀ ਸੰਸਕਰਨਾਂ ਵਿੱਚ ਵੀ ਉਹੀ ਗ਼ਲਤੀਆਂ ਹਨ।
ਇਸ ਦੌਰਾਨ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਯੋਗ ਰਾਜ ਨੇ ਕਿਹਾ ਕਿ ਮਹਾਨ ਕੋਸ਼ ਦੀਆਂ ਕਾਪੀਆਂ ਨਸ਼ਟ ਕਰਨ ਬਾਰੇ ਫ਼ੈਸਲਾ ਯੂਨੀਵਰਸਿਟੀ ਦੇ ਪ੍ਰਬੰਧਕਾਂ ਵੱਲੋਂ ਲਿਆ ਜਾਵੇਗਾ। ਇਹ ਗ਼ਲਤੀਆਂ ਡਾ. ਯੋਗ ਰਾਜ ਦੇ ਕਾਰਜਕਾਲ ਤੋਂ ਪਹਿਲਾਂ ਦੀਆਂ ਹਨ।

Show More

Related Articles

Leave a Reply

Your email address will not be published. Required fields are marked *

Close