Canada
ਕੈਨੇਡਾ ‘ਚ ਕੋਰੋਨਾਵਾਇਰਸ ਨਾਲ ਹੁਣ ਤੱਕ 23 ਮੌਤਾਂ, 1610 ਮਰੀਜ਼
ਕੈਲਗਰੀ : ਕੈਨੇਡਾ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਤੇ ਦੇਸ਼ ਦੇ ਚਾਰ ਸੂਬਿਆਂ ਵਿਚ ਹੁਣ ਤੱਕ 23 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ 1610 ਵਿਅਕਤੀ ਕੋਰੋਨਾ ਤੋਂ ਪੀੜਤ ਹਨ । ਸਭ ਤੋਂ ਵੱਧ 10 ਮੌਤਾਂ ਵੈਨਕੂਵਰ ਸ਼ਹਿਰ ‘ਚ ਹੋਈਆਂ ਹਨ । ਕਿਊਬਕ 5, ਉਂਟਾਰੀਓ 3 ਅਤੇ ਅਲਬਰਟਾ ਵਿਚ ਇਕ ਮੌਤ ਹੋਈ ਹੈ । ਵੈਨਕੂਵਰ ਦੀਆਂ 10 ਵਿਚੋਂ 9, ਉਂਟਾਰੀਓ 3 ਵਿਚੋਂ 2 ਤੇ ਕਿਊਬਕ ਦੀਆਂ ਪੰਜੇ ਮੌਤਾਂ ਇਕੋ ਥਾਂ ‘ਤੇ ਹੋਈਆਂ ਹਨ । ਕੋਰੋਨਾ ਦੇ ਵਧ ਰਹੇ ਪ੍ਰਕੋਪ ਕਾਰਨ ਕੈਨੇਡਾ ਵਿਚ ਵਪਾਰ ਠੱਪ ਹੋ ਰਹੇ ਹਨ । ਲੱਖਾਂ ਲੋਕ ਆਪਣੇ ਕੰਮਾਂ ਤੋਂ ਵਿਹਲੇ ਹੋ ਕੇ ਘਰਾਂ ਵਿਚ ਬੈਠ ਗਏ ਹਨ । ਦੇਸ਼ ਦੇ ਪ੍ਰਮੁੱਖ ਰਾਜ ਮਾਰਗਾਂ ‘ਤੇ ਆਵਾਜਾਈ ਘਟ ਗਈ ਹੈ । ਧਾਰਮਿਕ ਅਸਥਾਨਾਂ, ਸਟੋਰ, ਮਾਲ ਤੇ ਮੈਰਿਜ ਪੈਲੇਸਾਂ ਤੇ ਰੈਸਟੋਰੈਂਟਾਂ ‘ਤੇ ਗਾਹਕਾਂ ਦੀ ਰੌਣਕ ਗਾਇਬ ਹੋ ਚੁੱਕੀ ਹੈ । ਡਾਕਟਰ ਆਮ ਬਿਮਾਰੀਆਂ ਵਾਲੇ ਆਪਣੇ ਮਰੀਜ਼ਾਂ ਨੂੰ ਕਲੀਨਿਕ ਵਿਚ ਚੈੱਕਅਪ ਕਰਨ ਦੀ ਬਜਾਏ ਫੋਨ ‘ਤੇ ਹੀ ਬਿਮਾਰੀ ਦਾ ਇਲਾਜ ਦੱਸ ਰਹੇ ਹਨ ।