International

ਪਾਕਿਸਤਾਨ ਨੂੰ ਸੁਰੱਖਿਆ ਸਹਾਇਤਾ ਲਈ ਆਰਥਿਕ ਮਦਦ ਨਹੀਂ ਦੇਵੇਗਾ ਅਮਰੀਕਾ

ਵਾਸ਼ਿੰਗਟਨ-  ਅਮਰੀਕਾ ਨੇ ਪਾਕਿਸਤਾਨ ਨੂੰ ਇੱਕ ਵਾਰ ਫਿਰ ਝਟਕਾ ਦਿੰਦਿਆਂ ਟਰੰਪ ਪ੍ਰਸ਼ਾਸਨ ਦੇ ਪਾਕਿਸਤਾਨ ਨੂੰ ਸੁਰੱਖਿਆ ਸਹਾਇਤਾ ਲਈ ਆਰਥਿਕ ਤੌਰ ’ਤੇ ਮਦਦ ਨਾ ਦੇਣ ਦੇ ਫ਼ੈਸਲੇ ਨੂੰ ਬਾਈਡਨ ਪ੍ਰਸ਼ਾਸਨ ਨੇ ਵੀ ਜਾਰੀ ਰੱਖਿਆ ਹੈ।
ਅਮਰੀਕਾ ਦੇ ਰੱਖਿਆ ਸਕੱਤਰ ਲਾਇਡ ਆਸਟਿਨ ਅਤੇ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਪੈਂਟਾਗਨ ਨੇ ਇਹ ਜਾਣਕਾਰੀ ਦਿੱਤੀ। ਪੈਂਟਾਗਨ ਦੇ ਪ੍ਰੈਸ ਸਕੱਤਰ ਜੌਨ ਕਿਰਬੀ ਨੇ ਇੱਕ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਪਾਕਿਸਤਾਨ ਲਈ ਅਮਰੀਕੀ ਸੁਰੱਖਿਆ ਸਹਾਇਤਾ ਬਾਈਡਨ ਪ੍ਰਸ਼ਾਸਨ ਵਿੱਚ ਵੀ ਮੁਲਤਵੀ ਰਹੇਗੀ।

ਦੱਸ ਦੇਈਏ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਨਵਰੀ 2018 ਵਿੱਚ ਪਾਕਿਸਤਾਨ ਲਈ ਸਾਰੀ ਸੁਰੱਖਿਆ ਸਹਾਇਤਾ ’ਤੇ ਰੋਕ ਲਗਾ ਦਿੱਤੀ ਸੀ। ਇਸ ਦੌਰਾਨ ਉਨ੍ਹਾਂ ਨੇ ਤਰਕ ਦਿੱਤਾ ਸੀ ਕਿ ਉਹ ਅੱਤਵਾਦ ਵਿਰੁੱਧ ਲੜਾਈ ’ਚ ਪਾਕਿਸਤਾਨ ਦੇ ਸਹਿਯੋਗ ਅਤੇ ਭੂਮਿਕਾ ਤੋਂ ਸੰਤੁਸ਼ਟ ਨਹੀਂ ਹਨ। ਕਿਰਬੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਸਟਿਨ ਨੇ ਸਾਂਝੇ ਖੇਤਰੀ ਹਿੱਤਾਂ ਅਤੇ ਉਦੇਸ਼ਾਂ ’ਤੇ ਚਰਚਾ ਕਰਨ ਲਈ ਜਨਰਲ ਬਾਜਵਾ ਨਾਲ ਚਰਚਾ ਕੀਤੀ। ਗੱਲਬਾਤ ਦੌਰਾਨ ਸਕੱਤਰ ਨੇ ਅਫ਼ਗਾਨਿਸਤਾਨ ਸ਼ਾਂਤੀ ਗੱਲਬਾਤ ਲਈ ਪਾਕਿਸਤਾਨ ਦੇ ਸਮਰਥਨ ਦੀ ਸ਼ਲਾਘਾ ਕੀਤੀ ਅਤੇ ਅਮਰੀਕਾ-ਪਾਕਿਸਤਾਨ ਦੁਵੱਲੇ ਸਬੰਧਾਂ ’ਤੇ ਨਿਰਮਾਣ ਜਾਰੀ ਰੱਖਣ ਦੀ ਇੱਛਾ ਪ੍ਰਗਟ ਕੀਤੀ।

ਦੱਸ ਦੇਈਏ ਕਿ ਬੀਤੇ ਦਿਨੀਂ ਅਮਰੀਕੀ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਨ ਨੇ ਜਿਨੇਵਾ ਵਿੱਚ ਆਪਣੇ ਪਾਕਿਸਤਾਨੀ ਹਮਰੁਤਬਾ ਮੋਈਦ ਯੁਸੂਫ਼ ਨਾਲ ਮੁਲਾਕਾਤ ਕੀਤੀ। ਕੌਮੀ ਸੁਰੱਖਿਆ ਪ੍ਰੀਸ਼ਦ ਦੀ ਤਰਜਮਾਨ ਐਮਿਲੀ ਹਾਰਨ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਆਪਸੀ ਹਿੱਤ ਦੇ ਕਈ ਦੁਵੱਲੇ, ਖੇਤਰੀ ਅਤੇ ਵਿਸ਼ਵ ਪੱਧਰੀ ਮੁੱਦਿਆਂ ਅਤੇ ਵਿਹਾਰਕ ਸਹਿਯੋਗ ਨੂੰ ਅੱਗੇ ਵਧਾਉਣ ਦੇ ਤਰੀਕਿਆਂ ’ਤੇ ਚਰਚਾ ਕੀਤੀ। ਉਹ ਗੱਲਬਾਤ ਜਾਰੀ ਰੱਖਣ ’ਤੇ ਸਹਿਮਤ ਹੋਏ ਹਨ।

Show More

Related Articles

Leave a Reply

Your email address will not be published. Required fields are marked *

Close