National

ਆਪਣੇ ਹੀ ਪੈਸੇ ਕਢਵਾਉਣ ਲਈ ਖੱਜਲ-ਖੁਆਰ ਹੋਏ ਯੈੱਸ ਬੈਂਕ ਦੇ ਖਾਤਾਧਾਰਕ

ਨਵੀਂ ਦਿੱਲੀ: ਵਿੱਤੀ ਸੰਕਟ ਦਾ ਸ਼ਿਕਾਰ ਯੈੱਸ ਬੈਂਕ ਦੇ ਸਹਿਮੇ ਹੋਏ ਗਾਹਕਾਂ ਦੀਆਂ ਬੈਂਕ ਦੇ ਵੱਖ-ਵੱਖ ਏਟੀਐਮਜ਼ ਅੱਗੇ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਹਾਲਾਂਕਿ ਇਸ ਦਾ ਕੋਈ ਫਾਇਦਾ ਉਨ੍ਹਾਂ ਨੂੰ ਨਹੀਂ ਹੋਇਆ ਕਿਉਂਕਿ ਬਹੁਤੀਆਂ ਮਸ਼ੀਨਾਂ ‘ਚ ਪੈਸੇ ਹੀ ਨਹੀਂ ਸਨ।

ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਨੇ ਇਸ ਪ੍ਰਾਈਵੇਟ ਬੈਂਕ ਉਤੇ ਪਾਬੰਦੀ ਲਾ ਦਿੱਤੀ ਹੈ ਤੇ ਤਿੰਨ ਅਪਰੈਲ ਤੱਕ ਸਿਰਫ 50,000 ਰੁਪਏ ਹੀ ਕਢਵਾਏ ਜਾ ਸਕਦੇ ਹਨ। ਹਾਲਾਂਕਿ ਕੁਝ ਗਾਹਕਾਂ ਦਾ ਕਹਿਣਾ ਹੈ ਕਿ ਬੈਂਕ ਦੀਆਂ ਸ਼ਾਖਾਵਾਂ ‘ਚ ਉਨ੍ਹਾਂ ਚੈੱਕ ਰਾਹੀਂ 50,000 ਰੁਪਏ ਕਢਵਾਏ ਹਨ। ਨੈੱਟ ਬੈਂਕਿੰਗ ਸੇਵਾਵਾਂ ਵੀ ਬੰਦ ਹਨ ਤੇ ਕੁਝ ਲੋਕ ਸ਼ਿਕਾਇਤ ਕਰ ਰਹੇ ਹਨ ਕਿ ਉਨ੍ਹਾਂ ਦੇ ਕਰੈਡਿਟ ਕਾਰਡ ਵੀ ਨਹੀਂ ਚੱਲ ਰਹੇ। ਤਕਰੀਬਨ ਛੇ ਮਹੀਨੇ ਪਹਿਲਾਂ ਜਦੋਂ ਰਿਜ਼ਰਵ ਬੈਂਕ ਨੇ ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ ਬੈਂਕ ਉਤੇ ਪਾਬੰਦੀ ਲਗਾ ਕੇ ਖਾਤਾਧਾਰਕਾਂ ਦੀ ਪੈਸੇ ਕੱਢਣ ਦੀ ਹੱਦ 10 ਹਜ਼ਾਰ ਰੁਪਏ ਤੈਅ ਕਰ ਦਿੱਤੀ ਸੀ, ਉਦੋਂ ਤੋਂ ਮੀਡੀਆ ਵਿਚ ਇਕ ਹੋਰ ਬੈਂਕ ‘ਤੇ ਮੰਡਰਾਉਂਦੇ ਖਤਰੇ ਦੀਆਂ ਖਬਰਾਂ ਆ ਰਹੀਆਂ ਸਨ। ਇਹ ਬੈਂਕ ਕੋਈ ਹੋਰ ਨਹੀਂ, ਸਗੋਂ ਯੈੱਸ ਬੈਂਕ ਹੀ ਸੀ। ਇਸ ਬੈਂਕ ਦੇ ਖਾਤਾਧਾਰਕਾਂ ਉਤੇ ਰਿਜ਼ਰਵ ਬੈਂਕ ਆਫ ਇੰਡੀਆ ਨੇ 3 ਅਪ੍ਰੈਲ, 2020 ਤੱਕ ਪੈਸੇ ਕਢਵਾਉਣ ਦੀ ਹੱਦ 50 ਹਜ਼ਾਰ ਰੁਪਏ ਨਿਸਚਤ ਕਰ ਦਿੱਤੀ ਹੈ।
ਇਸ ਖਬਰ ਦੇ ਆਉਂਦਿਆਂ ਹੀ ਚੁਫੇਰੇ ਅਫਰਾ-ਤਫਰੀ ਮਚ ਗਈ। ਯੈੱਸ ਬੈਂਕ ਦੀਆਂ ਦੇਸ਼ ਦੇ 28 ਰਾਜਾਂ ਅਤੇ 9 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਕਰੀਬ ਇਕ ਹਜ਼ਾਰ ਸ਼ਾਖਾਵਾਂ ਹਨ ਅਤੇ ਦੇਸ਼ ਵਿਚ ਕਰੀਬ 1800 ਏ.ਟੀ.ਐਮ. ਹਨ। ਹਜ਼ਾਰਾਂ ਲੋਕਾਂ ਵਿਚ ਇਹ ਦਹਿਸ਼ਤ ਹੈ ਕਿ ਪਤਾ ਨਹੀਂ ਹੁਣ ਕੀ ਹੋਵੇਗਾ? ਹਾਲਾਂ ਕਿ ਆਰ.ਬੀ.ਆਈ. ਨੇ ਲੋਕਾਂ ਨੂੰ ਪਰੇਸ਼ਾਨ ਨਾ ਹੋਣ ਦੀ ਅਪੀਲ ਦਿੱਤੀ ਹੈ ਅਤੇ ਸਰਕਾਰ ਨੇ ਵੀ ਇਸ਼ਾਰਾ ਕੀਤਾ ਹੈ ਕਿ ਐਸ਼ਬੀ.ਆਈ. ਬੈਂਕ ਮਦਦ ਲਈ ਅੱਗੇ ਆ ਸਕਦਾ ਹੈ। ਅਜੇ ਤੱਕ ਆਰ.ਬੀ.ਆਈ. ਨੇ ਇਸ ਬੈਂਕ ਦੀ ਖਰਾਬ ਵਿੱਤੀ ਹਾਲਤ ਨੂੰ ਵੇਖਦਿਆਂ ਇਸ ਬੈਂਕ ਦੇ ਨਿਰਦੇਸ਼ਕ ਬੋਰਡ ਨੂੰ ਭੰਗ ਕਰਨ ਤੋਂ ਬਾਅਦ ਜਿਸ ਸ਼ਖਸ ਪ੍ਰਸ਼ਾਂਤ ਕੁਮਾਰ ਨੂੰ ਯੈੱਸ ਬੈਂਕ ਦਾ ਪ੍ਰਬੰਧਕ ਨਿਯੁਕਤ ਕੀਤਾ ਹੈ, ਉਹ ਪਹਿਲਾਂ ਐਸ਼ਬੀ.ਆਈ. ਦਾ ਸਾਬਕਾ ਮੁੱਖ ਵਿੱਤੀ ਅਧਿਕਾਰੀ ਰਿਹਾ ਹੈ। ਇਸ ਨਾਲ ਇਹ ਲੱਗ ਰਿਹਾ ਹੈ ਕਿ ਐਸ਼ਬੀ.ਆਈ. ਯੈੱਸ ਬੈਂਕ ਦੀ ਕੁਝ ਹਿੱਸੇਦਾਰੀ ਖਰੀਦ ਕੇ ਇਸ ਨੂੰ ਫਿਲਹਾਲ ਇਸ ਸੰਕਟ ਤੋਂ ਕੱਢ ਲਵੇਗਾ। ਪਰ ਬੈਂਕ ਦੇ ਆਮ ਖਾਤਾਧਾਰਕਾਂ ਨੂੰ ਇਨ੍ਹਾਂ ਗੱਲਾਂ ਨਾਲ ਲੈਣਾ-ਦੇਣਾ ਨਹੀਂ ਹੁੰਦਾ ਕਿ ਉਨ੍ਹਾਂ ਦੇ ਬੈਂਕ ਦੀ ਮਦਦ ਕੌਣ ਕਰੇਗਾ? ਉਨ੍ਹਾਂ ਲਈ ਬੁਨਿਆਦੀ ਸਮੱਸਿਆ ਇਹ ਹੈ ਕਿ ਬੈਂਕ ਵਿਚ ਜਮ੍ਹਾਂ ਰਕਮ ਕਿਤੇ ਡੁੱਬ ਤਾਂ ਨਹੀਂ ਜਾਵੇਗੀ? ਸਾਲ 2004 ਵਿਚ ਸਥਾਪਿਤ ਦੇਸ਼ ਦੇ ਇਸ ਚੌਥੇ ਸਭ ਤੋਂ ਵੱਡੇ ਨਿੱਜੀ ਬੈਂਕ ਦਾ ਵਿੱਤੀ ਸਾਲ 2017-18 ਵਿਚ ਸ਼ੁੱਧ ਲਾਭ 11,79.44 ਕਰੋੜ ਸੀ, ਜੋ ਕਿ 2016-17 ਦੇ ਕੁੱਲ ਲਾਭ 914.12 ਕਰੋੜ ਨਾਲੋਂ 29 ਫੀਸਦੀ ਜ਼ਿਆਦਾ ਸੀ। ਸਵਾਲ ਇਹ ਹੈ ਕਿ ਆਖਰ ਪਿਛਲੇ ਇਕ-ਡੇਢ ਸਾਲ ਅੰਦਰ ਅਜਿਹਾ ਕੀ ਹੋਇਆ ਹੈ ਕਿ ਬੈਂਕ ਦੇ ਸ਼ੇਅਰ ਦੀ ਕੀਮਤ ਸਿਰਫ ਦੋ ਦਿਨ ਪਹਿਲਾਂ ਦੇ ਮੁਕਾਬਲੇ 50 ਫੀਸਦੀ ਤੱਕ ਰਹਿ ਗਈ ਹੈ।

Show More

Related Articles

Leave a Reply

Your email address will not be published. Required fields are marked *

Close