International

ਐਫ ਬੀ ਆਈ ਸੈਕਰਾਮੈਂਟੋ ਨੇ ਫਿਰੌਤੀ ਮੰਗਣ ਦੇ ਮਾਮਲਿਆਂ ਵਿੱਚ ਭਾਰਤੀਆਂ ਸਮੇਤ ਆਮ ਲੋਕਾਂ ਨੂੰ ਅੱਗੇ ਆ ਕੇ ਰਿਪੋਰਟ ਲਿਖਵਾਉਣ ਦੀ ਕੀਤੀ ਅਪੀਲ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਫੈਡਰਲ ਬਿਊਰੋ  ਆਫ  ਇਨਵੈਸਟੀਗੇਸ਼ਨ (ਐਫ ਬੀ ਆਈ) ਦੇ  ਸੈਕਰਾਮੈਂਟੋ ਖੇਤਰੀ ਦਫਤਰ ਨੇ ਇਕ ਜਨਤਿਕ ਬਿਆਨ ਵਿਚ ਫਿਰੌਤੀ ਮਾਮਲੇ ਜੋ ਪਰਿਵਾਰਕ ਮੈਂਬਰਾਂ ਜਾਂ ਭਾਰਤੀ ਕਾਰੋਬਾਰੀਆਂ ਨੂੰ ਪ੍ਰਭਾਵਿਤ ਕਰ ਰਹੇ ਹਨ, ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਬਿਆਨ ਵਿਚ ਕਿਹਾ ਹੈ ਕਿ ਐਫ ਬੀ ਆਈ ਦਾ ਖੇਤਰੀ  ਦਫਤਰ ਆਪਣੇ ਸਮੁੱਚੇ 34-ਕਾਊਂਟੀ ਖੇਤਰ ਵਿਚ ਅਨੇਕਾਂ ਮਾਮਲਿਆਂ ‘ਤੇ ਨਜਰ ਰਖ ਰਿਹਾ ਹੈ, ਜਿਨਾਂ ਮਾਮਲਿਆਂ ਵਿਚ ਲੋਕਾਂ ਨੂੰ ਫਿਰੌਤੀ ਲਈ ਨਿਸ਼ਾਨਾ ਬਣਾਇਆ ਗਿਆ ਹੈ ਤੇ ਅਜਿਹਾ ਨਾ ਕਰਨ ਦੀ  ਹਾਲਤ ਵਿਚ ਹਿੰਸਾ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਸਮਝਿਆ ਜਾਂਦਾ ਹੈ ਕਿ ਇਨਾਂ ਅਪਰਾਧਕ ਕਾਰਵਾਈਆਂ ਬਾਰੇ ਪੁਲਿਸ ਕੋਲ ਕੋਈ ਰਿਪੋਰਟ ਨਹੀਂ ਕੀਤੀ ਗਈ। ਬਿਆਨ ਵਿਚ ਕਿਹਾ ਗਿਆ ਹੈ ਕਿ ਐਫ ਬੀ ਆਈ ਤੇ ਇਸ ਦੇ ਲਾਅ ਇਨਫੋਰਸਮੈਂਟ ਭਾਈਵਾਲ ਲੋਕਾਂ ਨੂੰ ਬੇਨਤੀ ਕਰਦੇ ਹਨ ਕਿ ਉਹ ਅੱਗੇ ਆਉਣ ਤੇ ਰਿਪੋਰਟ ਦਰਜ ਕਰਵਾਉਣ ਤਾਂ ਕਿ ਉਹ ਲੋਕ ਜੋ ਇਹ ਕਥਿੱਤ ਅਪਰਾਧ ਕਰ ਰਹੇ ਹਨ, ਉਨਾਂ ਨੂੰ ਕਟਹਿਰੇ ਵਿਚ ਖੜਾ ਕੀਤਾ ਜਾ ਸਕੇ। ਐਫ ਬੀ ਆਈ ਸੈਕਰਾਮੈਂਟੋ ਖੇਤਰੀ ਦਫਤਰ ਦੇ ਪ੍ਰਮੁੱਖ ਕਾਰਜਕਾਰੀ ਵਿਸ਼ੇਸ਼ ਏਜੰਟ ਮਾਰਕ ਰੇਮਿਲੀ ਨੇ ਕਿਹਾ ਹੈ ਕਿ ” ਅਸੀਂ ਆਪਣੇ ਭਾਰਤੀ ਮੂਲ ਦੇ ਵਿਅਕਤੀਆਂ ਜਿਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਦੀ  ਸੁਰੱਖਿਆ ਤੇ ਆਰਥਕ ਸੁਰੱਖਿਆ ਨੂੰ ਲੈ ਕੇ ਬੇਹੱਦ ਚਿੰਤਤ ਹਾਂ। ਅਪਰਾਧੀ ਮਿਹਤਨੀ ਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਤੇ ਉਨਾਂ ਕੋਲੋਂ ਫਿਰੌਤੀ ਵਸੂਲਣ ਲਈ ਠੱਗ ਕਿਸਮ ਦੇ ਢੰਗ ਤਰੀਕੇ ਅਪਣਾ ਰਹੇ ਹਨ ਜੋ ਕਿ  ਕਾਨੂੰਨ ਦੀ ਸਪੱਸ਼ਟ ਉਲੰਘਣਾ ਹੈ। ਅਜਿਹੇ ਮਾਮਲਿਆਂ ਦੀ ਸਮੇ ਸਿਰ ਰਿਪੋਰਟ ਕਰਨ ਨਾਲ  ਇਨਫੋਰਮੈਂਟ ਏਜੰਸੀਆਂ ਦੀ ਮੱਦਦ ਹੋਵੇਗੀ ਜੋ ਏਜੰਸੀਆਂ ਸਮੇ ਸਿਰ ਕਾਰਵਾਈ ਕਰਕੇ ਕਾਰੋਬਾਰੀ ਭਾਈਚਾਰੇ ਦੀ ਸੁਰੱਖਿਆ ਯਕੀਨੀ ਕਰ ਸਕਦੀਆਂ ਹਨ।” ਐਫ ਬੀ ਆਈ ਨੇ ਹੋਰ ਕਿਹਾ ਹੈ ਕਿ ਹਾਲ ਹੀ ਵਿਚ ਫਿਰੌਤੀ ਲੈਣ ਦੀਆਂ ਕੋਸ਼ਿਸ਼ਾਂ ਹੋਈਆਂ ਹਨ। ਇਨਾਂ ਮਾਮਲਿਆਂ ਵਿਚ ਵੱਡੀ ਰਕਮ ਮੰਗੀ ਗਈ ਹੈ ਤੇ ਅਜਿਹਾ  ਨਾ ਕਰਨ ‘ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਬਿਆਨ ਵਿਚ  ਕਿਹਾ ਹੈ ਕਿ ਜੇਕਰ ਕਿਸੇ ਨੂੰ ਫੌਰੀ ਖਤਰਾ ਹੋਵੇ ਤਾਂ ਉਹ ਤੁੰਰਤ ਐਫ ਬੀ ਆਈ ਨਾਲ ਸੰਪਰਕ ਕਰੇ ਜਾਂ 911 ‘ਤੇ ਫੋਨ ਕਰੇ।

Show More

Related Articles

Leave a Reply

Your email address will not be published. Required fields are marked *

Close