Punjab

ਸੁਖਪਾਲ ਖਹਿਰਾ ਦੇ ਕਾਂਗਰਸ ਵਿਚ ਮੁੜ ਵਾਪਸੀ ਦੇ ਚਰਚੇ

ਭੁਲੱਥ – ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵੱਲੋਂ ਇਸ ਹਲਕੇ ਤੋਂ ਵਿਧਾਇਕ ਬਣਨ `ਚ ਸਫਲ ਹੋਏ ਸਨ। ਫਿਰ ਉਨ੍ਹਾਂ ਦੇ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਨਾਲ ਸਬੰਧ ਵਧੀਆ ਨਾ ਰਹਿਣ ਕਰ ਕੇ ਉਹ ਪਾਰਟੀ ਛੱਡ ਕੇ ਆਪਣੀ ਵੱਖਰੀ ‘ਪੰਜਾਬ ਏਕਤਾ ਪਾਰਟੀ’ ਬਣਾਈ ਸੀ ਅਤੇ ਦੁਆਬਾ ਛੱਡ ਕੇ ਮਾਲਵੇ ਵਿੱਚ ਜਾ ਕੇ ਆਪਣੀ ਧਾਕ ਜਮਾਉਣ ਲਈ ਉਸ ਪਾਰਟੀ ਵੱਲੋਂ ਬਠਿੰਡਾ ਤੋਂ ਲੋਕ ਸਭਾ ਚੋਣ ਲੜੀ, ਪਰ ਹਾਰ ਜਾਣਪਿੱਛੋਂ ਸਿਆਸਤ ਜਾਰੀ ਰੱਖਦੇ ਹੋਏ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਸਮੇਂ-ਸਮੇਂ ਉੱਤੇ ਆਪਣਾ ਯੋਗਦਾਨ ਵੀ ਪਾਇਆ ਸੀ।
ਤਾਜ਼ਾ ਕਨਸੋਆਂ ਹਨ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਫਿਰ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਪੂਰਾ ਮੂਡ ਬਣਾ ਚੁੱਕੇ ਹਨ, ਜਿਸ ਬਾਰੇ ਕਾਂਗਰਸ ਹਾਈਕਮਾਨ ਨਾਲ ਗੁਪਤ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ। ਉਨ੍ਹਾਂ ਦੇ ਨੇੜਲੇ ਸੂਤਰਾਂ ਮੁਤਾਬਕ ਗੱਲ ਹੋ ਚੁੱਕੀ ਹੈ। ਖਹਿਰਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਹਾਲੇ ਦੋਸ਼ੀ ਨਹੀਂ ਮੰਨਿਆ, ਪਰ ਉਨ੍ਹਾਂ ਨੂੰ ਈ ਡੀ ਨੂੰ 24 ਮਾਰਚ ਨੂੰ ਜਵਾਬ ਦਾਇਰ ਕਰਨਾ ਪਵੇਗਾ।
ਅੱਜਕੱਲ੍ਹ ਖਹਿਰਾ ਕਿਸੇ ਵੀ ਮੰਚ ਉੱਤੇ ਕਾਂਗਰਸ ਦਾ ਕਸੂਰ ਹੁੰਦੇ ਵੀ ਉਸ ਦੇ ਖ਼ਿਲਾਫ਼ ਮੂੰਹ ਖੋਲ੍ਹਣ ਨੂੰ ਮੁਨਾਸਿਬ ਨਹੀਂ ਸਮਝਦੇ, ਜੋ ਉਨ੍ਹਾਂ ਦੇ ਭੱਵਿਖ ਵਿੱਚ ਕਾਂਗਰਸ ‘ਚ ਸ਼ਾਮਲ ਹੋਣ ਦਾ ਸਬੂਤ ਮੰਨਿਆ ਜਾ ਰਿਹਾ ਹੈ। ਓਧਰ ਕਾਂਗਰਸ ਹਾਈਕਮਾਨ ਵੀ ਇਹ ਗੱਲ ਭੁੱਲੀ ਨਹੀਂ ਕਿ ਖਹਿਰਾ ਤੋਂ ਬਿਨਾਂ ਕਾਂਗਰਸ ਦਾ ਕੋਈ ਹੋਰ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਾ ਮੁਕਾਬਲਾ ਇਸ ਹਲਕੇ ਵਿੱਚ ਕਰਨ ਦੇ ਸਮਰੱਥ ਨਹੀਂ, ਇਸ ਕਰ ਕੇ ਏਥੋਂ ਕਾਂਗਰਸ ਵੱਲੋਂ ਖਹਿਰਾ ਦਾ ਪੱਤਾ ਫਿਰ ਖੋਲ੍ਹਣਾ ਸੰਭਵ ਮੰਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਦੇ ਪਰਵਾਰ ਨਾਲ ਵੋਟ ਬੈਂਕ ਜੁੜਿਆ ਹੈ।

Show More

Related Articles

Leave a Reply

Your email address will not be published. Required fields are marked *

Close